ਰੁਖੀ ਸੁਖੀ ਖਾਇ ਕੈ ਠੰਢਾ ਪਾਣੀ ਪੀਉ ॥ ਫਰੀਦਾ ਦੇਖਿ ਪਰਾਈ ਚੋਪੜੀ ਨਾ ਤਰਸਾਏ ਜੀਉ ॥

 ਭਗਤ ਫ਼ਰੀਦ ਜੀ
 ਸਲੋਕ  ਅੰਗ ੧੩੭੯ (1379)

ਭਗਤ ਫ਼ਰੀਦ ਜੀ ਸਮਝਾਉਂਦੇ ਹਨ ਕਿ ਆਪਣੀ ਕਿਰਤ-ਕਮਾਈ ਦੀ ਰੁੱਖੀ-ਸੁੱਖੀ ਥੋੜੀ ਰੋਟੀ ਹੀ ਖਾ ਕੇ ਕੀ ਠੰਢਾ ਪਾਣੀ ਪੀ ਕੇ ਸਾਰ ਲੈਣਾ ਚਾਹੀਦਾ ਹੈ। ਪਰ ਪਰਾਈ ਸੁਆਦਲੀ ਵੰਨ-ਸਵੰਨੀ ਰੋਟੀ ਵੇਖ ਕੇ, ਆਪਣਾ ਮਨ ਨਹੀਂ ਤਰਸਾਉਣਾ ਚਾਹੀਦਾ।

ਅਰਥਾਤ ਕਿ ਹੋਰਨਾਂ ਦੇ ਵੱਲ ਵੇਖ ਕੇ ਸਾਨੂੰ ਆਪਣੇ ਮਨ ਨੂੰ ਲਾਲਚ ਵਿਚ ਡਿੱਗਣ ਨਹੀਂ ਦੇਣਾ ਚਾਹੀਦਾ।


23 ਅਗਸਤ, 1787 : ਸਿੱਖ ਫ਼ੌਜਾਂ ਦਾ ਦਿੱਲੀ ਉੱਤੇ ਸਫਲ ਹਮਲਾ

1765 ਤੋਂ 1787 ਤੱਕ ਖ਼ਾਲਸਾ ਫ਼ੌਜਾਂ ਨੇ ਦਿੱਲੀ ਉੱਪਰ ਪੰਦਰਾਂ ਹਮਲੇ ਕੀਤੇ। 23 ਅਗਸਤ, 1787 ਨੂੰ ਗ਼ੁਲਾਮ ਕਾਦਰ ਅਤੇ ਸਿੱਖਾਂ ਨੇ ਸ਼ਾਹੀ ਸੈਨਾ ਤੇ ਹਮਲਾ ਕਰਕੇ ਹਰਾ ਦਿੱਤਾ।

ਸ਼ਾਹਦਰੇ ਵਿਚ ਸਿੱਖਾਂ ਨੂੰ ਰੋਕਣ ਲਈ ਮਰਾਠਾ ਸਰਦਾਰ ਮਾਧੋ ਰਾਓ ਫਾਲਕੇ ਨੂੰ ਭੇਜਿਆ ਗਿਆ। ਇਸ ਜੰਗ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਸੈਨਿਕ ਦਰਿਆ ਵਿੱਚ ਡੁੱਬ ਮਰੇ। ਕਾਫ਼ੀ ਮਰੇ ਤੇ ਜ਼ਖ਼ਮੀ ਹੋਏ।

ਸ਼ਾਹ ਨਿਜ਼ਾਮ-ਉਦ-ਦੀਨ ਅਤੇ ਦੇਸ਼ਮੁਖ ਨੇ ਦੋ ਘੰਟੇ ਬੰਦੂਕਾਂ ਅਤੇ ਤੋਪਾਂ ਦੇ ਗੋਲਿਆਂ ਦੀ ਬੌਛਾੜ ਸਿੱਖਾਂ ਉੱਪਰ ਕੀਤੀ। ਸਿੱਖ ਜਦੋਂ ਉਹਨਾਂ ਦੇ ਆਹਮੋ ਸਾਹਮਣੇ ਆ ਗਏ ਤਾਂ ਸ਼ਾਹੀ ਫ਼ੌਜਾਂ ਆਪਣਾ ਅਸਲਾ ਅਤੇ ਧਨ ਦੇ ਗੱਡੇ ਲੱਦੇ ਲਦਾਏ ਛੱਡ ਕੇ ਭੱਜ ਗਈਆਂ। ਇਹ ਸਾਰਾ ਸਾਮਾਨ ਲੁੱਟ ਲਿਆ ਗਿਆ।

ਫਾਲਕੇ ਨੇ ਆਪਣੇ ਆਪ ਨੂੰ ਸ਼ਾਹਦਰੇ ਦੇ ਕਿਲ੍ਹੇ ਵਿੱਚ ਬੰਦ ਕਰਕੇ ਆਪਣੇ ਆਦਮੀ ਸਿੱਖਾਂ ਪਾਸ ਭੇਜ ਕੇ ਆਤਮ ਸਮਰਪਣ ਕਰ ਦਿੱਤਾ। ਰਾਤੋ ਰਾਤ 500 ਮਰਾਠਾ ਘੋੜ ਸਵਾਰਾਂ ਨੂੰ ਨਾਲ ਲੈ ਕੇ ਦਿੱਲੀ ਵਿੱਚੋਂ ਭੱਜ ਨਿਕਲਿਆ ਅਤੇ ਬਲਭਗੜ੍ਹ ਦੇ ਰਾਹ ਪੈ ਗਿਆ। ਜਾਨ ਬਚਾਉਣ ਵਾਸਤੇ ਸ਼ਾਹ ਨਿਜ਼ਾਮ-ਉਦ-ਦੀਨ ਵੀ ਸ਼ਹਿਰ ਛੱਡ ਕੇ ਨੱਠਿਆ ਪਰ ਇਨ੍ਹਾਂ ਸਭਨਾਂ ਦਾ ਸਾਜੋ-ਸਮਾਨ ਰਸਤੇ ਵਿੱਚ ਹੀ ਲੁੱਟ ਲਿਆ ਗਿਆ।