ਮਾਰੂ ਮਹਲਾ ੧ ॥
…
ਪੁਰਖੁ ਅਲੇਖੁ ਸਚੇ ਦੀਵਾਨਾ ॥
ਹੁਕਮਿ ਚਲਾਏ ਸਚੁ ਨੀਸਾਨਾ ॥
ਨਾਨਕ ਖੋਜਿ ਲਹਹੁ ਘਰੁ ਅਪਨਾ ਹਰਿ ਆਤਮ ਰਾਮ ਨਾਮੁ ਪਾਇਆ ॥
…ਮਹਲਾ ੧ – ਗੁਰੂ ਨਾਨਕ ਦੇਵ ਜੀ
ਰਾਗ ਮਾਰੂ ਅੰਗ ੧੦੪੦ (1040)
ਹਰੇਕ ਸਰੀਰ ਵਿਚ ਵੱਸਣ ਵਾਲਾ ਮਾਲਕ ਸਦਾ-ਥਿਰ ਰਹਿਣ ਵਾਲਾ ਹੈ ਅਤੇ ਉਸ ਦੇ ਸੱਚੇ ਦਰਬਾਰ ਦਾ ਦੀਵਾਨ ਭੀ ਸਦਾ-ਥਿਰ ਹੈ ।
ਜਗਤ ਦੀ ਸਾਰੀ ਕਾਰ ਉਹ ਆਪਣੇ ਹੁਕਮ ਵਿਚ ਚਲਾ ਰਿਹਾ ਹੈ, ਉਸ ਦੇ ਹੁਕਮ ਦਾ ਪਰਵਾਨਾ ਅਟੱਲ ਹੈ ।
ਉਹ ਇੱਕੋ ਸਰਬ-ਵਿਆਪਕ ਹੀ ਹਰੇਕ ਸਰੀਰ ਰੂਪੀ ਘਰ ਵਿਚ ਮੌਜੂਦ ਹੈ । ਆਪਣੇ ਘਰ ਅਰਥਾਤ ਹਿਰਦੇ ਅੰਦਰ ਖੋਜ ਕੇ ਉਸ ਨੂੰ ਲੱਭ ਲਵੋ । ਜਿਸ ਜਿਸ ਮਨੁੱਖ ਨੇ ਇਹ ਖੋਜ-ਭਾਲ ਕੀਤੀ ਹੈ ਉਸ ਨੇ ਹੀ ਉਸ ਇੱਕੋ ਸਰਬ-ਵਿਅਪਕ ਦਾ ਨਾਮ ਰੂਪੀ ਧਨ ਹਾਸਲ ਕਰ ਲਿਆ ਹੈ ।
21 ਸਤੰਬਰ, 1902 : ਚੀਫ਼ ਖ਼ਾਲਸਾ ਦੀਵਾਨ ਦੀ ਸਥਾਪਨਾ ਕਰਨ ਦੀ ਪ੍ਰਵਾਨਗੀ
ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਦੀ ਪਰਕਰਮਾ ਵਿਚ, ਸੰਨ 1901 ਦੀ ਵਸਾਖੀ ਨੂੰ, ਇਕ ਆਮ ਸਭਾ ਹੋਈ ਜਿਸ ਵਿਚ ਇੱਕ ਨਵੀਂ ਸੰਸਥਾ ਦਾ ਸੰਵਿਧਾਨ ਤਿਆਰ ਕਰਨ ਲਈ ਕਮੇਟੀ ਦਾ ਗਠਨ ਕੀਤਾ ਗਿਆ।
ਇਸ ਕਮੇਟੀ ਦੁਆਰਾ ਤਿਆਰ ਕੀਤੇ ਖਰੜੇ ਨੂੰ 21 ਸਤੰਬਰ, 1902 ਨੂੰ ਸਹਿਮਤੀ ਉਪਰੰਤ ਪ੍ਰਵਾਨਗੀ ਮਿਲ ਗਈ ਜਿਸਦੇ ਨਤੀਜੇ ਵੱਜੋਂ 30 ਅਕਤੂਬਰ ਨੂੰ ‘ਚੀਫ਼ ਖ਼ਾਲਸਾ ਦੀਵਾਨ’ ਨਾਮ ਦੀ ਸੰਸਥਾ ਹੋਂਦ ਵਿਚ ਆਈ।
ਸਿੱਖਾਂ ਦਾ ਬੌਧਿਕ, ਅਧਿਆਤਮਿਕ, ਵਿੱਦਿਅਕ ਅਤੇ ਸੱਭਿਆਚਾਰਿਕ ਜੀਵਨ ਦਾ ਵਿਸਤਾਰ, ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦਾ ਪ੍ਰਚਾਰ, ਸਿੱਖ ਇਤਿਹਾਸ ਦਾ ਵਿਸਤਾਰ ਇਸ ਸੰਸਥਾ ਦਾ ਪ੍ਰਮੁਖ ਉਦੇਸ਼ ਸੀ।
ਚੀਫ਼ ਖ਼ਾਲਸਾ ਦੀਵਾਨ ਨੇ ਵਿੱਦਿਅਕ ਅਦਾਰਿਆਂ, ਵੱਖਰੀ ਕੌਮੀ ਪਛਾਣ, ਸਮਾਜਿਕ ਸਹਿਨਸ਼ੀਲਤਾ ਅਤੇ ਸੰਸਥਾਗਤ-ਉਸਾਰੀ ਰਾਹੀਂ ਸਿੱਖ ਧਰਮ ਦੇ ਪ੍ਰਸਾਰ ਵਿਚ ਮਹੱਤਵਪੂਰਨ ਕੰਮ ਕੀਤੇ।