ਚੁ ਕਾਰ ਅਜ਼ ਹਮਹ ਹੀਲਤੇ ਦਰ ਗੁਜ਼ਸ਼ਤ ॥
ਹਲਾਲ ਅਸਤੁ ਬੁਰਦਨ ਬ ਸ਼ਮਸ਼ੇਰ ਦਸਤ ॥

 ਜ਼ਫ਼ਰਨਾਮਾ

ਜਦੋਂ ਕਿਸੇ ਕਾਰਜ ਜਾਂ ਮਕਸਦ ਨੂੰ ਹਾਸਿਲ ਕਰਨ ਦੇ ਸਾਰੇ ਉਪਾਅ ਖ਼ਤਮ ਹੋ ਜਾਣ, ਤਦ ਸੱਭ ਤੋਂ ਉਪਯੁਕਤ ਹਥਿਆਰ ਨੂੰ ਹੱਥ ਵਿਚ ਧਾਰਨ ਕਰਨਾ ਜਾਇਜ਼ ਹੈ ।

ਸਬਕ : ਲੋੜ ਅਨੁਸਾਰ ਇਹ ਹਥਿਆਰ, ਕਿਸੇ ਜੰਗ ਵਿਚ ਯੋਧੇ ਦੇ ਹੱਥ ਵਿੱਚ, ‘ਤਲਵਾਰ’ ਦੀ ਤਾਕਤ ਵੀ ਹੋ ਸਕਦੀ ਹੈ ਅਤੇ ਕਿਸੇ ਵਿਚਾਰਕ, ਅਧਿਆਪਕ ਜਾਂ ਵਿਦਿਆਰਥੀ ਦੇ ਹੱਥ ਵਿੱਚ ਫੜੀ ‘ਕਲਮ’ (ਪੈਨ) ਜਾਂ ਜ਼ੁਬਾਨ ਤੋਂ ਨਿਕਲਦੇ ‘ਸ਼ਬਦ’ ਦੇ ਰੂਪ ਵਿੱਚ ਦਲੀਲ ਭਰਪੂਰ ਵਿਚਾਰ ਵੀ ਹੋ ਸਕਦੇ ਹਨ।


23 ਮਾਰਚ, 1931 : ਸ਼ਹੀਦ ਦਿਵਸ – ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ

23 ਮਾਰਚ ਨੂੰ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸੰਨ 1931 ਵਿਚ ਇਸ ਦਿਨ, ਤਿੰਨ ਮਹਾਨ ਇਨਕਲਾਬੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ ਦੇ ਦਿੱਤੀ ਗਈ। ਇਨ੍ਹਾਂ ਨੇ ਭਾਰਤ ਵਿਚ ਬ੍ਰਿਟਿਸ਼ ਸ਼ਾਸਨ ਦੇ ਤਖਤੇ ਹਿਲਾਉਣ ਵਿਚ ਆਪਣੀ ਅਹਿਮ ਭੂਮਿਕਾ ਨਿਭਾਈ।

ਭਗਤ ਸਿੰਘ ਸਿਰਫ 23 ਸਾਲਾਂ ਦਾ ਸੀ ਜਦੋਂ ਭਗਤ ਸਿੰਘ ਨੂੰ ਫਾਂਸੀ ਦਿੱਤੀ ਗਈ ਸੀ। ਪਰ ਉਸ ਦੇ ਇਨਕਲਾਬੀ ਵਿਚਾਰ ਬਹੁਤ ਵਿਸ਼ਾਲ ਅਤੇ ਵਿਸ਼ਵ ਪੱਧਰ ਦੇ ਸਨ। ਉਸ ਦੇ ਵਿਚਾਰਾਂ ਨੇ ਲੱਖਾਂ ਹੀ ਭਾਰਤੀ ਨੌਜਵਾਨਾਂ ਨੂੰ ਆਜ਼ਾਦੀ ਦੀ ਲੜਾਈ ਲਈ ਪ੍ਰੇਰਿਤ ਕੀਤਾ। ਅੱਜ ਵੀ ਉਸ ਦੇ ਵਿਚਾਰ ਨੌਜਵਾਨਾਂ ਨੂੰ ਸੇਧ ਦਿੰਦੇ ਹਨ।

ਭਗਤ ਸਿੰਘ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੋਂਕ ਸੀ। ਫਾਂਸੀ ਉਤੇ ਚੜਨ ਤੋਂ ਕੁੱਝ ਪਲ ਪਹਿਲਾਂ ਤਕ ਵੀ ਉਹ ਇਕ ਪੁਸਤਕ ਪੜ੍ਹ ਰਹੇ ਸਨ।

ਭਗਤ ਸਿੰਘ ਦੇ ਜੀਵਨ ਤੋਂ ਮਿਲਦੀ ਪ੍ਰੇਰਣਾ

ਇਨਕਲਾਬ ਦਾ ਨਾਅਰਾ ਲਾਉਣ ਵਾਲੇ ਭਗਤ ਸਿੰਘ ਆਪਣੇ ਆਖ਼ਰੀ ਸਮੇਂ ਵਿਚ ਬ੍ਰਿਟਿਸ਼ ਸ਼ਾਸਨ ਵੱਲੋਂ ਬੇੜੀਆਂ ਵਿੱਚ ਜਕੜ ਗਿਆ ਸੀ ਪਰ ਉਸ ਦੇ ਵਿਚਾਰ ਸੁਤੰਤਰ ਸਨ ਅਤੇ ਉਹ ਕਹਿੰਦੇ ਸਨ ਕਿ “ਬਿਹਤਰ ਜ਼ਿੰਦਗੀ ਸਿਰਫ ਆਪਣੇ ਢੰਗਾਂ ਨਾਲ ਹੀ ਜੀ ਜਾ ਸਕਦੀ ਹੈ। ਇਹ ਜ਼ਿੰਦਗੀ ਤੁਹਾਡੀ ਹੈ ਅਤੇ ਤੁਹਾਨੂੰ ਫੈਸਲਾ ਕਰਨਾ ਹੈ ਕਿ ਜ਼ਿੰਦਗੀ ਵਿਚ ਕੀ ਕਰਨਾ ਹੈ।”

ਭਗਤ ਸਿੰਘ ਕਹਿੰਦੇ ਸਨ, “ਮੈਂ ਇਕ ਦੀਵਾਨਾ ਹਾਂ ਜੋ ਜੇਲ੍ਹ ਵਿਚ ਵੀ ਆਜ਼ਾਦ ਹੈ।” ਭਗਤ ਸਿੰਘ ਨੇ ਜ਼ਿੰਦਗੀ ਦੇ ਟੀਚੇ ਨੂੰ ਮਹੱਤਵ ਦਿੱਤਾ। ਉਹ ਵਿਸ਼ਵਾਸ ਕਰਦਾ ਸੀ ਕਿ “ਸਾਨੂੰ ਆਪਣੀ ਜ਼ਿੰਦਗੀ ਦਾ ਟੀਚਾ ਜਾਣਨਾ ਚਾਹੀਦਾ ਹੈ। ਜੇ ਅਸੀਂ ਆਪਣੇ ਟੀਚਿਆਂ ਨੂੰ ਜਾਣਦੇ ਹਾਂ ਅਤੇ ਅਸੀਂ ਆਪਣੇ ਟੀਚਿਆਂ ਲਈ ਕੰਮ ਕਰਾਂਗੇ ਤਾਂ ਕੁਝ ਵੀ ਸਾਨੂੰ ਸਫਲ ਹੋਣ ਤੋਂ ਨਹੀਂ ਰੋਕ ਸਕਦਾ।”

ਪਰਿਵਰਤਨ ਜਾਂ ਤਬਦੀਲੀ ਬਾਰੇ ਉਸ ਦੇ ਵਿਚਾਰ ਸਕਾਰਾਤਮਕ ਸਨ। ਉਹ ਵਿਸ਼ਵਾਸ ਕਰਦੇ ਸਨ ਕਿ “ਸਾਨੂੰ ਤਬਦੀਲੀ ਤੋਂ ਡਰਨ ਦੀ ਜ਼ਰੂਰਤ ਨਹੀਂ ਹੈ।”

ਉਹ ਕੱਟੜਪੰਥੀ ਵਿਚਾਰਾਂ ਲਈ ਕਹਿੰਦਾ ਸੀ ਕਿ “ਸਾਨੂੰ ਉੱਚੀ ਸੋਚ ਅਤੇ ਆਜ਼ਾਦ ਵਿਚਾਰਾਂ ਤੋਂ ਸਿਵਾ ਹੋਰ ਕੁਝ ਨਹੀਂ ਚਾਹੀਦਾ। ਆਪਣੇ ਸਮਾਜ, ਆਪਣੇ ਦੇਸ਼ ਲਈ ਕੁਰਬਾਨੀਆਂ ਅਤੇ ਤਿਆਗ ਸਰਬੋਤਮ ਹਨ। ਸੱਚੀ ਕੁਰਬਾਨੀ ਉਹ ਹੈ ਜਦੋਂ ਕੋਈ, ਹੱਕ-ਸੱਚ ਤੇ ਇਨਸਾਫ ਦੀ ਰਾਹ ਤੇ ਚਲਦਿਆਂ, ਲੋੜ ਪੈਣ ਤੇ ਸਭ ਕੁਝ ਤਿਆਗ ਦਿੰਦਾ ਹੈ।”

ਵਿਚਾਰਾਂ ਦੀ ਦ੍ਰਿੜਤਾ ਬਾਰੇ ਭਗਤ ਸਿੰਘ ਦਾ ਸੰਦੇਸ਼ ਹੈ ਕਿ “ਉਹ ਮੈਨੂੰ ਮਾਰ ਸਕਦੇ ਹਨ, ਮੇਰੇ ਵਿਚਾਰਾਂ ਨੂੰ ਨਹੀਂ। ਉਹ ਮੇਰੇ ਸਰੀਰ ਨੂੰ ਕੁਚਲ ਸਕਦੇ ਹਨ ਪਰ ਮੇਰੀ ਆਤਮਾ ਨੂੰ ਨਹੀਂ। ਲੋਕਾਂ ਨੂੰ ਦਬਾ ਕੇ ਵੀ ਤੁਸੀਂ ਉਨ੍ਹਾਂ ਦੇ ਵਿਚਾਰ ਨਹੀਂ ਮਾਰ ਸਕਦੇ ਹੋ।”

ਨਿਰਭੈਅ ਬਣਨ ਲਈ ਉਹ ਇਉਂ ਪ੍ਰੇਰਦੇ ਹਨ, “ਜੇ ਬੋਲਿਆਂ ਨੂੰ ਆਪਣੀ ਆਵਾਜ਼ ਸੁਣਾਉਣੀ ਹੈ ਤਾਂ ਆਵਾਜ਼ ਉੱਚੀ ਹੋਣੀ ਚਾਹੀਦੀ ਹੈ।”

ਆਤਮਨਿਰਭਰ ਬਣਨ ਲਈ ਉਹ ਪ੍ਰੇਰਣਾ ਦੇਂਦੇ ਹਨ ਕਿ “ਜ਼ਿੰਦਗੀ ਤਾਂ ਸਿਰਫ਼ ਆਪਣੇ ਮੋਢਿਆਂ ‘ਤੇ ਜੀਅ ਜਾਂਦੀ ਹੈ, ਦੂਜਿਆਂ ਦੇ ਮੋਢਿਆਂ ਉੱਪਰ ਤਾਂ ਸਿਰਫ਼ ਅਰਥੀਆਂ ਹੀ ਚੁੱਕੀਆਂ ਜਾਂਦੀਆਂ ਹਨ।”

ਭਗਤ ਸਿੰਘ ਖ਼ੁਦ ਆਪਣੀ ਨਿਜੀ ਜ਼ਿੰਦਗੀ ਨੂੰ ਪਿਆਰ ਕਰਦਾ ਸੀ, ਉਸ ਕੋਲ ਇੱਛਾਵਾਂ/ਅਭਿਲਾਸ਼ਾ ਵੀ ਸਨ, ਸੁਪਨੇ ਵੀ ਸਨ। ਪਰ ਉਸਨੇ ਆਪਣੇ ਦੇਸ਼ ਤੇ ਸਭ ਕੁਝ ਕੁਰਬਾਨ ਕਰ ਦਿੱਤਾ।