ਗੁਰ ਕਾ ਦਰਸਨੁ ਦੇਖਿ ਨਿਹਾਲ ॥
ਗੁਰ ਕੇ ਸੇਵਕ ਕੀ ਪੂਰਨ ਘਾਲ ॥
ਗੁਰ ਕੇ ਸੇਵਕ ਕਉ ਦੁਖੁ ਨ ਬਿਆਪੈ ॥
ਗੁਰ ਕਾ ਸੇਵਕੁ ਦਹ ਦਿਸਿ ਜਾਪੈ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਗੋਂਡ  ਅੰਗ ੮੬੪ (864)

ਹੇ ਮੇਰੇ ਮਨ! ਬਾਣੀ-ਰੂਪ ਗਿਆਨ ਗੁਰੂ ਦਾ ਦਰਸ਼ਨ-ਵੀਚਾਰ ਕਰ ਕੇ ਤਨ-ਮਨ ਖਿੜ ਜਾਂਦਾ ਹੈ । ਗੁਰੂ ਦੀ ਸਰਨ ਪੈਣ ਵਾਲੇ ਦੀ ਕੀਤੀ ਕਿਰਤ ਤੇ ਮੇਹਨਤ ਸਫਲ ਹੋ ਜਾਂਦੀ ਹੈ ।

ਗੁਰੂ ਦੇ ਸੇਵਕ ਉਤੇ ਕੋਈ ਵੀ ਸੰਸਾਰਿਕ ਦੁੱਖ-ਤਕਲੀਫ਼ ਆਪਣਾ ਜ਼ੋਰ ਨਹੀਂ ਪਾ ਸਕਦੇ, ਉਸਨੂੰ ਪ੍ਰੇਸ਼ਾਨ ਨਹੀਂ ਕਰ ਸਕਦੇ । ਗੁਰੂ ਦੀ ਸਰਨ ਪੈ ਕੇ, ਭਾਣੇ ਵਿਚ ਰਹਿਣ ਵਾਲੇ ਗੁਰਸਿੱਖ ਦੇ ਗੁਣ ਸਾਰੇ ਸੰਸਾਰ ਵਿਚ ਪਰਗਟ ਹੋ ਜਾਂਦੇ ਹਨ ।


22 ਨਵੰਬਰ, 1664 : ਗੁਰੂ ਤੇਗ਼ ਬਹਾਦਰ ਜੀ ਗੁਰੂ-ਕਾ-ਚੱਕ (ਅੰਮ੍ਰਿਤਸਰ) ਪੁੱਜੇ

ਗੁਰਗੱਦੀ ਸਭਾਲਣ ਮਗਰੋਂ ਨੌਂਵੇਂ ਗੁਰੂ ਤੇਗ਼ ਬਹਾਦਰ ਸਾਹਿਬ ਪਹਿਲਾਂ ਕੀਰਤਪੁਰ ਗਏ ਤੇ ਪਿੱਛੋਂ ਮਾਝਾ ਤੇ ਮਾਲਵਾ ਵਿਚ ਧਰਮ ਪ੍ਰਚਾਰ ਦੇ ਦੌਰੇ ‘ਤੇ ਚੱਲ ਪਏ। ਇਸ ਸਮੇਂ ਭਾਈ ਮੱਖਣ ਸ਼ਾਹ ਲੁਬਾਣਾ, ਦੀਵਾਨ ਦਰਗਹ ਮੱਲ ਅਤੇ ਕੁਝ ਹੋਰ ਸਿੱਖ ਗੁਰੂ ਜੀ ਦੇ ਨਾਲ ਸਨ।

ਆਪ ਸਭ ਤੋਂ ਪਹਿਲਾਂ 22 ਨਵੰਬਰ, 1664 ਦੇ ਦਿਨ ਗੁਰੂ ਕਾ ਚੱਕ (ਹੁਣ ਅੰਮ੍ਰਿਤਸਰ) ਗਏ। ਜਦੋਂ ਗੁਰੂ ਜੀ ਦਰਬਾਰ ਸਾਹਿਬ ਨੇੜੇ ਆਏ ਤਾਂ ਪੁਜਾਰੀਆਂ ਨੇ ਦਰਵਾਜ਼ੇ ਬੰਦ ਕਰ ਲਏ।

ਗੁਰੂ ਸਾਹਿਬ ਨੇ ਦਰਬਾਰ ਸਾਹਿਬ ਦੇ ਬਾਹਰ ਹੀ ਇਕ ਟਿੱਬੇ ‘ਤੇ ਦੀਵਾਨ ਸਜਾਇਆ (ਇਸ ਥਾਂ ਹੁਣ ਗੁਰਦੁਆਰਾ ਥੜ੍ਹਾ ਸਾਹਿਬ ਬਣਿਆ ਹੋਇਆ ਹੈ)।