ਕਬੀਰ ਅਲਹ ਕੀ ਕਰਿ ਬੰਦਗੀ ਜਿਹ ਸਿਮਰਤ ਦੁਖੁ ਜਾਇ ॥
ਦਿਲ ਮਹਿ ਸਾਂਈ ਪਰਗਟੈ ਬੁਝੈ ਬਲੰਤੀ ਨਾਂਇ ॥ਭਗਤ ਕਬੀਰ ਜੀ
ਸਲੋਕ ਅੰਗ ੧੩੭੪ (1374)
ਭਗਤ ਕਬੀਰ ਜੀ ਆਖਦੇ ਹਨ ਕਿ ਆਪਣੇ ਮਾਲਕ ਦੀ ਬੰਦਗੀ ਕਰ, ਇਹ ਬੰਦਗੀ ਕੀਤਿਆਂ ਹੀ ਦਿਲ ਦਾ ਵਿਕਾਰ ਦੂਰ ਹੁੰਦਾ ਹੈ। ਇਸ ਬੰਦਗੀ ਦੀ ਬਰਕਤਿ ਨਾਲ ਜਦੋਂ ਦਿਲ ਵਿਚ ਮਾਲਕ ਸਾਈਂ ਪ੍ਰਗਟ ਹੁੰਦਾ ਹੈ, ਅਰਥਾਤ ਸੱਚੇ ਗਿਆਨ ਦਾ ਪ੍ਰਕਾਸ਼ ਹੁੰਦਾ ਹੈ ਤਾਂ ਵਿਕਾਰਾਂ ਦੀ ਬਲਦੀ ਹੋਈ ਅੱਗ ਸਾਡੇ ਦਿਲ ਵਿਚੋਂ ਬੁੱਝ ਜਾਂਦੀ ਹੈ ।
23 ਜੂਨ, 1929 : ਭਗਤ ਸਿੰਘ ਦੀ ਨੌਜੁਆਨ ਭਾਰਤ ਸਭਾ, ਕਿਰਤੀ ਕਿਸਾਨ ਸਭਾ ਆਦਿ ਉਪਰ ਪਾਬੰਦੀ ਲਗਾਈ ਅੰਗਰੇਜ਼ ਸਰਕਾਰ ਨੇ
ਭਗਤ ਸਿੰਘ ਤੇ ਉਸ ਦੇ ਸਾਥੀਆਂ ਨੇ 1926 ਵਿੱਚ ‘ਨੌਜੁਆਨ ਭਾਰਤ ਸਭਾ’ ਬਣਾਈ ਸੀ, ਜਿਸ ਦੇ ਸਕੱਤਰ ਉਹ ਖ਼ੁਦ ਆਪ ਸਨ। ਇਸ ਦਾ ਉਦੇਸ਼ ਭਾਰਤ ਦੇ ਮਜ਼ਦੂਰਾਂ, ਕਿਸਾਨਾਂ ਅਤੇ ਕਾਮਿਆਂ ਨੂੰ ਜਥੇਬੰਦ ਕਰਨਾ, ਉਨ੍ਹਾਂ ਆਰਥਿਕ ਤੇ ਸਮਾਜਿਕ ਲਹਿਰਾਂ ਨਾਲ ਸਾਂਝ ਪਾਉਣੀ ਅਤੇ ਸਹਿਯੋਗ ਦੇਣਾ, ਸਮਾਜ ਨੂੰ ਫਿਰਕਾਪ੍ਰਸਤੀ ਦੀਆਂ ਭਾਵਨਾਵਾਂ ਤੋਂ ਮੁਕਤ ਕਰਨਾ। ਕੁਝ ਦਿਨਾਂ ਵਿੱਚ ਹੀ ਸਭਾ ਦੀਆਂ ਸ਼ਾਖਾਵਾਂ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਖੋਲ੍ਹ ਦਿੱਤੀਆਂ ਗਈਆਂ।
ਪਰ 23 ਜੂਨ, 1929 ਨੂੰ ਅੰਗਰੇਜ਼ ਸਰਕਾਰ ਨੇ ਨੌਜੁਆਨ ਭਾਰਤ ਸਭਾ, ਕਿਰਤੀ ਕਿਸਾਨ ਸਭਾ, ਕਾਂਗਰਸ ਬਾਰ-ਕੌਂਸਿਲ ਆਦਿ ਉਪਰ ਪਾਬੰਦੀ ਲਾ ਦਿੱਤੀ।
ਇਸ ਪਿੱਛੋਂ ਉਨ੍ਹਾਂ ਨਵਾਂ ਸੰਗਠਨ ਹਿੰਦ ਨੌਜੁਆਨ ਸਭਾ ਉਸਾਰ ਲਿਆ ਜਿਸ ਦੇ ਪ੍ਰਧਾਨ ਬਾਬੂ ਸਿੰਘ ਨੂੰ ਬਣਾਇਆ ਗਿਆ। ਇਸ ਸਭਾ ਦਾ ਮਕਸਦ ਵੀ ਭਾਰਤ ਨੂੰ ਆਜ਼ਾਦ ਕਰਵਾਉਣਾ ਸੀ। ਸਰਕਾਰ ਨੇ ਇਨ੍ਹਾਂ ਸਾਰਿਆਂ ਨੂੰ ਫਟਾਫਟ ਫੜ੍ਹ ਲਿਆ। ਮੁਕੱਦਮਾ ਚਲਾਇਆ ਪਰ ਸਾਰੇ ਬਰੀ ਹੋ ਗਏ।
23 ਜੂਨ, 1984 : ਇੰਦਰਾ ਗਾਂਧੀ ਦਰਬਾਰ ਸਾਹਿਬ ‘ਚ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਗਈ
ਪ੍ਰਧਾਨ ਮੰਤਰੀ ਇੰਦਰਾ ਗਾਂਧੀ 23 ਜੂਨ, 1984 ਵਾਲੇ ਦਿਨ ਦਰਬਾਰ ਸਾਹਿਬ ਵਿੱਚ ਫੌਜੀ ਕਾਰਵਾਈ ਤੋਂ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਗਈ। ਉਸਨੂੰ ਦਰਬਾਰ ਸਾਹਿਬ ਵਿਚ ਹੋਏ ਅੰਦਾਜ਼ੇ ਤੋਂ ਵੱਧ ਨੁਕਸਾਨ ਹੋ ਜਾਣ ਦਾ ਦੁੱਖ ਹੋਇਆ।