ਮਃ ੫ ॥

ਮੁਠੜੇ ਸੇਈ ਸਾਥ ਜਿਨੀ ਸਚੁ ਨ ਲਦਿਆ ॥
ਨਾਨਕ ਸੇ ਸਾਬਾਸਿ ਜਿਨੀ ਗੁਰ ਮਿਲਿ ਇਕੁ ਪਛਾਣਿਆ ॥

 ਮਹਲਾ ੫ – ਗੁਰੂ ਅਰਜਨ ਸਾਹਿਬ ਜੀ
 ਰਾਗ ਗਉੜੀ  ਅੰਗ ੩੧੯ (319)

ਇਸ ਸੰਸਾਰ ਵਿੱਚ, ਉਹਨਾਂ ਵਪਾਰੀ ਰੂਪੀ ਜੀਵਾਂ ਦੇ ਟੋਲਿਆਂ ਦੇ ਟੋਲੇ ਲੁੱਟੇ ਗਏ ਜਾਣੋ, ਜਿਨ੍ਹਾਂ ਨੇ ਆਪਣੇ ਜੀਵਨ ਸੱਚੇ ਨਾਮ ਦਾ ਸੌਦਾ ਨਹੀਂ ਲੱਦਿਆ । ਪਰ ਉਹਨਾਂ ਨੂੰ ਸ਼ਾਬਾਸ਼ ਹੈ, ਜਿਨ੍ਹਾਂ ਨੇ ਸਤਿਗੁਰੂ ਨੂੰ ਮਿਲ ਕੇ, ਸੰਸਾਰ ਦੇ ਇੱਕੋ-ਇੱਕ ਮਾਲਕ ਨੂੰ ਪਛਾਣ ਲਿਆ ਹੈ ।


22 ਦਸੰਬਰ, 1704 : ਚਮਕੌਰ ਦੀ ਗੜ੍ਹੀ ਦੀ ਜੰਗ

ਅਨੰਦਪੁਰ ਸਾਹਿਬ ਦਾ ਕਿਲ੍ਹਾ ਖ਼ਾਲੀ ਕਰਨ ਅਤੇ ਪਰਿਵਾਰ ਵਿਛੋੜੇ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ, ਦੋਵੇਂ ਵੱਡੇ ਸਾਹਿਬਜ਼ਾਦੇ ਅਤੇ ਬਾਕੀ ਸਿੰਘਾਂ ਨੇ ਚਮਕੌਰ ਸਾਹਿਬ ਵੱਲ (ਰੋਪੜ ਤੇ ਬੂਰ ਮਾਜਰਾ ਰਾਹੀਂ) ਅਪਣਾ ਸਫ਼ਰ ਜਾਰੀ ਰਖਿਆ।

ਜਦੋਂ ਇਹ ਕਾਫ਼ਲਾ ਚਮਕੌਰ ਦੀ ਜੂਹ ਅੰਦਰ ਦਾਖ਼ਲ ਹੁੰਦਾ ਹੈ ਤਾਂ ਉਸ ਸਮੇਂ ਦੋਵੇਂ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਅਤੇ ਬਾਬਾ ਜੁਝਾਰ ਸਿੰਘ ਤੋਂ ਇਲਾਵਾ ਗੁਰੂ ਸਾਹਿਬ ਨਾਲ ਸਿਰਫ਼ 40 ਸਿੰਘ ਸਨ। ਪਿੱਛਾ ਕਰ ਰਹੀ ਮੁਗ਼ਲ ਫੌਜ ਨੇ ਗੜ੍ਹੀ ਨੂੰ ਘੇਰ ਲਿਆ।

22 ਦਸੰਬਰ, 1704 ਨੂੰ ਮੁਗ਼ਲ ਫੌਜ ਨੇ ਗੜ੍ਹੀ ਉਤੇ ਹੱਲਾ ਬੋਲ ਦਿਤਾ। ਗੁਰੂ ਸਾਹਿਬ ਨੇ ਇਸ ਹਮਲੇ ਦੇ ਟਾਕਰੇ ਲਈ ਪੰਜ-ਪੰਜ ਸਿੰਘਾਂ ਦੇ ਸ਼ਹੀਦੀ ਜਥੇ ਬਣਾ ਕੇ ਬਾਹਰ ਭੇਜਣੇ ਸ਼ੁਰੂ ਕਰ ਦਿਤੇ। ਇਸੇ ਦੌਰਾਨ ਦੋਨੋਂ ਵੱਡੇ ਸਾਹਿਬਜ਼ਾਦੇ – ਬਾਬਾ ਅਜੀਤ ਸਿੰਘ (17 ਸਾਲ) ਅਤੇ ਬਾਬਾ ਜੁਝਾਰ ਸਿੰਘ (24 ਸਾਲ) ਵੀ ਜੰਗ ਵਿਚ ਸ਼ਹੀਦ ਹੋ ਗਏ।