- 23 ਫਰਵਰੀ, 1881 : ਸ਼ਹੀਦ ਭਗਤ ਸਿੰਘ ਦੇ ਚਾਚਾ ਅਜੀਤ ਸਿੰਘ ਦਾ ਜਨਮ
- 23 ਫਰਵਰੀ, 1956 : ਗਿਆਨੀ ਕਰਤਾਰ ਸਿੰਘ ਰੀਜਨਲ ਕੌਂਸਲ ਬਾਰੇ ਵਿਚਾਰ ਕਰਣ ਲਈ ਮੌਲਾਨਾ ਅਜ਼ਾਦ ਨੂੰ ਮਿਲੇ
- 23 ਫਰਵਰੀ, 1921 : ਗੁਰੂਦਵਾਰਾ ਸਾਹਿਬ ਲੱਲਿਆਣੀ ਜਿਲਾ ਲਾਹੋਰ ਵਿਖੇ ਮਹੰਤਾਂ ਨੂੰ ਕਢਕੇ ਸਿੱਖਾਂ ਨੇ ਪ੍ਰਬੰਧ ਸੰਭਾਲਿਆ
ਸ਼ਹੀਦ ਭਗਤ ਸਿੰਘ ਦੇ ਚਾਚਾ – ਅਜੀਤ ਸਿੰਘ
ਅਜੀਤ ਸਿੰਘ ਦਾ ਜਨਮ 23 ਫਰਵਰੀ, 1881 ਨੂੰ ਜ਼ਿਲ੍ਹਾ ਜਲੰਧਰ ਦੇ ਖਟਕੜ ਕਲਾਂ ਪਿੰਡ ਵਿੱਚ ਹੋਇਆ ਸੀ। ਭਗਤ ਸਿੰਘ ਦੇ ਪਿਤਾ ਕਿਸ਼ਨ ਸਿੰਘ ਉਨ੍ਹਾਂ ਦੇ ਵੱਡੇ ਭਰਾ ਅਤੇ ਸਵਰਨ ਸਿੰਘ ਛੋਟੇ ਭਰਾ ਸਨ ਜੋ ਕਿ 23 ਸਾਲ ਦੀ ਹੀ ਉਮਰ ਵਿੱਚ ਆਜ਼ਾਦੀ ਸੰਗਰਾਮ ਦੌਰਾਨ ਜੇਲ੍ਹ ਵਿੱਚ ਲੱਗੀ ਤਪੈਦਿਕ ਦੀ ਬਿਮਾਰੀ ਨਾਲ ਗੁਜ਼ਰ ਗਏ ਸਨ।
ਤਿੰਨਾਂ ਦੇ ਪਿਤਾ ਅਰਜਨ ਸਿੰਘ ਉਨ੍ਹਾਂ ਦਿਨਾਂ ਵਿੱਚ ਆਜ਼ਾਦੀ ਸੰਗਰਾਮ ਦੀ ਵਾਹਕ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਸਨ ਅਤੇ ਤਿੰਨੋਂ ਭਰਾ ਵੀ ਉਸ ਨਾਲ ਜੁੜੇ ਹੋਏ ਸਨ। ਤਿੰਨਾਂ ਭਰਾਵਾਂ ਨੇ ਸਾਈਂ ਦਾਸ ਐਂਗਲੋ ਸੰਸਕ੍ਰਿਤ ਸਕੂਲ ਜਲੰਧਰ ਤੋਂ ਮੈਟ੍ਰਿਕ ਦੀ ਪ੍ਰੀਖਿਆ ਪਾਸ ਕੀਤੀ ਅਤੇ ਅਜੀਤ ਸਿੰਘ ਨੇ 1903-04 ਵਿੱਚ ਬਰੇਲੀ ਕਾਲਜ ਤੋਂ ਕਾਨੂੰਨ ਦੀ ਪੜ੍ਹਾਈ ਕੀਤੀ।
1907 ਵਿੱਚ ਅੰਗਰੇਜ਼ ਸਰਕਾਰ ਤਿੰਨ ਕਿਸਾਨ ਵਿਰੋਧੀ ਕਾਨੂੰਨ ਲੈ ਕੇ ਆਈ, ਜਿਸ ਵਿਰੁੱਧ ਪੰਜਾਬ ਦੇ ਕਿਸਾਨਾਂ ਵਿੱਚ ਬੇਹੱਦ ਰੋਸ ਦੀ ਭਾਵਨਾ ਪੈਦਾ ਹੋਈ। ਅਜੀਤ ਸਿੰਘ ਨੇ ਅੱਗੇ ਵਧ ਕੇ ਕਿਸਾਨਾਂ ਨੂੰ ਸੰਗਠਿਤ ਕੀਤਾ ਅਤੇ ਪੂਰੇ ਪੰਜਾਬ ਵਿੱਚ ਰੋਸ ਮੀਟਿੰਗਾਂ ਦਾ ਸਿਲਸਿਲਾ ਸ਼ੁਰੂ ਹੋਇਆ।
ਪੱਗੜੀ ਸੰਭਾਲ ਅੰਦੋਲਨ
ਉਨ੍ਹਾਂ ਨੇ ਮਾਰਚ 1907 ਦੀ ਲਾਇਲਪੁਰ ਦੀ ਇੱਕ ਵੱਡੀ ਸਭਾ ਵਿੱਚ ਇੱਕ ਦਿਲ ਨੂੰ ਛੂਹ ਲੈਣ ਵਾਲੀ ਕਵਿਤਾ ‘ਪਗੜੀ ਸੰਭਾਲ ਜੱਟਾ’ ਪੜ੍ਹੀ ਜਿਸ ਵਿੱਚ ਕਿਸਾਨਾਂ ਦੇ ਸ਼ੋਸ਼ਣ ਦੀ ਦਰਦ ਭਰੀ ਦਾਸਤਾਂ ਦਾ ਵਰਣਨ ਹੈ। ਉਹ ਕਵਿਤਾ ਇੰਨੀ ਹਰਮਨਪਿਆਰੀ ਹੋਈ ਕਿ ਉਸ ਕਿਸਾਨ ਵਿਰੋਧ ਦਾ ਨਾਂ ਹੀ ਕਵਿਤਾ ਦੇ ਨਾਂ ‘ਤੇ ‘ਪਗੜੀ ਸੰਭਾਲ ਜੱਟਾ ਅੰਦੋਲਨ’ ਪੈ ਗਿਆ।