ਮਃ ੧ ॥
ਨਾਨਕ ਬੋਲਣੁ ਝਖਣਾ ਦੁਖ ਛਡਿ ਮੰਗੀਅਹਿ ਸੁਖ ॥
ਸੁਖੁ ਦੁਖੁ ਦੁਇ ਦਰਿ ਕਪੜੇ ਪਹਿਰਹਿ ਜਾਇ ਮਨੁਖ ॥
ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ ॥ਮਹਲਾ ੧ – ਗੁਰੂ ਨਾਨਕ ਦੇਵ ਜੀ
ਰਾਗ ਮਾਝ ਅੰਗ ੧੪੯ (149)
ਗੁਰੂ ਨਾਨਕ ਸਾਹਿਬ ਜੀ ਕਹਿੰਦੇ ਹਨ ਕਿ – ਇਹ ਜੋ ਦੁਖ ਛੱਡ ਕੇ ਸੁਖ ਪਏ ਮੰਗਦੇ ਹਨ, ਅਜੇਹਾ ਬੋਲਣਾ ਸਿਰ ਖਪਾਈ ਹੀ ਹੈ, ਕਿਉਂਕਿ – ਸੁਖ ਤੇ ਦੁਖ ਦੋਵੇਂ ਕੁਦਰਤਿ ਦੇ ਦਰ ਤੋਂ ਕੱਪੜੇ ਮਿਲੇ ਹੋਏ ਹਨ ਜੋ, ਮਨੁੱਖ ਜਨਮ ਲੈ ਕੇ ਇਥੇ ਪਹਿਨਦੇ ਹਨ, ਭਾਵ – ਦੁੱਖਾਂ ਦੇ ਸੁਖਾਂ ਤੇ ਚੱਕਰ ਹਰੇਕ ਉੱਤੇ ਆਉਂਦੇ ਹੀ ਰਹਿੰਦੇ ਹਨ।
ਸੋ ਜਿਸ ਕੁਦਰਤੀ ਵਿਧਾਨ ਦੇ ਸਾਹਮਣੇ ਇਤਰਾਜ਼ ਗਿਲਾ ਕੀਤਿਆਂ ਅੰਤ ਹਾਰ ਹੀ ਮੰਨਣੀ ਪੈਂਦੀ ਹੈ ਓਥੇ ਚੁੱਪ ਰਹਿਣਾ ਹੀ ਚੰਗਾ ਹੈ ਭਾਵ ਕੁਦਰਤਿ ਦੀ ਰਜ਼ਾ ਵਿਚ ਤੁਰਨਾ ਸਭ ਤੋਂ ਚੰਗਾ ਹੈ ।
24 ਅਗਸਤ, 1886 : ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲੇ ਦਾ ਜਨਮ
ਸ਼ਹੀਦ ਸਰਦਾਰ ਸੇਵਾ ਸਿੰਘ ਠੀਕਰੀਵਾਲੇ ਦਾ ਜਨਮ, ਬਰਨਾਲਾ ਜਿਲ੍ਹੇ ਦੇ ਪਿੰਡ ਠੀਕਰੀਵਾਲਾ ਵਿਖੇ ਸਰਦਾਰ ਦੇਵਾ ਸਿੰਘ ਅਤੇ ਬੀਬੀ ਹਰ ਕੌਰ ਦੇ ਗ੍ਰਹਿ ਵਿਖੇ 24 ਅਗਸਤ, 1886 ਵਾਲੇ ਦਿਨ ਹੋਇਆ।
ਸਿੰਘ ਸਭਾ ਲਹਿਰ ਦੇ ਪ੍ਰਭਾਵ ਅਧੀਨ ਆਪ ਨੇ ਆਪਣੇ ਜੀਵਨ ਦਾ ਨਿਸ਼ਾਨਾ ਸਿੱਖ ਧਰਮ ਦਾ ਪ੍ਰਚਾਰ, ਸਮਾਜ ਸੁਧਾਰ ਅਤੇ ਕੌਮ ਲਈ ਸੰਘਰਸ਼ ਮਿੱਥ ਲਿਆ। ਫੇਰ ਕੀ ਸੀ, ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਨੇ ਸਮਾਜ ਵਿੱਚੋਂ ਨਸ਼ਿਆਂ ਦੀ ਲਾਹਣਤ ਨੂੰ ਜੜੋੰ ਉਖਾੜਨਾ ਦੇ ਨਾਲ਼ੋਂ ਨਾਲ ਵਿਆਹਾਂ-ਸ਼ਾਦੀਆਂ ਸਮੇਂ ਫਜ਼ੂਲ-ਖਰਚੀ ਅਤੇ ਹੋਰ ਸਮਾਜਿਕ ਬੁਰਾਈਆਂ ਵਿਰੁੱਧ ਜੰਮ ਕੇ ਆਵਾਜ਼ ਬੁਲੰਦ ਕਰਣੀ ਸ਼ੁਰੂ ਕਰ ਦਿੱਤੀ।
1920 ਵਿਚ ਆਪ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੈਕੇਟਿਵ ਕਮੇਟੀ ਦੇ ਮੈਂਬਰ ਬਣਾਇਆ ਗਿਆ ਅਤੇ ਇਸੇ ਹੀ ਸਾਲ ਆਪ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਵੀ ਚੁਣੇ ਗਏ।
1925 ਵਿਚ ਗੁਰਦੁਆਰਾ ਐਕਟ ਬਣਾਇਆ ਗਿਆ ਜਿਸ ਦੇ ਹੋਂਦ ਵਿਚ ਆਉਣ ਮਗਰੋਂ ਪਟਿਆਲਾ ਰਿਆਸਤ ਦੀ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿਚ ਲੈ ਲਿਆ।
15-16 ਮਈ 1932 ਨੂੰ ਪਿੰਡ ਖੁਡਿਆਲ ਜ਼ਿਲ੍ਹਾ ਸੁਨਾਮ ਵਿਖੇ ਹੋਈ ਸ਼੍ਰੋਮਣੀ ਅਕਾਲੀ ਦਲ ਦੀ ਕਾਨਫਰੰਸ ਵਿਚ ਹਿਸਾ ਲੈਣ ਅਤੇ ਮਹਾਰਜਾ ਪਟਿਆਲਾ ਦੇ ਖ਼ਿਲਾਫ਼ ਅੰਦੋਲਨ ਜਾਰੀ ਰਖਣ ਦੇ ਦੋਸ਼ ਤਹਿਤ ਅਤੇ ਦੂਜੇ ਪਾਸੇ 24 ਅਗਸਤ, 1933 ਵਾਲੇ ਦਿਨ ਪੰਜਾਬ ਰਿਆਸਤੀ ਪਰਜਾ ਮੰਡਲ ਦੀ ਦਿੱਲੀ ਵਿਖੇ ਹੋਈ ਅਕਾਲੀ ਕਾਨਫਰੰਸ ਵਿਚ ਹਿੱਸਾ ਲੈਣ ਕਾਰਣ ਆਪ ਨੂੰ ਰਿਆਸਤ ਪਟਿਆਲਾ ਦੀ ਪੁਲੀਸ ਨੇ ਆਪ ਨੂੰ ਮੁੜ ਗ੍ਰਿਫ਼ਤਾਰ ਕਰ ਲਿਆ ।
ਇਹ ਉਨ੍ਹਾਂ ਦੀ ਆਖਰੀ ਜੇਲ੍ਹ ਯਾਤਰਾ ਹੋ ਨਿਬੜੀ ਕਿਉਂਕਿ ਇਸ ਵਾਰੀ ਪਟਿਆਲਾ ਦੀ ਕੇਂਦਰੀ ਜੇਲ੍ਹ ਵਿਚ ਜੇਲ੍ਹ ਦੇ ਅਧਿਕਾਰੀਆਂ ਵੱਲੋਂ ਰਿਆਸਤ ਪਟਿਆਲਾ ਦੇ ਹੁਕਮਰਾਨਾ ਦੇ ਹੁਕਮਾਂ ਅਨੁਸਾਰ ਅਜੇਹੇ ਅਣਮਨੁੱਖੀ ਜਬਰ ਭਰੇ ਅਸਹਿ ਤਸੀਹੇ ਦਿੱਤੇ ਗਏ।
ਇਸ ਜ਼ੁੱਲਮ ਅਤੇ ਧੱਕੇਸ਼ਾਹੀ ਦੀ ਇੰਤਹਾਅ ਦੇ ਖਿਲਾਫ ਸਰਦਾਰ ਸ਼ਹੀਦ ਸੇਵਾ ਸਿੰਘ ਨੇ ਆਖਰ 18 ਅਪਰੈਲ, 1934 ਵਿਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ, ਜੋ ਨੌਂ ਮਹੀਨੇ ਲਗਾਤਾਰ ਚਲਦੀ ਰਹੀ। ਆਪਣੇ ਪ੍ਰਣ ਤੋਂ ਇਕ ਕਦਮ ਵੀ ਪਿੱਛੇ ਨਾ ਹਟਣ ਦੇ ਸੰਕਲਪ ਦੇ ਨਾਲ ਆਪਣੀ ਅਰਦਾਸ ਨੂੰ ਨਿਭਾਉਂਦਿਆਂ ਹੋਇਆਂ ਸਰਦਾਰ ਸੇਵਾ ਸਿੰਘ 19 ਅਤੇ 20 ਜਨਵਰੀ 1935 ਦੀ ਵਿਚਕਾਰਲੀ ਰਾਤ ਅੰਮ੍ਰਿਤ ਵੇਲੇ ਆਜ਼ਾਦੀ ਦੇ ਪ੍ਰਵਾਨਿਆਂ ਵਿੱਚ ਆਪਣਾ ਨਾਂ ਸੁਨਹਿਰੀ ਅੱਖਰਾਂ ਵਿੱਚ ਲਿਖਵਾ ਗਏ।