ਫਰੀਦਾ ਜਾਂ ਤਉ ਖਟਣ ਵੇਲ ਤਾਂ ਤੂ ਰਤਾ ਦੁਨੀ ਸਿਉ ॥
ਮਰਗ ਸਵਾਈ ਨੀਹਿ ਜਾਂ ਭਰਿਆ ਤਾਂ ਲਦਿਆ ॥

 : ਭਗਤ ਫ਼ਰੀਦ ਜੀ
 ਸਲੋਕ  ਅੰਗ ੧੩੭੮ (1378)

ਭਗਤ ਫਰੀਦ ਜੀ ਕਹਿੰਦੇ ਹਨ ਕਿ ਜਦੋਂ ਤੇਰਾ ਅਸਲ ਖੱਟੀ ਖੱਟਣ (ਕਮਾਈ ਕਰਨ) ਦਾ ਵੇਲਾ ਸੀ ਤਦੋਂ ਤੂੰ ਦੁਨੀਆਦਾਰੀ (ਸੰਸਾਰਕ ਕਾਰਵਿਹਾਰ) ਵਿੱਚ ਮਸਤ ਰਿਹਾ ।

ਇਸ ਦੌਰਾਨ ਮੌਤ ਦੀ ਨੀਂਹ ਪੱਕੀ ਹੁੰਦੀ ਹੈ, ਭਾਵ, ਮੌਤ ਦਾ ਸਮਾਂ ਨੇੜੇ ਆਉਂਦਾ ਹੈ। ਜਦੋਂ ਤੇਰੇ ਸਾਰੇ ਸੁਆਸ ਪੂਰੇ ਹੋ ਗਏ, ਤਾਂ ਇਥੋਂ ਕੂਚ ਕਰਨਾ ਪੈਣਾ ਹੈ।

ਇਸ ਬਾਣੀ ਰਾਹੀਂ ਸਾਨੂੰ ਗੁਰਮਤਿ ਜੀਵਨ ਜਾਚ ਦੀ ਸਿਖਿਆ ਮਿਲਦੀ ਹੈ ਕਿ ਜ਼ਿੰਦਗੀ ਦੇ ਸੰਸਾਰਕ ਕਾਰਵਿਹਾਰ ਕਰਦਿਆਂ, ਨਾਲੋਂ-ਨਾਲ ਆਪਣੇ ਜੀਵਨ ਦੇ ਉੱਚੇ ਮਨੋਰਥ ਦੀ ਪ੍ਰਾਪਤੀ ਅਤੇ ਬੁੱਧੀ ਦੇ ਵਿਕਾਸ ਲਈ ਵੀ ਸਮਾਂ ਕੱਢਿਆ ਕਰੀਏ।


22 ਮਾਰਚ, 1884 : ਜਨਮ ਕਰਮ ਸਿੰਘ ਹਿਸਟੋਰੀਅਨ, ਪ੍ਰਸਿੱਧ ਸਿੱਖ ਇਤਿਹਾਸਕਾਰ

ਕਰਮ ਸਿੰਘ ਹਿਸਟੋਰੀਅਨ, ਪ੍ਰਸਿੱਧ ਸਿੱਖ ਇਤਿਹਾਸਕਾਰ, ਜਿਸ ਨੇ ਸਿੱਖ ਇਤਿਹਾਸ ਦੀ ਖੋਜ ਲਈ ਵਿਗਿਆਨਿਕ ਪਹੁੰਚ ਅਪਣਾਈ।

22 ਮਾਰਚ, 1884 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੀ ਤਰਨਤਾਰਨ ਤਹਿਸੀਲ ਦੇ ਝਬਾਲ ਪਿੰਡ ਵਿਚ ਸ. ਝੰਡਾ ਸਿੰਘ ਢਿਲੋਂ ਦੇ ਘਰ ਮਾਈ ਬਿਸ਼ਨ ਕੌਰ ਦੀ ਕੁੱਖੋਂ ਪੈਦਾ ਹੋਏ। ਕਰਮ ਸਿੰਘ ਦਾ ਪਰਿਵਾਰਿਕ ਪਿਛੋਕੜ ਗੁਰੂ ਅਰਜਨ ਦੇਵ ਜੀ ਦੇ ਸਿੱਖ ਭਾਈ ਲੰਗਾਹ ਨਾਲ ਜਾ ਜੁੜਦਾ ਹੈ। ਆਪ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮਕਾਲੀ ਚੌਧਰੀ ਲੰਗਾਹ ਦੇ ਖਾਨਦਾਨ ਵਿਚੋਂ ਸ: ਹਕੀਕਤ ਸਿੰਘ ਦੇ ਪੋਤਰੇ ਅਤੇ ਸ: ਝੰਡਾ ਸਿੰਘ ਦੇ ਸਪੁੱਤਰ ਸਨ।

ਮੁੱਢਲੀ ਸਿੱਖਿਆ ਝਬਾਲ ਤੋਂ ਪਾਸ ਕਰਕੇ ਮਿਡਲ ਦੀ ਪੜ੍ਹਾਈ ਖਾਲਸਾ ਕਾਲਜ ਸਕੂਲ ਅੰਮ੍ਰਿਤਸਰ ਤੋਂ ਪਾਸ ਕੀਤੀ। ਦਸਵੀਂ ਤਰਨ ਤਾਰਨ ਤੋਂ ਕਰਨ ਉਪਰੰਤ ਸੰਨ 1902 ਵਿਚ ਖਾਲਸਾ ਕਾਲਜ ਅੰਮ੍ਰਿਤਸਰ ਵਿਚ ਐੱਫ. ਐੱਸ. ਸੀ. ‘ਚ ਦਾਖਲਾ ਲਿਆ। ਇਸ ਸਮੇਂ ਸਿੰਘ ਸਭਾ ਲਹਿਰ ਦਾ ਉਭਾਰ ਹੋ ਰਿਹਾ ਸੀ। ਆਪ ਨੇ ਸਿੱਖ ਰਾਜ ਦੀਆਂ ਢਹਿੰਦੀਆਂ ਤੇ ਚੜ੍ਹਦੀਆਂ ਕਲਾਂ ਬਾਰੇ ਖੋਜ ਕਰਕੇ ਇਤਿਹਾਸ ਲਿਖਣ ਦੀ ਚਾਹਨਾ ਕਾਰਨ ਪੜ੍ਹਾਈ ਵਿਚੇ ਹੀ ਛੱਡ ਦਿੱਤੀ। ਐੱਫ. ਐੱਸ. ਸੀ. ਦੇ ਆਖਰੀ ਸਾਲ ਦੇ ਇਮਤਿਹਾਨ ਛੱਡ ਕੇ ਆਪ ਇਤਿਹਾਸ ਦੇ ਖੋਜ ਕਾਰਜਾਂ ‘ਚ ਜੁਟ ਗਏ।

ਕਰਮ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਮੱਕਾ, ਮਦੀਨਾ ਤੇ ਬਗਦਾਦ ਦੀ ਯਾਤਰਾ ਬਾਰੇ ਖੋਜ ਕਰਨ ਦਾ ਉਦੇਸ਼ ਲੈ ਕੇ ਇਨ੍ਹਾਂ ਹੀ ਸਥਾਨਾਂ ਉੱਪਰ ਜਾਣ ਦਾ ਫੈਸਲਾ ਕੀਤਾ।

ਪਟਿਆਲਾ ਸਟੇਟ ਦੇ ਮੁੱਖ ਮੰਤਰੀ ਸਰ ਜੋਗਿੰਦਰ ਸਿੰਘ ਨੇ ਕਰਮ ਸਿੰਘ ਨੂੰ ਸਟੇਟ ਹਿਸਟੋਰੀਅਨ ਮੁਕਰਰ ਕਰਕੇ ਰਾਜ ਦਰਬਾਰ ਵਿਚ ਨੌਕਰੀ ਦੇ ਦਿੱਤੀ ਪਰ ਅਜ਼ਾਦ ਤੌਰ ‘ਤੇ ਨਿਰਪੱਖ ਇਤਿਹਾਸ ਲਿਖਣ ਕਾਰਨ ਆਪ ਨੇ ਛੇਤੀ ਹੀ ਇਹ ਨੌਕਰੀ ਛੱਡ ਦਿੱਤੀ।

ਜਦੋਂ ਕਰਮ ਸਿੰਘ ਨੇ ਇਤਿਹਾਸ ਸੰਬੰਧੀ ਆਪਣੀ ਵਿਗਿਆਨਿਕ ਅਤੇ ਤੱਥ-ਆਧਾਰਿਤ ਖੋਜ ਨੂੰ ਪ੍ਰਕਾਸ਼ਿਤ ਕਰਨਾ ਆਰੰਭ ਕੀਤਾ ਤਾਂ ਪੁਰਾਣ-ਪੰਥੀਆਂ ਅਤੇ ਪਰੰਪਰਾ-ਵਾਦੀਆਂ ਨੇ ਬਹੁਤ ਵਿਰੋਧ ਕੀਤਾ।

ਸੰਨ 1907 ਵਿਚ ‘ਜੀਵਨ ਬ੍ਰਿੱਤਾਂਤ ਬੰਦਾ ਬਹਾਦਰ’, ‘ਜੀਵਨ ਬੀਬੀ ਸਦਾ ਕੌਰ’ ਅਤੇ ‘ਬੀਬੀ ਹਰਨਾਮ ਕੌਰ’ ਨਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ। ਇਸ ਤੋਂ ਬਾਦ ‘ਜੀਵਨ ਬ੍ਰਿੱਤਾਂਤ ਮਹਾਰਾਜਾ ਆਲਾ ਸਿੰਘ’, ‘ਕੇਸ ਅਤੇ ਸਿੱਖੀ’, ‘ਗੁਰਪੁਰਬ ਨਿਰਣਯ’, ‘ਚਿਠੀਆਂ ਤੇ ਪ੍ਰਸਤਾਵ’, ‘ਬੰਦਾ ਕੌਣ ਸੀ?’ ਆਦਿ ਪੁਸਤਕਾਂ ਛਪ ਕੇ ਸਾਹਮਣੇ ਆਈਆਂ।

ਇਤਿਹਾਸਿਕ ਖੋਜ ਅਧਾਰਿਤ ਪੁਸਤਕ ‘ਕਤਕ ਕਿ ਵਿਸਾਖ’ (1912) ਰਾਹੀਂ ਗੁਰੂ ਨਾਨਕ ਦੇਵ ਜੀ ਜੇ ਪ੍ਰਕਾਸ਼/ਜਨਮ ਬਾਰੇ ਭੁਲੇਖਿਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ।