ਮਃ ੫ ॥

ਸਤਿਗੁਰੁ ਸਿਮਰਹੁ ਆਪਣਾ ਘਟਿ ਅਵਘਟਿ ਘਟ ਘਾਟ ॥
ਹਰਿ ਹਰਿ ਨਾਮੁ ਜਪੰਤਿਆ ਕੋਇ ਨ ਬੰਧੈ ਵਾਟ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਰਾਮਕਲੀ  ਅੰਗ ੯੬੧ (961)

ਆਪਣੇ ਸੱਚੇ ਗੁਰੂ ਨੂੰ ਆਪਣੇ ਹਿਰਦੇ ਵਿਚ ਉੱਠਦਿਆਂ ਬੈਠਦਿਆਂ ਹਰ ਥਾਂ, ਹਰ ਸਮੇਂ, ਹਰ ਪਲ, ਹਰ ਹਾਲ ਵਿਚ ਚੇਤੇ ਰੱਖੋ ।

ਆਪਣੇ ਮਾਲਕ ਦਾ ਸੱਚਾ ਨਾਮ ਸਿਮਰਿਆਂ, ਕੋਈ ਵਿਕਾਰ ਰੂਪੀ ਰੁਕਾਵਟਾਂ, ਸਾਡੀ ਜ਼ਿੰਦਗੀ ਦੇ ਰਸਤੇ ਵਿਚ ਰੋਕ ਨਹੀਂ ਪਾ ਸਕਣਗੀਆਂ ।


22 ਜੂਨ, 1713 : ਸਢੌਰਾ ਫ਼ਤਿਹ ਕੀਤਾ ਬਾਬਾ ਬੰਦਾ ਸਿੰਘ ਬਹਾਦਰ ਨੇ

ਸਢੌਰਾ ਦਾ ਜ਼ਾਲਮ ਹਾਕਮ ਉਸਮਾਨ ਖ਼ਾਨ ਗ਼ੈਰ-ਮੁਸਲਮਾਨਾਂ ਨੂੰ ਸਖ਼ਤ ਨਫ਼ਰਤ ਕਰਦਾ ਸੀ। ਉਹ ਉਨ੍ਹਾਂ ਉਤੇ ਜ਼ੁਲਮ ਕਰਨ ਅਤੇ ਧੀਆਂ-ਭੈਣਾਂ ਦੀ ਅਜ਼ਮਤ ਲੁਟਣ ਦਾ ਕੋਈ ਮੌਕਾ ਨਹੀਂ ਸੀ ਗੁਆਉਂਦਾ। ਉਸਨੇ ਗੁਰੂ ਘਰ ਦੇ ਸ਼ਰਧਾਲੂ ਮੁਸਲਮਾਨ ਪੀਰ ਬੁੱਧੂ ਸ਼ਾਹ (ਸਈਅਦ ਬਦਰੁੂਦੀਨ) ਅਤੇ ਉਸ ਦੇ ਪ੍ਰਵਾਰ ਉਤੇ ਬੜੇ ਜ਼ੁਲਮ ਢਾਏ ਸਨ ਤੇ ਉਨ੍ਹਾਂ ਨੂੰ ਸਿੱਖਾਂ ਦਾ ਸਾਥੀ ਆਖ ਕੇ ਸ਼ਹੀਦ ਕੀਤਾ ਸੀ।

ਇਸ ਜ਼ਾਲਿਮ ਹਾਕਮ ਨੂੰ ਸਬਕ ਸਿਖਾਉਣ ਲਈ ਬਾਬਾ ਬੰਦਾ ਸਿੰਘ ਬਹਾਦਰ ਨੇ ਸਢੌਰਾ ਵਲ ਕੂਚ ਕਰ ਦਿਤਾ। ਜੂਨ, 1710 ਤਕ ਬੰਦਾ ਸਿੰਘ ਦੀਆਂ ਫ਼ੌਜਾਂ ਦੀ ਗਿਣਤੀ 35 ਤੋਂ 40 ਹਜ਼ਾਰ ਤਕ ਪੁੱਜ ਚੁਕੀ ਸੀ।

ਜਦੋਂ ਬੰਦਾ ਸਿੰਘ ਦੀਆਂ ਫ਼ੌਜਾਂ ਸਢੌਰੇ ਦੇ ਨੇੜੇ ਪਹੁੰਚੀਆਂ ਤਾਂ ਉਸਮਾਨ ਖ਼ਾਨ ਦੀਆਂ ਪਹਿਲਾਂ ਤੋਂ ਹੀ ਤਿਆਰ ਖੜੀਆਂ ਤੋਪਾਂ ਨੇ ਸਿੱਖ ਫ਼ੌਜਾਂ ਉਤੇ ਗੋਲੇ ਦਾਗਣੇ ਸ਼ੁਰੂ ਕਰ ਦਿਤੇ। ਇਸ ਨਾਲ ਕਈ ਸਿੱਖ ਸ਼ਹੀਦ ਹੋ ਗਏ ਪਰ ਇਸ ਦੇ ਬਾਵਜੂਦ ਸਿੱਖ ਫ਼ੌਜੀ ਅੱਗੇ ਵਧਦੇ ਗਏ ਅਤੇ ਸਾਰਾ ਜ਼ੋਰ ਲਾ ਕੇ ਨਗਰ ਦਾ ਮੁੱਖ-ਦਰਵਾਜ਼ਾ ਤੋੜ ਦਿਤਾ।

ਸ਼ਹਿਰ ਅੰਦਰ ਉਸਮਾਨ ਖ਼ਾਨ ਦੀਆਂ ਫ਼ੌਜਾਂ ਅਤੇ ਸਿੱਖ ਫ਼ੌਜਾਂ ਵਿਚਕਾਰ ਜ਼ਬਰਦਸਤ ਜੰਗ ਹੋਈ। ਸ਼ਹੀਦ ਪੀਰ ਬੁੱਧੂ ਸ਼ਾਹ ਦਾ ਬਚਿਆ ਹੋਇਆ ਪ੍ਰਵਾਰ ਅਤੇ ਮੁਰੀਦ ਇਸ ਜੰਗ ਵਿਚ ਸਿੱਖ ਫ਼ੌਜਾਂ ਦਾ ਸਾਥ ਦੇ ਰਹੇ ਸਨ, ਇਸ ਕਰ ਕੇ ਉਨ੍ਹਾਂ ਨੂੰ ਸ਼ਹਿਰ ਉਤੇ ਕਬਜ਼ਾ ਕਰਨ ਵਿਚ ਬਹੁਤੀ ਮੁਸ਼ਕਲ ਨਾ ਆਈ।

ਸਢੌਰਾ ਦੇ ਕਈ ਅਮੀਰ ਤੇ ਬਾਸ਼ਿੰਦੇ, ਚਿੱਟਾ ਝੰਡਾ ਲੈ ਕੇ ਫਰਿਆਦੀ ਬਣ ਕੇ ਬੰਦਾ ਸਿੰਘ ਕੋਲ ਪੇਸ਼ ਹੋਏ ਅਤੇ ਰਹਿਮ ਦੀ ਭਿਖਿਆ ਮੰਗੀ। ਬੰਦਾ ਸਿੰਘ ਨੇ ਉਨ੍ਹਾਂ ਨੂੰ ਮੁਆਫ਼ ਕਰ ਦਿਤਾ ਪਰ ਉਨ੍ਹਾਂ ਤੋਂ ਇਹ ਵਾਅਦਾ ਲਿਆ ਕਿ ਉਹ ਅੱਗੋਂ ਤੋਂ ਖ਼ਾਲਸਾ ਰਾਜ ਦੇ ਵਫ਼ਾਦਾਰ ਰਹਿਣਗੇ।