ਗਉੜੀ ਮਹਲਾ ੫ ॥
ਡਰਿ ਡਰਿ ਮਰਤੇ ਜਬ ਜਾਨੀਐ ਦੂਰਿ ॥
ਡਰੁ ਚੂਕਾ ਦੇਖਿਆ ਭਰਪੂਰਿ ॥
…ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਗਉੜੀ ਅੰਗ ੧੮੬ (186)
ਜਿਤਨਾਂ ਚਿਰ ਅਸੀ ਇਹ ਸਮਝਦੇ ਹਾਂ ਕਿ ਕੋਈ ਸਾਡਾ ਮਾਲਕ, ਪਰਮਾਤਮਾ, ਕਿਤੇ ਦੂਰ ਵੱਸਦਾ ਹੈ, ਉਤਨਾਂ ਚਿਰ ਅਸੀਂ ਦੁਨੀਆਂ ਦੇ ਦੁੱਖ, ਰੋਗ, ਮੁਸ਼ਕਿਲਾਂ, ਫ਼ਿਕਰਾਂ ਆਦਿ ਤੋਂ ਸਹਿਮ-ਸਹਿਮ ਕੇ, ਆਤਮਿਕ-ਮੌਤ ਮਰਦੇ ਰਹਾਂਗੇ ।
ਜਦੋਂ ਉਸ ਨੂੰ ਸਾਰੇ ਸੰਸਾਰ ਵਿਚ, ਸ੍ਰਿਸ਼ਟੀ ਦੇ ਹਰੇਕ ਜ਼ੱਰੇ-ਜ਼ੱਰੇ ਵਿਚ, ਵਿਆਪਕ ਹੋਇਆ ਵੇਖ-ਸਮਝ ਲਿਆ, ਉਸੇ ਵੇਲੇ ਹਰੇਕ ਦੁਨਿਆਵੀ ਦੁੱਖਾਂ-ਕਲੇਸ਼ਾਂ, ਵਹਿਮਾਂ-ਭਰਮਾਂ ਆਦਿ ਦਾ ਡਰ ਮੁੱਕ ਜਾਂਦਾ ਹੈ।
23 ਸਤੰਬਰ, 1998 : ਅਕਾਲ-ਚਲਾਣਾ ਗਿਆਨੀ ਸੋਹਣ ਸਿੰਘ ਸੀਤਲ (ਢਾਡੀ, ਲਿਖਾਰੀ ਅਤੇ ਪ੍ਰਚਾਰਕ)
ਗਿਆਨੀ ਸੋਹਣ ਸਿੰਘ ਸੀਤਲ ਸਿੱਖ ਕੌਮ ਦੇ ਸਿਰਮੌਰ ਢਾਡੀ, ਪ੍ਰਚਾਰਕ ਤੇ ਸਫ਼ਲ ਲੇਖਕ ਸਨ। ਉਹ ਪੰਜਾਬੀ, ਉਰਦੂ, ਫਾਰਸੀ, ਅੰਗ੍ਰੇਜ਼ੀ ਅਤੇ ਸੰਸਕ੍ਰਿਤ ਦੇ ਵੀ ਵਿਦਵਾਨ ਸਨ ।
ਸਫਲ ਲੇਖਕ ਤੇ ਸਾਹਿਤਕਾਰ ਵਜੋਂ ਉਹਨ੍ਹਾਂ ਦੀ ਲਿਖੀਆਂ ਅਤੇ ਗਾਈਆਂ ਵਾਰਾਂ ਦੀਆਂ 18 ਪੁਸਤਕਾਂ ਮਿਲਦੀਆਂ ਹਨ । ਇਤਿਹਾਸਕਾਰ ਵਜੋਂ ਉਨ੍ਹਾਂ ਦੀਆਂ ਰਚਨਾਵਾਂ ਵਿੱਚ – ਸਿੱਖ ਰਾਜ ਕਿਵੇਂ ਬਣਿਆ, ਸਿੱਖ ਰਾਜ ਕਿਵੇਂ ਗਿਆ, ਦੁਖੀਏ ਮਾਂ ਪੁੱਤ, ਬੰਦਾ ਸਿੰਘ ਸ਼ਹੀਦ ਸਮੇਤ ਨੌਂ ਪੁਸਤਕਾਂ ਹਨ । ਬੱਚਿਆਂ ਨੂੰ ਇਤਿਹਾਸ ਦੀ ਜਾਣਕਾਰੀ ਦੇਣ ਲਈ ਵੀ ਕਈ ਪੁਸਤਕਾਂ ਲਿਖੀਆਂ । ਉਨ੍ਹਾਂ ਨੂੰ ਪੰਜਾਬ ਸਰਕਾਰ ਵੱਲੋਂ ਸ਼੍ਰੋਮਣੀ ਢਾਡੀ ਤੇ ਸ਼੍ਰੋਮਣੀ ਸਾਹਿਤਕਾਰ ਵਜੋਂ ਸਨਮਾਨਿਆ ਗਿਆ ।
ਗਿਆਨੀ ਸੋਹਣ ਸਿੰਘ ਸੀਤਲ ਦਾ ਅਕਾਲ ਚਲਾਣਾ 23 ਸਤੰਬਰ, 1998 ਨੂੰ ਹੋਇਆ । ਉਨ੍ਹਾਂ ਦੀ ਰਚਨਾ ਦੀ ਯਾਦਗਾਰ ਸਤਰਾਂ ਹਨ :
ਸੀਤਲ ਉਹ ਸਦਾ ਜਹਾਨ ‘ਤੇ ਜੀਂਵਦਾ ਏ,
ਜੀਹਦਾ ਮਰ ਗਿਆਂ ਦੇ ਪਿੱਛੋਂ ਜੱਸ ਹੋਵੇ ।