ਕਬੀਰ ਮਾਰੀ ਮਰਉ ਕੁਸੰਗ ਕੀ ਕੇਲੇ ਨਿਕਟਿ ਜੁ ਬੇਰਿ ॥
ਉਹ ਝੂਲੈ ਉਹ ਚੀਰੀਐ ਸਾਕਤ ਸੰਗੁ ਨ ਹੇਰਿ ॥

 ਭਗਤ ਕਬੀਰ ਜੀ
 ਸਲੋਕ  ਅੰਗ ੧੩੬੯ (1369)

ਜਿਵੇਂ ਕੇਲੇ ਦੇ ਨੇੜੇ ਕੋਈ ਬੇਰੀ ਉੱਗੀ ਹੋਈ ਹੋਵੇ, ਜਦੋਂ ਬੇਰੀ ਹਵਾ ਨਾਲ ਹੁਲਾਰੇ ਲੈਂਦੀ ਹੈ, ਤਾਂ ਕੇਲੇ ਉਸ ਬੇਰੀ ਦੇ ਕੰਡਿਆਂ ਨਾਲ ਚੀਰੇ ਜਾਂਦੇ ਹਨ; ਤਿਵੇਂ ਹੀ ਜੇ ਭੈੜੀ-ਸੰਗਤ ਵਿਚ ਬੈਠਿਆ ਰਹੇਂ ਤਾਂ ਵਿਕਾਰਾਂ ਦੇ ਅਸਰ ਹੇਠ ਤੇਰੀ ਜਿੰਦ ਵੀ ਆਤਮਕ ਮੌਤੇ ਮਰ ਜਾਏਗੀ ।

ਭਗਤ ਕਬੀਰ ਸਮਝਾਉਂਦੇ ਹਨ ਕਿ ਕੁਦਰਤਿ ਦੇ ਸੱਚ ਸਿਧਾਂਤ ਨਾਲੋਂ ਟੁੱਟੇ ਲੋਕਾਂ ਦਾ ਸਾਥ ਕਦੇ ਭੀ ਨਾਹ ਕਰੀਂ, ਉਹ ਕੇਵਲ ਤੇਰਾ ਨੁਕਸਾਨ ਹੀ ਕਰਨਗੇ।


22 ਮਈ, 1914 : ਕਾਮਾਗਾਟਾਮਾਰੂ ਜਹਾਜ਼ ਵੈਨਕੂਵਰ ਪੁੱਜਾ

ਕਾਮਾਗਾਟਾਮਾਰੂ ਬਿਰਤਾਂਤ ਵਾਲਾ ਜਹਾਜ਼ ਵਿਕਟੋਰੀਆ ਤੇ ਚੱਲ ਕੇ 22 ਮਈ, 1914 ਵਾਲੇ ਦਿਨ ਵੈਨਕੂਵਰ ਪੁੱਜਾ।

4 ਅਪ੍ਰੈਲ 1914 ਵਾਲੇ ਦਿਨ, ਬਾਬਾ ਗੁਰਦਿੱਤ ਸਿੰਘ ਸਰਹਾਲੀ ਹੁਣਾਂ ਦੀ ਅਗਵਾਈ ਹੇਠ ‘ਗੁਰੂ ਨਾਨਕ ਜਹਾਜ਼ (ਕਾਮਾ ਗਾਟਾ ਮਾਰੂ)’ ਹਾਂਗਕਾਂਗ ਤੋਂ ਕਨੈਡਾ ਦੇ ਲਈ ਰਵਾਨਾ ਹੋਇਆ ਸੀ ਅਤੇ 22 ਮਈ, 1914 ਵਾਲੇ ਦਿਨ ਇਹ ਜਹਾਜ਼ ਵੈਨਕੂਵਰ ਪੁੱਜਾ ਸੀ।

ਇਸ ਵਿੱਚ 376 ਮੁਸਾਫ਼ਰ ਸਵਾਰ ਸਨ ਇਹ ਹਾਂਗਕਾਂਗ, ਸ਼ੰਘਾਈ, ਚੀਨ ਦੇ ਰਸਤਿਉਂ ਹੋ ਕੇ ਯੋਕੋਹਾਮਾ, ਜਪਾਨ ਵਿੱਚੋਂ ਲੰਘਦਿਆਂ ਹੋਇਆਂ ਵੈਨਕੂਵਰ, ਬ੍ਰਿਟਿਸ਼ ਕੋਲੰਬੀਆ, ਕੈਨੇਡਾ ਪੁੱਜਾ ਸੀ। ਇਹਨਾਂ ਵਿੱਚੋਂ 24 ਮੁਸਾਫਰਾਂ ਨੂੰ ਕੈਨੇਡਾ ਵਿੱਚ ਦਾਖ਼ਲ ਹੋਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ ਜਦਕਿ ਬਾਕੀ 352 ਮੁਸਾਫ਼ਰਾਂ ਨੂੰ ਵੈਨਕੂਵਰ ਕੈਨੇਡਾ ਦੀ ਧਰਤੀ ਉੱਤੇ ਉੱਤਰਨ ਦੀ ਇਜਾਜ਼ਤ ਨਹੀਂ ਸੀ ਦਿੱਤੀ ਗਈ ਅਤੇ ਜਹਾਜ਼ ਨੂੰ ਭਾਰਤ ਵਾਪਸ ਪਰਤਣ ਲਈ ਮਜ਼ਬੂਰ ਕੀਤਾ ਗਿਆ ਸੀ। ਇਨ੍ਹਾਂ ਮੁਸਾਫ਼ਰਾਂ ਵਿੱਚ 340 ਸਿੱਖ, 24 ਮੁਸਲਮਾਨ ਅਤੇ 12 ਹਿੰਦੂ ਸ਼ਾਮਲ ਸਨ ।


22 ਮਈ, 1919 : ਕਰਤਾਰ ਸਿੰਘ ਝੱਬਰ ਨੂੰ ਫਾਂਸੀ ਅਤੇ ਉਨ੍ਹਾਂ ਦੇ ਸਤਾਰਾਂ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ

22 ਮਈ 1919 ਵਾਲੇ ਦਿਨ ਸਰਦਾਰ ਕਰਤਾਰ ਸਿੰਘ ਝੱਬਰ ਨੂੰ ਫਾਂਸੀ ਅਤੇ ਉਨ੍ਹਾਂ ਦੇ ਸਤਾਰਾਂ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ।

ਸੰਨ 1914 ਵਿਚ ਬਰਤਾਨਵੀ ਹਕੂਮਤ ਵਲੋਂ ਬਣਾਏ ਗਏ ਕਾਲੇ ਕਨੂੰਨ ‘ਰੋਲਟ ਐਕਟ ਬਿਲ’ ਦੇ ਵਿਰੋਧ ਵਜੋਂ ਹੋਏ ਦੇਸ਼ ਵਿਆਪੀ ਅੰਦੋਲਨ ਅਤੇ ‘ਜਲ੍ਹਿਆਂਵਾਲਾ ਬਾਗ ਦੇ ਖੂਨੀ ਕਾਂਡ’ ਨੇ ਆਪ ਨੂੰ ਇਕ ਇੰਕਲਾਬੀ ਆਗੂ ਬਣਾ ਦਿਤਾ । ਆਪ ਨੇ ਅੰਗਰੇਜ਼ ਰਾਜ ਦੇ ਸਾਰੇ ਕਾਲੇ ਬਿੱਲਾਂ ਅਤੇ ਕਾਨੂੰਨਾਂ ਦੇ ਖਿਲਾਫ ਕੀਤੇ ਜਾ ਰਹੇ ਮੁਜ਼ਾਹਰਿਆਂ ਵਿਚ ਸਰਗਰਮੀ ਦੇ ਨਾਲ ਹਿੱਸਾ ਲਿਆ ਅਤੇ ਗੋਰੀ ਸਰਕਾਰ ਵਲੋਂ ਕੀਤੇ ਗਏ ਜਬਰ ਵਿਰੁੱਧ ਕਈ ਧੂੰਆਂਧਾਰ ਤਕਰੀਰਾਂ ਕੀਤੀਆਂ।

ਸਰਦਾਰ ਕਰਤਾਰ ਸਿੰਘ ਝਬਰ ਨੇ ਅੰਗ੍ਰੇਜ਼ ਸਰਕਾਰ ਦੇ ਖ਼ਿਲਾਫ਼, ਵਿਰੋਧ ਪ੍ਰਦਰਸ਼ਨਾਂ ਅਤੇ ਵਿਰੋਧ ਵਿਖਾਵਿਆਂ ਵਿਚ ਬੜੀ ਸਰਗਰਮੀ ਦੇ ਨਾਲ ਹਿਸਾ ਲੈਣਾ ਸ਼ੁਰੂ ਕਰ ਦਿੱਤਾ ਸੀ। 1919 ਵਿਚ ਜਦੋਂ ਜਲ੍ਹਿਆਂਵਾਲਾ ਬਾਗ਼ ਵਿੱਖੇ ਕਤਲੇਆਮ ਹੋਇਆ ਤਾਂ ਉਸਦੇ ਵਿਰੋਧ ਵਿਚ ਭਾਰਤੀਆਂ ਵਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ ਵਿੱਚ ਸੰਬੋਧਨ ਕਰਨ ਦੇ ਲਈ ਆਪ ਨੇ ਸਰਗਰਮੀ ਦੇ ਨਾਲ ਹਿਸਾ ਲੈਣ ਸ਼ੁਰੂ ਕਰ ਦਿੱਤਾ।

ਭੜਕਾਊ ਭਾਸ਼ਣਾ ਦੇ ਦੋਸ਼ ਤਹਿਤ ਆਪ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਨਜਰਬੰਦ ਕਰਕੇ, ਰੋਸ ਵਿਖਾਵੇ ਅਤੇ ਮੁਜਾਹਰੇ ਕਰਨ ਦੇ ਦੋਸ਼ ਦੇ ਤਹਿਤ ਮੁਕੱਦਮਾ ਚਲਾਇਆ ਗਿਆ, ਜਿਸ ਦੇ ਨਤੀਜੇ ਵੱਜੋਂ ਕਰਤਾਰ ਸਿੰਘ ਝੱਬਰ ਨੂੰ ਫਾਂਸੀ ਅਤੇ ਉਨ੍ਹਾਂ ਦੇ ਸਤਾਰਾਂ ਸਾਥੀਆਂ ਨੂੰ ਉਮਰ ਕੈਦ ਦੀ ਸਜ਼ਾ ਦਿਤੀ ਗਈ।