22 ਜਨਵਰੀ

ਨਟ ਪੜਤਾਲ ਮਹਲਾ ੫

 ਮਹਲਾ ੫ : ਗੁਰੂ ਅਰਜਨ ਜੀ
 ਰਾਗ ਨਟ ਨਾਰਾਇਣ  ਅੰਗ ੯੮੦

ਕੋਊ ਹੈ ਮੇਰੋ ਸਾਜਨੁ ਮੀਤੁ ॥
ਹਰਿ ਨਾਮੁ ਸੁਨਾਵੈ ਨੀਤ ॥
ਬਿਨਸੈ ਦੁਖੁ ਬਿਪਰੀਤਿ ॥
ਸਭੁ ਅਰਪਉ ਮਨੁ ਤਨੁ ਚੀਤੁ ॥੧॥ ਰਹਾਉ ॥
ਕੋਈ ਵਿਰਲਾ ਆਪਨ ਕੀਤ ॥
ਸੰਗਿ ਚਰਨ ਕਮਲ ਮਨੁ ਸੀਤ ॥
ਕਰਿ ਕਿਰਪਾ ਹਰਿ ਜਸੁ ਦੀਤ ॥੧॥
ਹਰਿ ਭਜਿ ਜਨਮੁ ਪਦਾਰਥੁ ਜੀਤ ॥
ਕੋਟਿ ਪਤਿਤ ਹੋਹਿ ਪੁਨੀਤ ॥
ਨਾਨਕ ਦਾਸ ਬਲਿ ਬਲਿ ਕੀਤ ॥੨॥੧॥੧੦॥੧੯॥

ਕੋਈ ਵਿਰਲਾ ਹੀ (ਲੱਭਦਾ) ਹੈ ਇਹੋ ਜਿਹਾ ਸੱਜਣ ਮਿੱਤਰ, ਜਿਹੜਾ ਸਦਾ ਸੱਚਾ ਨਾਮ ਸੁਣਾਂਦਾ ਰਹੇ । ਨਾਮ ਦੀ ਬਰਕਤਿ ਨਾਲ ਭੈੜੇ ਪਾਸੇ ਦੀ ਪ੍ਰੀਤ ਦਾ ਦੁੱਖ ਦੂਰ ਹੋ ਜਾਂਦਾ ਹੈ । ਜੇ ਕੋਈ ਐਸਾ ਸੱਜਣ ਮਿਲ ਪਏ, ਤਾਂ ਉਸ ਤੋਂ ਮੈਂ ਆਪਣਾ ਮਨ ਆਪਣਾ ਤਨ ਆਪਣਾ ਚਿੱਤ ਸਭ ਕੁਝ ਸਦਕੇ ਕਰ ਦਿਆਂ ।

ਕੋਈ ਵਿਰਲਾ ਹੀ ਹੁੰਦਾ ਹੈ ਜਿਸਨੂੰ ਆਪਣਾ ਬਣਾ ਲਿਆ ਹੁੰਦਾ ਹੈ, ਜਿਸ ਨੇ ਗੁਰੂ ਦੇ ਸੋਹਣੇ ਚਰਨਾਂ ਨਾਲ ਆਪਣਾ ਮਨ ਜੋੜ ਰੱਖਿਆ ਹੁੰਦਾ ਹੈ, ਤੇ ਗੁਰੂ ਨੇ ਕਿਰਪਾ ਕਰ ਕੇ ਆਪਣੀ ਸਿਫ਼ਤਿ-ਸਾਲਾਹ ਦੀ ਦਾਤਿ ਦਿੱਤੀ ਹੁੰਦੀ ਹੈ ।

ਨਾਮ ਜਪ ਕੇ ਕੀਮਤੀ ਮਨੁੱਖਾ ਜਨਮ ਕਾਮਯਾਬ ਬਣਾ ਕੇ ਕੋ੍ਰੜਾਂ ਵਿਕਾਰੀ ਪਵਿੱਤਰ ਹੋ ਜਾਂਦੇ ਹਨ । ਗੁਰੂ ਨਾਨਕ ਅਨੁਸਾਰ ਐਸੇ ਗੁਰਸਿੱਖ ਤੋਂ ਮੈਂ ਆਪਣੇ ਆਪ ਨੂੰ ਸਦਕੇ ਕਰਦਾ ਹਾਂ ਕੁਰਬਾਨ ਕਰਦਾ ਹਾਂ ।


22 ਜਨਵਰੀ, 1922 : ਮਹਾਤਮਾ ਗਾਂਧੀ ਦੀ ਵਧਾਈ ਦੀ ਟੈਲੀਗ੍ਰਾਮ

ਦਰਬਾਰ ਸਾਹਿਬ ਦੀ ਚਾਬੀਆਂ ਦਾ ਮੋਰਚਾ 19 ਜਨਵਰੀ, 1922 ਨੂੰ ਫਤਿਹ ਹੋਣ ਦੀ ਖਬਰ ਸੁਣ ਕੇ ਪੂਰੇ ਦੇਸ਼ ਵਿੱਚ ਖੁਸ਼ੀ ਮਨਾਈ ਗਈ। 22 ਜਨਵਰੀ, 1922 ਨੂੰ ਮਹਾਤਮਾ ਗਾਂਧੀ ਨੇ ਸਿੱਖਾਂ ਨੂੰ ਇੱਕ ਤਾਰ (ਟੈਲੀਗ੍ਰਾਮ) ਭੇਜੀ ਜਿਸ ਤੇ ਲਿਖਿਆ ਸੀ :

First battle of India's Independence Won! Congratulations!

ਭਾਰਤ ਦੀ ਆਜ਼ਾਦੀ ਦੀ ਪਹਿਲੀ ਲੜਾਈ ਜਿੱਤੀ ਗਈ! ਵਧਾਈਆਂ!