ਫਰੀਦਾ ਸੋਈ ਸਰਵਰੁ ਢੂਢਿ ਲਹੁ ਜਿਥਹੁ ਲਭੀ ਵਥੁ ॥
ਛਪੜਿ ਢੂਢੈ ਕਿਆ ਹੋਵੈ ਚਿਕੜਿ ਡੁਬੈ ਹਥੁ ॥

 ਭਗਤ ਫ਼ਰੀਦ ਜੀ
 ਸਲੋਕ  ਅੰਗ ੧੩੮੦ (1380)

ਭਗਤ ਫ਼ਰੀਦ ਜੀ ਕਹਿੰਦੇ ਹਨ ਕਿ – ਉਹੀ ਸੋਹਣਾ ਤਲਾਬ ਲੱਭ, ਜਿਸ ਵਿਚੋਂ ਅਸਲ ਚੀਜ਼ – ਗੁਰਮਤਿ ਦਾ ਨਾਮ-ਰੂਪੀ ਮੋਤੀ ਮਿਲ ਪਏ। ਐਵੇਂ ਮਨਮੱਤ ਦੇ ਛੱਪੜ ‘ਚ ਭਾਲਿਆਂ ਕੁਝ ਨਹੀਂ ਮਿਲਦਾ, ਉਥੇ ਤਾਂ ਚਿੱਕੜ ਵਿਚ ਹੀ ਹੱਥ ਡੁੱਬਦਾ ਹੈ ।


22 ਅਗਸਤ, 1948 : ਸ਼ਹਿਜ਼ਾਦੀ ਸੋਫੀਆ ਦਲੀਪ ਸਿੰਘ ਦਾ ਦੇਹਾਂਤ

ਮਹਾਰਾਜਾ ਦਲੀਪ ਸਿੰਘ ਅਤੇ ਬਾਂਬਾ ਮਿਓਲਰ ਦੀ ਪੁੱਤਰੀ ਸ਼ਹਿਜ਼ਾਦੀ ਸੋਫੀਆ (‘ਸੋਫੀਆ ਅਲੱਗਜੈਂਡਰ ਦਲੀਪ ਸਿੰਘ’), ਇੰਗਲੈਂਡ ਵਿੱਚ ਔਰਤਾਂ ਦੇ ਹੱਕਾਂ ਜਿਵੇਂ ਔਰਤਾਂ ਦੇ ਵੋਟ ਦਾ ਹੱਕ ਅਤੇ ਔਰਤਾਂ ਦੀਆਂ ਹੋਰ ਹੱਕੀ ਮੰਗਾ ਦੇ ਲਈ ਲੜਨ ਵਾਲੇ ਨਾਰੀ ਸੰਗਠਨਾਂ ਦੀ ਸਿਰਕੱਢ ਕਾਰਕੁਨ ਸੀ। ਸੋਫੀਆ ਇੱਕ ਕਟੜ ‘ਨਾਰੀਵਾਦੀ ਵਿਚਾਰਧਾਰਾ’ ਦੀ ਧਾਰਨੀ ਸੀ।

ਉਸਦੇ ਪਿਤਾ ਮਹਾਰਾਜਾ ਦਲੀਪ ਸਿੰਘ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸਨ, ਜਿਨ੍ਹਾਂ ਨੂੰ ਗੋਰਿਆਂ ਵਲੋਂ ਪੰਜਾਬ ਨੂੰ ਬ੍ਰਿਟਿਸ਼ ਰਾਜ ਵਿੱਚ ਸ਼ਾਮਲ ਕਰਨ ਤੋਂ ਬਾਅਦ ਜਲਾਵਤਨ ਕਰਕੇ, ਇੰਗਲੈਂਡ ਭੇਜ ਦਿੱਤਾ ਸੀ ਅਤੇ ਆਪ ਨੂੰ ਭਰਮਾਂ ਕੇ ਈਸਾਈ ਬਣਾ ਦਿੱਤਾ ਗਿਆ ਸੀ। ਸੋਫੀਆ ਆਪਣੇ ਪਿਤਾ ਮਹਾਰਾਜਾ ਦਲੀਪ ਸਿੰਘ ਦੇ ਜੀਵਨ ਕਾਲ ਦੇ ਨਾਲ ਸੰਬੰਧਤ ਘਟਨਾਵਾਂ ਤੋਂ ਕਾਫੀ ਪ੍ਰਭਾਵਿਤ ਸੀ।

22 ਅਗਸਤ, 1948 ਵਾਲੇ ਦਿਨ ਬਕਿੰਘਮ ਸ਼ਹਿਰ ਦੇ ਕੋਲਹੈਚ ਹਾਊਸ, ਵਿੱਖੇ ਉਸਦੀ ਭੈਣ ਕੈਥਰੀਨ ਦੇ ਘਰ ਵਿੱਚ ਸ਼ਹਿਜ਼ਾਦੀ ਸੋਫੀਆ ਦਾ ਦੇਹਾਂਤ ਹੋ ਗਿਆ। 26 ਅਗਸਤ, 1948 ਵਾਲੇ ਗੋਲਡਰਜ਼ ਗ੍ਰੀਨ ਸ਼ਮਸ਼ਾਨਘਾਟ ਵਿੱਖੇ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ।