ਮਃ ੫ ॥
ਅੰਦਰੁ ਵਿਧਾ ਸਚਿ ਨਾਇ ਬਾਹਰਿ ਭੀ ਸਚੁ ਡਿਠੋਮਿ ॥
ਨਾਨਕ ਰਵਿਆ ਹਭ ਥਾਇ ਵਣਿ ਤ੍ਰਿਣਿ ਤ੍ਰਿਭਵਣਿ ਰੋਮਿ ॥ਮਹਲਾ ੫ : ਗੁਰੂ ਅਰਜਨ ਦੇਵ ਜੀ
ਰਾਗ ਰਾਮਕਲੀ ਅੰਗ ੯੬੬ (966)
ਜਦੋਂ ਮੇਰਾ ਅੰਦਰਲਾ ਮਨ ਸੱਚੇ ਨਾਮ ਵਿਚ ਰਮ ਗਿਆ, ਤਾਂ ਮੈਂ ਬਾਹਰ ਭੀ ਉਸ ਸਦਾ-ਥਿਰ ਸੱਚੇ ਮਾਲਕ ਨੂੰ ਵੇਖ ਲਿਆ ।
ਹੁਣ ਮੈਨੂੰ ਇਉਂ ਦਿੱਸਦਾ ਹੈ ਕਿ ਉਹ ਹਰੇਕ ਥਾਂ ਵਿਚ ਮੌਜੂਦ ਹੈ, ਕੁਦਰਤਿ ਦੇ ਹਰੇਕ ਵਣ ਵਿਚ, ਹਰੇਕ ਤੀਲੇ ਵਿਚ, ਸਾਰੇ ਹੀ ਤ੍ਰਿਭਵਣੀ ਸੰਸਾਰ ਵਿਚ, ਹਰ ਰੋਮ-ਰੋਮ ਵਿਚ ।
24 ਅਪ੍ਰੈਲ, 1822 : ਜਨਮ ਗਿਆਨੀ ਗਿਆਨ ਸਿੰਘ
ਨਿਰਮਲ ਸੰਪ੍ਰਦਾਇ ਦੇ ਵਿਦਵਾਨ ਅਤੇ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਦਾ ਜਨਮ ਸ. ਭਾਗ ਸਿੰਘ ਦੁਲਟ ਜੱਟ ਦੇ ਘਰ ਮਾਈ ਦੇਸਾਂ ਦੀ ਕੁੱਖੋਂ 24 ਅਪ੍ਰੈਲ, 1822 ਨੂੰ ਸੰਗਰੂਰ ਜ਼ਿਲ੍ਹੇ ਦੇ ਸੁਪ੍ਰਸਿੱਧ ਕਸਬੇ ਲੌਂਗੋਵਾਲ ਵਿਚ ਹੋਇਆ। ਇਹਨਾਂ ਦਾ ਪਿਛੋਕੜ ਭਾਈ ਮਨੀ ਸਿੰਘ ਸ਼ਹੀਦ ਦੇ ਭਰਾ ਨਗਾਹੀਆ ਸਿੰਘ ਦੀ ਵੰਸ਼ ਨਾਲ ਜੁੜਦਾ ਹੈ।
13 ਸਾਲ ਦੀ ਉਮਰ ਵਿਚ ਮਾਮਾ ਕਰਮ ਸਿੰਘ, ਜੋ ਲਾਹੌਰ ਦਰਬਾਰ ਦੀ ਫ਼ੌਜ ਵਿਚ ਸੂਬੇਦਾਰ ਸੀ, ਗਿਆਨ ਸਿੰਘ ਨੂੰ ਲਾਹੌਰ ਲੈ ਗਿਆ ਅਤੇ ਮਹਾਰਾਜਾ ਰਣਜੀਤ ਸਿੰਘ ਨੂੰ ਹਰ ਰੋਜ਼ ‘ਸੁਖਮਨੀ’ ਬਾਣੀ ਸੁਣਾਉਣ’ਤੇ ਨਿਯੁਕਤ ਕਰਵਾ ਦਿੱਤਾ। ਲਾਹੌਰ ਵਿਚ ਦੌਰਾਨ ਉਰਦੂ ਅਤੇ ਫ਼ਾਰਸੀ ਭਾਸ਼ਾਵਾਂ ਵੀ ਪੜ੍ਹੀਆਂ। ਲਾਹੌਰ ਵਿਚ ਚਾਰ ਸਾਲ ਨੌਕਰੀ ਕੀਤੀ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਦੇਹਾਂਤ ਤੋਂ ਬਾਦ ਆਪਣੇ ਪਿੰਡ ਪਰਤ ਆਇਆ।
ਗਿਆਨੀ ਗਿਆਨ ਸਿੰਘ ਨੇ ‘ਸ੍ਰੀ ਗੁਰੂ ਪੰਥ ਪ੍ਰਕਾਸ਼’ ਅਤੇ ‘ਤਵਾਰੀਖ਼ ਗੁਰੂ ਖ਼ਾਲਸਾ’ ਤੋਂ ਇਲਾਵਾ ਹੋਰ ਵੀ ਕਈ ਰਚਨਾਵਾਂ ਦੀ ਸਿਰਜਨਾ ਕੀਤੀ।