ਫਰੀਦਾ ਖਾਕੁ ਨ ਨਿੰਦੀਐ ਖਾਕੂ ਜੇਡੁ ਨ ਕੋਇ ॥
ਜੀਵਦਿਆ ਪੈਰਾ ਤਲੈ ਮੁਇਆ ਉਪਰਿ ਹੋਇ ॥ਭਗਤ ਫ਼ਰੀਦ ਜੀ
ਸਲੋਕ ਫ਼ਰੀਦ ਜੀ ਅੰਗ ੧੩੭੮ (1378)
ਭਗਤ ਫਰੀਦ ਜੀ ਸਮਝਾਉਂਦੇ ਹਨ ਕਿ – ਖ਼ਾਕ (ਮਿੱਟੀ) ਨੂੰ ਮਾੜਾ ਨਹੀਂ ਆਖੋ, ਕਿਉਂਕਿ ਖ਼ਾਕ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ । ਇਨਸਾਨ ਨੂੰ ਲਗਦਾ ਹੈ ਕਿ ਜਿਉਂਦੇ ਜੀਅ ਸਦਾ ਸਾਡੇ ਪੈਰਾਂ ਹੇਠ ਹੁੰਦੀ ਹੈ, ਪਰ ਮਰਦਿਆਂ ਉਸ ਦੇ ਉੱਤੇ ਹੋ ਜਾਂਦੀ ਹੈ।
ਭਾਵ : ਜੇ ਕੋਈ ਆਪਣੇ ਹੰਕਾਰ ਵਿਚ ਮਸਤ ਹੋਇਆ ਰਹਿੰਦਾ ਹੈ, ਪਰ ਉਸਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਜੀਵਨ ਦੇ ਅੰਤ ਵਿਚ ਇਸ ਸਰੀਰ ਨੇ ਖ਼ਾਕ (ਮਿੱਟੀ) ਹੋ ਹੀ ਜਾਣਾ ਹੈ।
22 ਅਕਤੂਬਰ, 1893 : ਕੁੰਵਰ ਦਲੀਪ ਸਿੰਘ ਦਾ ਪੈਰਿਸ ਵਿੱਚ ਅਕਾਲ-ਚਲਾਣਾ
ਕੁੰਵਰ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਛੋਟਾ ਪੁੱਤਰ, ਮਹਾਰਾਣੀ ਜਿੰਦ ਕੌਰ ਦਾ ਇੱਕੋ-ਇੱਕ ਬੱਚਾ ਸੀ। ਦਲੀਪ ਸਿੰਘ ਸਿੱਖ-ਰਾਜ ਦਾ ਆਖਰੀ ਮਹਾਰਾਜਾ ਸੀ।
ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ, ਅੰਗਰੇਜ਼ਾਂ ਅਤੇ ਸਿੱਖਾਂ ਦੀ ਦੂਸਰੀ ਜੰਗ ਤੋਂ ਬਾਅਦ, 1849 ਵਿੱਚ, ਚਲਾਕੀ ਅਤੇ ਸ਼ਾਤਰਾਨਾ ਢੰਗ ਨਾਲ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਲ ਕੀਤਾ ਗਿਆ। ਮਹਾਰਾਣੀ ਜਿੰਦ ਕੌਰ ਨੂੰ ਕੈਦ ਕੀਤਾ ਗਿਆ। ਨਾਬਾਲਗ ਦਲੀਪ ਸਿੰਘ ਨੂੰ ਆਪਣੀ ਮਾਂ ਤੋਂ ਵੱਖ ਕਰਕੇ ਵਲੈਤ (ਇੰਗਲੈਂਡ) ਭੇਜ ਦਿੱਤਾ ਗਿਆ। ਉਸਨੂੰ ਈਸਾਈ ਧਰਮ ਕਬੂਲ ਕਰਵਾ ਲਿਆ ਗਿਆ।
ਪੰਜਾਬ ਵਾਪਸੀ ਦੀ ਆਸ ਨੂੰ ਦਿਲ ਵਿੱਚ ਹੀ ਰੱਖ ਕੇ ਤਰਸਯੋਗ ਹਾਲਤ ਵਿੱਚ ਕੁੰਵਰ ਦਲੀਪ ਸਿੰਘ ਪੈਰਿਸ ਦੇ ਇੱਕ ਹੋਟਲ ਵਿੱਚ 22 ਅਕਤੂਬਰ, 1893 ਨੂੰ ਅਕਾਲ ਚਲਾਣਾ ਕਰ ਗਿਆ।