24 ਦਸੰਬਰ, 1704 : ਬੀਬੀ ਸ਼ਰਨ ਕੌਰ ਦੀ ਸ਼ਹੀਦੀ
24 ਦਸੰਬਰ, 1704 ਨੂੰ ਬਹਾਦਰ ਬੀਬੀ ਸ਼ਰਨ ਕੌਰ ਨੇ – ਚਮਕੌਰ ਦੀ ਜੰਗ ਵਿੱਚ – ਸ਼ਹੀਦ ਹੋਏ 2 ਸਾਹਿਬਜ਼ਾਦੇ 3 ਪਿਆਰਿਆਂ ਤੇ ਸ਼ਹੀਦ ਹੋਏ ਸਿੰਘਾਂ ਦੇ ਪਵਿੱਤਰ ਸਰੀਰਾਂ ਦਾ ਆਖਰੀ ਸੰਸਕਾਰ ਕੀਤਾ ਤੇ ਬਾਅਦ ਵਿੱਚ ਬੀਬੀ ਜੀ ਨੂੰ ਦੁਸ਼ਮਨਾਂ ਨੇ ਸ਼ਹੀਦ ਕਰ ਦਿੱਤਾ।
ਬੀਬੀ ਸ਼ਰਨ ਕੌਰ ਉਹ ਮਹਾਨ ਸ਼ਹੀਦ ਸਿੰਘਣੀ ਹੋਈ ਹੈ ਜਿਸ ਨੇ ਚਮਕੌਰ ਦੇ ਮੈਦਾਨੇ ਜੰਗ ਵਿਚ ਅੱਧੀ ਰਾਤੀ ਬਰਫੀਲੀ ਰਾਤ ਵਿੱਚ ਵੈਰੀ ਦਲ ਦੇ ਲਸ਼ਕਰ ਦੇ ਪਹਿਰੇਦਾਰਾਂ ਨੂੰ ਚੀਰਦੀ ਆਈ । ਸਿੰਘਾਂ ਦੇ ਸਰੀਰ ਕੜਿਆਂ ਤੋ ਪਛਾਣ ਕੇ ਇਕੱਠੇ ਕਰਕੇ ਉਨ੍ਹਾਂ ਦਾ ਸਤਿਕਾਰ ਸਹਿਤ ਸਸਕਾਰ ਕਰ ਕੇ ਮਹਾਨ ਕਰਤੱਵ ਨਿਭਾਇਆ । ਸ਼ਰਨ ਕੌਰ ਹਰੀ ਦੀ ਸ਼ਰਨ ਵਿਚ ਬਿਰਾਜ ਗਈ । ਆਪਣੇ ਪੰਥਕ ਭਰਾਵਾਂ ਦੀ ਅੰਤਮ ਸੇਵਾ ਨਿਭਾਉਂਦੀ ਸੱਚਖੰਡ ਜਾ ਪੁੱਜੀ । ਮਹਾਨ ਕਰਤੱਵ ਕਰ ਦਸ ਗਈ ਕਿ ਸਿੱਖ ਇਸਤਰੀਆਂ ਦੇ ਦਿਲਾਂ ਵਿੱਚ ਕੌਮ ਪ੍ਰਤੀ ਕਿੰਨੀ ਸ਼ਰਧਾ ਤੇ ਪਿਆਰ ਹੋਣਾ ਚਾਹੀਦਾ ਹੈ । ਆਪਣੀ ਸੂਰਮਤਾ , ਨਿਰਭੈਅਤਾ ਤੇ ਜੁਰਅਤ ਦਾ ਆਦਰਸ਼ ਬਣ ਕੇ ਸ਼ਹੀਦੀ ਜਾਮ ਪੀਤਾ ਤੇ ਆਉਣ ਵਾਲੀਆਂ ਪੀੜੀਆਂ ਨੂੰ ਦੱਸ ਗਈ ਕਿ ਸਿੱਖ ਇਸਤਰੀਆਂ ਕਿੰਨੀਆਂ ਦਲੇਰ , ਬਹਾਦਰ , ਨਿਡਰ ਤੇ ਦ੍ਰਿੜ ਸੰਕਲਪ ਹੋਣੀਆਂ ਚਾਹੀਦੀਆਂ ਹਨ ਤੇ ਦਸ਼ਮੇਸ਼ ਪਿਤਾ ਦੀਆਂ ਅੰਮ੍ਰਿਤਧਾਰੀ ਪੁੱਤਰੀਆਂ ਪੰਥਕ ਆਨ ਤੇ ਸ਼ਾਨ ਲਈ ਕੁਰਬਾਨ ਹੋਣ ਵਿੱਚ ਮਰਦਾਂ ਨਾਲੋਂ ਕਿਸੇ ਤਰ੍ਹਾਂ ਘੱਟ ਨਹੀਂ ਹੁੰਦੀਆਂ । ਜਿਸ ਦੀ ਉਦਾਹਰਨ ਕੁਝ ਦਹਾਕਿਆਂ ਬਾਅਦ ਬੀਬੀਆਂ ਨੇ ਮੀਰ ਮੰਨੂੰ ਦੇ ਤਸੀਹੇ ਤੇ ਕਸ਼ਟ ਖਿੜੇ ਮੱਥੇ ਝਲ ਕੇ ਪੇਸ਼ ਕਰ ਦਿੱਤੀ ।
ਚਮਕੌਰ ਦੀ ਗੜੀ ਵਿੱਚੋਂ ਗੁਰੂ ਜੀ ਪੰਜਾਂ ਪਿਆਰਿਆਂ ਦਾ ਗੁਰਮਤਾ ਮੰਨ ਕੇ ਗੁਰੂ ਜੀ ਆਪਣਾ ਬਾਣਾ ਤੇ ਕਲਗੀ ਭਾਈ ਸੰਗਤ ਸਿੰਘ ਨੂੰ ਪਹਿਣਾ ਕੇ ਇਥੇ ਭਾਈ ਆਲਮ ਸਿੰਘ , ਝੰਡਾ ਬਰਦਾਰ ਤੇ ਸੰਗਤ ਸਿੰਘ ਨੂੰ ਏਥੇ ਛੱਡ ਗਏ । ਭਾਈ ਦਯਾ ਸਿੰਘ ਭਾਈ ਧਰਮ ਸਿੰਘ ਤੇ ਭਾਈ ਮਾਨ ਸਿੰਘ ਨੇ ਤਿੰਨਾਂ ਦਿਸ਼ਾਵਾਂ ਵਿਚ ਜਾ ਤਾੜੀ ਵਜਾਈ ਤੇ ਵਾਰੀ ਵਾਰੀ ਕਹੀ ਗਏ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਫੜ ਲਓ ! ਨਾਲ ਜੈਕਾਰੇ ਛੱਡੀ ਗਏ ਬੋਲੇ ਸੋ ਨਿਹਾਲ ! ਜੈਕਾਰਿਆਂ ਦਾ ਉਤਰ ਗੜੀ ਵਾਲੇ ਸਿੰਘ ਵੀ ਦੇਂਦੇ ਸਨ । ਰਾਤ ਚੁਪ ਚਾਪ ਵਿਚ ਗੂੰਜਾਂ ਪੈਣ ਨਾਲ ਮੁਗਲ ਸੈਨਾ ਘਾਬਰੀ ਤੇ ਅਬੜਵਾਹੀ ਉੱਠੀ ਜੋ ਹੱਥ ਵਿਚ ਆਇਆ ਹਨੇਰੇ ਵਿਚ ਇਕ ਦੂਜੇ ਦੀ ਵਾਢੀ ਕਰਨ ਲੱਗੇ ਪਤਾ ਨਾ ਲੱਗਾ ਕਿ ਵੈਰੀ ਕਿਹੜਾ ਹੈ ਆਪਣਾ ਕਿਹੜਾ ਹੈ।ਉਧਰ ਇਨ੍ਹਾਂ ਦੀ ਤਬਾਹੀ ਮੱਚੀ ਹੋਈ ਸੀ । ਹਾਰ ਕੇ ਇਨ੍ਹਾਂ ਨੂੰ ਪਤਾ ਲੱਗਾ ਤਾਂ ਸਮਝ ਕੇ ਹੱਟ ਗਏ । ਸਿਆਲ ਦੀ ਸਭ ਤੋਂ ਲੰਮੀਆਂ ਰਾਤਾਂ ਫਿਰ ਸੌਂ ਗਏ ।
ਇਕ ਮੁਟਿਆਰ ਕੁੜੀ, ਸ਼ਰਨ ਕੌਰ, ਹੱਥ ਵਿੱਚ ਦੀਵਾ ਲਈ ਫਿਰਦੀ ਹੈ । ਮੀਲਾਂ ਵਿਚ, ਹੁਣ ਅਧੀ ਕੁ ਰਾਤ ਤੋਂ ਜ਼ਿਆਦਾ ਦਾ ਸਮਾਂ ਸੀ।ਚੌਹੀਂ ਪਾਸੀ ਘੁੱਪ ਹਨੇਰਾ ਸੀ । ਜਿਥੇ ਸਾਰਾ ਦਿਨ ਤਲਵਾਰਾਂ ਦੀ ਛਨਕਾਰ ਦਾ ਬਰਛਿਆਂ ਦਾ ਟੁੱਟ – ਭੱਜਣ ਦਾ ਖੜਕਾ ਹੁੰਦਾ ਰਿਹਾ । ਜ਼ਖਮੀਆਂ ਤੇ ਮਰਨ ਵਾਲਿਆਂ ਦੀਆਂ ਚੀਖਾਂ ਘੋੜਿਆਂ ਦੀਆਂ ਟਾਪਾਂ ਦਾ ਖੜਕਾ ਬੰਦ ਹੋ ਚੁੱਪ ਚਾਪ ਦਾ ਵਾਤਾਵਰਨ ਸੀ । ਸਵਾਏ ਲੋਥਾਂ ਦੇ ਢੇਰਾਂ ਤੋਂ ਹੋਰ ਕੁਝ ਨਹੀਂ ਦਿੱਸਦਾ । ਇਕ ਮੁਟਿਆਰ ਸ਼ਰਨ ਕੌਰ ਹੱਥ ਵਿੱਚ ਦੀਵਾ ਲਈ ਫਿਰਦੀ ਹੈ ।ਮੀਲਾਂ ਵਿੱਚ ਖਿਲਰੀਆਂ ਲੋਥਾਂ ਨੂੰ ਚੀਰ ਕੇ ਲੰਘ ਚਮਕੌਰ ਦੀ ਗੜੀ ਆ ਪੁੱਜੀ । ਇਸ ਲਹੂ ਭਿਜੀ ਰਣ ਭੂਮੀ ਵਿਚ ਇਸ ਵੇਲੇ ਇਕ ਇਕੱਲੀ ਔਰਤ ? ਫਿਰ ਪਸ਼ੂਆਂ ਤੇ ਮੁਰਦਿਆਂ ਦੀਆਂ ਲੋਥਾਂ ਦੇ ਅੰਬਾਰ ਲੱਗੇ ਹੋਣ । ਜਿਨ੍ਹਾਂ ਲੋਥਾਂ ਨੂੰ ਵੇਖ ਕੇ ਮਨੁੱਖਾਂ ਦਾ ਦਿਲ ਧੜਕਣ ਲੱਗ ਪੈਂਦਾ ਹੈ । ਉਥੇ ਰਾਤ ਸ਼ਾਹੀ ਲਸ਼ਕਰ ਦੇ ਕਰੜੇ ਪਹਿਰੇ ਨੂੰ ਆਦਮੀ ਕੀ ਪੰਛੀ ਲਈ ਚੀਰਨਾ ਮੁਸ਼ਕਲ ਹੈ ਇਸ ਬਹਾਦਰ ਇਸਤਰੀ ਦਾ ਹੀ ਕੰਮ ਏਵੇ ਰਾਤ ਦੇ ਹਨੇਰੇ ਵਿਚੋਂ ਵੈਰੀਆਂ ਦੇ ਦਲਾਂ ਵਿਚੋਂ ਨਿਰਭੈ ਹੋ ਕੇ ਲੰਘ ਕੇ ਆਉਣਾ ।
ਕਚੀ ਗੜੀ ਕੋਲ ਪੁਜਦਿਆਂ ਲੋਥਾਂ ਫੋਲਣੀਆਂ ਸ਼ੁਰੂ ਕਰ ਦਿੱਤੀਆਂ । ਹਰ ਵਾਲਾਂ ਵਾਲੀ ਲੋਥ ਨੂੰ , ਕੜੇ ਵਾਲੀ ਬਾਹ ਨੂੰ ਲੱਭਦੀ ਹੈ । ਇਸ ਥਾਂ ਲਾਗੇ ਇਕ ਆਜੜੀਆਂ ਦਾ ਵਾੜਾ ਸੀ । ਜਿਥੇ ਸੈਂਕੜੇ ਮਣ ਕੰਡਿਆਂ ਵਾਲੇ ਛਾਪੇ ਇਕੱਠੇ ਕਰਕੇ ਭੇਡਾਂ ਦਾ ਵਾੜਾ ਬਣਾਇਆ ਹੋਇਆ । ਉਨ੍ਹਾਂ ਵਿੱਚ ਜੰਗਲੀ ਜਾਨਵਰ ਬਹੁਤ ਹੁੰਦੇ ਸਨ, ਇਸ ਲਈ ਬਹੁਤ ਛਾਪੇ ਤੇ ਕੰਡੇਦਾਰ ਰੁਖ਼ ਵੱਢ ਕੇ ਸੁਟੇ ਹੋਏ ਸਨ । ਇਸ ਤਰ੍ਹਾਂ ਸਾਰੇ ਸਿੱਖਾਂ ਦੇ ਸਰੀਰ ਇਕੱਠੇ ਕਰਦੀ ਤੇ ਨਾਲ ਕਹਿੰਦੀ “ਹੇ ਲਹੂ ਤੇ ਮਿੱਟੀ ਵਿਚ ਸੌਣ ਵਾਲਿਓ ਸ਼ਹੀਦੋ । ਤੁਹਾਨੂੰ ਪਰਨਾਮ ! ਤੁਸੀਂ ਧੰਨ ਹੋ । ਜਿਹੜੇ ਜ਼ਾਲਮਾਂ ਤੇ ਜਰਵਾਨਿਆ ਦੇ ਖਿਲਾਫ ਲੜਦੇ ਹੋਏ ਜੂਝੇ ਹੋ ! ਹੇ ਧਰਮ ਦੀ ਸ਼ਮਾਂ ਦੇ ਪਰਵਾਨਿਉ ! ਤੁਸੀਂ ਮਾਤਭੂਮੀ ਦੀ ਸੁਤੰਤਰਤਾ ਲਈ ਉਠੇ ਹੋ ਤੇ ਸ਼ਹੀਦੀ ਜਾਮ ਪੀਤੇ ਹਨ । ਤੁਸੀਂ ਧਰਮ ਹੇਠ ਗੁਰੂ ਜੀ ਦੇ ਸਨਮੁਖ ਜ਼ਾਲਮ ਨਾਲ ਲੋਹਾ ਲੈਂਦੇ ਪ੍ਰਾਣ ਦਿੱਤੇ । ਸ਼ੇਰੋ ਵੀਰਿਓ ! ਤੁਹਾਡੀ ਮੰਦ ਭਾਗੀ ਭੈਣ ਜੋ ਦਿਨ ਵੇਲੇ ਹਾਜ਼ਰ ਨਹੀਂ ਹੋ ਸਕੀ ਭਾਵੇ ਉਪਰਾਲਾ ਕਰਦੀ ਰਹੀ ਹੈ । ਇਸ ਵੇਲੇ ਹਾਜ਼ਰ ਹੋ ਕੇ ਤੁਹਾਡੇ ਪਵਿੱਤਰ ਸਰੀਰਾਂ ਨਾਲ ਛੋਹ ਪ੍ਰਾਪਤ ਕਰਕੇ ਆਪਣੇ ਆਪ ਨੂੰ ਸ਼ੁਭ ਜਾਣ ਤੇ ਆਪ ਦੇ ਪਵਿਤਰ ਸਰੀਰਾਂ ਨੂੰ ਠਿਕਾਣੇ ਲਾ ਕੇ ਸਸਕਾਰ ਕਰ ਸਕਾਂ। ਇਨ੍ਹਾਂ ਕਮੀਨੇ ਤੇ ਦੁਸ਼ਟਾਂ ਨੂੰ, ਇਨ੍ਹਾਂ ਲੋਥਾਂ ਦੀ ਬੇਅਦਬੀ ਦਾ ਸਮਾਂ ਨਾ ਦੇਵੇ ।
ਇਸ ਤਰ੍ਹਾਂ ਉਸ ਨੇ ਕਈ ਘੰਟਿਆਂ ਦੀ ਕਰੜੀ ਮਿਹਣਤ ਪਿਛੋਂ ਤੀਹ ਪੈਂਤੀ ਸਿੰਘਾਂ ਦੇ ਸਰੀਰ ਇਕੱਠੇ ਕਰਨ ਵਿਚ ਸਫਲ ਹੋਈ । ਇਸ ਤਰ੍ਹਾਂ ਸਿੱਖ ਵੀਰਾਂ ਦੀ ਲੋਥਾਂ ਲੱਭ ਲੱਭ ਕੇ ਵਾੜੇ ਤੱਕ ਲਿਆਉਂਦਿਆਂ ਲੱਕ ਦਰਦ, ਬਾਹਵਾਂ ਦਰਦ ਉਤੋਂ ਬਰਫੀਲੀ ਰਾਤ ਸੀ ਤਾਂ ਅੰਗ ਸੁੰਨ ਤੇ ਸੁਸਤ ਹੋ ਗਏ ਪਰ ਸਿਰੜ ਤੇ ਹੌਸਲਾ ਨਹੀਂ ਛੱਡਿਆ । ਕੋਈ ਡਰ ਨਹੀਂ ਭੈ ਨਹੀਂ ਲੋਥਾਂ ਵਿਚੋਂ ਲੱਖਾਂ ਵੈਰੀਆਂ ਦਾ ਕੋਈ ਖੌਫ ਨਹੀਂ ਖਾਧਾ । ਦਿਲ ਵਿਚ ਇਹੋ ਹੀ ਤਮੰਨਾ ਹੈ ਕਿ ਦਿਨ ਚੜਨ ਤੋਂ ਪਹਿਲਾਂ ਸ਼ਹੀਦਾਂ ਦਾ ਸਸਕਾਰ ਕੀਤਾ ਜਾ ਸਕੇ ।
ਉਧਰੋ ਪੂਰਬ ਵੱਲੋਂ ਲੋਅ ਹੋਣ ਲੱਗੀ ਹੈ । ਦੀਵਾ ਫੜੀ ਫਿਰਦੀ ਸਿਪਾਹੀ ਪਤਾ ਨਹੀਂ ਕੀ ਕੀ ਸਮਝਦੇ ਹੋਣਗੇ ਕਿ ਕੋਈ ਚੁੜੇਲ ਜਾਂ ਬਾਹਰ ਦੀ ਸ਼ੈ ਹੈ ਡਰਦੇ ਵੀ ਹੋਣਗੇ । ਲਾਗੇ ਵੀ ਨਹੀਂ ਜਾਂਦੇ । ਬੀਬੀ ਨੇ ਅਰਦਾਸ ਕਰਕੇ ਬਾਲਣ ਨੂੰ ਅੱਗ ਲਾ ਦਿੱਤੀ ਹੈ । ਲਾਗੇ ਪਾਠ ਕਰਨਾ ਸ਼ੁਰੂ ਕਰ ਦਿੱਤਾ ਹੈ ਸ੍ਰੀ ਸਾਹਿਬ ਨੰਗੀ ਕਰਕੇ ਹੱਥ ਵਿਚ ਫੜ ਲਈ ਹੈ ਠੰਡ ਨਾਲ ਠਰੂੰ – ਠਰੂੰ ਕਰਦੇ ਹੱਥਾਂ ਤੇ ਸਰੀਰ ਨੂੰ ਕੁਝ ਨਿੱਘ ਮਿਲਿਆ । ਸਰੀਰ ਕਾਇਮ ਹੋ ਗਿਆ ਚੰਡੀ ਬਣੀ ਪਈ ਹੈ ਪਾਠ ਕਰੀ ਜਾਂਦੀ ਹੈ । ਚਿਖਾ ਦੇ ਦੁਆਲੇ ਚੱਕਰ ਕੱਢੀ ਜਾਂਦੀ ਹੈ । ਅੱਗ ਦੇ ਭਾਂਬੜ ਮਚ ਉਠੇ।ਵੈਰੀ ਦਲ ਵੇਖ ਕੇ ਹੈਰਾਨ ਹੋ ਗਿਆ ਤੇ ਅਸਚਰਜ ਵੀ ਹੈ ਕਿ ਇਕੱਲੀ ਕਿੰਨੀ ਦਲੇਰੀ ਤੇ ਜੁਅਰਤ ਨਾਲ ਲਹੂ ਭਰੀ ਰਣ ਭੂਮੀ ਵਿਚ ਨਿਧੜਕ ਟਹਿਲ ਰਹੀ ਹੈ ।
ਕਦੀ ਵਿੱਚ ਡੰਡੇ ਨਾਲ ਅੱਗ ਨੂੰ ਹਿਲਾ ਵੀ ਦਿੰਦੀ ਹੈ । ਕੁਝ ਸਿਪਾਹੀ ਇਸ ਵਲ ਆਏ ਤਾਂ ਕਿਹਾ ਤੂੰ ਕੋਣ ਹੈ ? ਕੀ ਕਰਨ ਆਈ ਹੈ ? ਬਹਾਦਰ ਸ਼ਰਨ ਕੌਰ ਨੇ ਨੰਗੀ ਕਿਰਪਾਨ ਹਲਾਂਉਦਿਆਂ ਕਿਹਾ ਕਿ ਗੁਰੂ ਦਸਮੇਸ਼ ਦੀ ਪੁੱਤਰੀ ਸ਼ਰਨ ਕੌਰ ਹਾਂ । ਆਪਣੇ ਵੀਰਾਂ ਦੇ ਸਰੀਰਾਂ ਦਾ ਸਸਕਾਰ ਕਰਨ ਆਈ ਹਾਂ । ਫਿਰ ਉਨ੍ਹਾਂ ਪੁਛਿਆ ਤੈਨੂੰ ਖੌਫ ਨਹੀਂ ਆਉਂਦਾ ? ਬੀਬੀ ਜੀ ਕਿਹਾ ਖੌਫ ਗੁਰੂ ਦੇ ਸਿੱਖਾਂ ਪਾਸੋਂ ਕੋਹਾਂ ਦੂਰ ਰਹਿੰਦਾ ਹੈ । ਇਕ ਸਿਪਾਹੀ ਅੱਗੇ ਵਧਿਆ ਬੀਬੀ ਨੇ ਉਸ ਦੀ ਕਿਰਪਾਨ ਵਾਲੀ ਬਾਂਹ ਤੇ ਕਿਰਪਾਨ ਮਾਰ ਬਾਂਹ ਵੱਢ ਸੁਟੀ। ਹੁਣ ਸਾਰੇ ਸਿਪਾਹੀ ਇਕ ਦਮ ਬੀਬੀ ਤੇ ਟੁੱਟ ਪਏ ਬੀਬੀ ਨੇ ਇਕ ਦੋਹਾਂ ਦੇ ਸਿਰ ਕੱਟ ਦਿੱਤੇ । ਪਰ ਵੈਰੀਆਂ ਨੇ ਉਸ ਨੂੰ ਚੁੱਕ ਜੀਉਂਦੀ ਨੂੰ ਅੱਗ ਵਿਚ ਸੁੱਟ ਕੇ ਸ਼ਹੀਦ ਕਰ ਦਿੱਤਾ ।
ਇਨ੍ਹਾਂ ਮਹਾਨ ਸਿੱਖ ਬੀਬੀਆਂ ਦੇ ਪੂਰਨਿਆਂ ਤੇ ਚਲ ਕੇ ਮੀਰ ਮੰਨੂੰ ਵੇਲੇ ਉਹ ਬੀਬੀਆਂ ਵੀ ਇਨ੍ਹਾਂ ਵਾਂਗ ਨਿਰਭੈ ਅਣਖ ਤੇ ਸਵੈਮਾਨ ਤੇ ਦ੍ਰਿੜ ਵਿਸ਼ਵਾਸ਼ ਤੇ ਖੜੋ ਪੱਟੀ ਦੀਆਂ ਜੇਲਾਂ ਵਿੱਚ ਕਸ਼ਟ ਝੱਲੇ , ਬੱਚਿਆਂ ਤੇ ਟੋਟੇ ਕਰਾ ਗੱਲਾਂ ਵਿੱਚ ਹਾਰ ਪਵਾ ਸਿੱਖ ਇਤਿਹਾਸ ਨੂੰ ਚਾਰ ਚੰਦ ਲਾਏ ਅਕਾਲ ਪੁਰਖ ਦਾ ਭਾਣਾ ਮਿੱਠਾ ਤੇ ਪਿਆਰਾ ਕਰ ਕੇ ਮੰਨਿਆ ਤੇ ਸਿੱਖੀ ਕੇਸਾਂ ਸੁਆਸਾਂ ਸੰਗ ਨਿਭਾਈ ।