ਪਉੜੀ ॥
ਤਿਨ ਕੀ ਸੋਭਾ ਕਿਆ ਗਣੀ ਜਿਨੀ ਹਰਿ ਹਰਿ ਲਧਾ ॥
ਸਾਧਾ ਸਰਣੀ ਜੋ ਪਵੈ ਸੋ ਛੁਟੈ ਬਧਾ ॥
ਗੁਣ ਗਾਵੈ ਅਬਿਨਾਸੀਐ ਜੋਨਿ ਗਰਭਿ ਨ ਦਧਾ ॥
ਗੁਰੁ ਭੇਟਿਆ ਪਾਰਬ੍ਰਹਮੁ ਹਰਿ ਪੜਿ ਬੁਝਿ ਸਮਧਾ ॥
ਨਾਨਕ ਪਾਇਆ ਸੋ ਧਣੀ ਹਰਿ ਅਗਮ ਅਗਧਾ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਗਉੜੀ ਅੰਗ ੩੨੦ (320)
ਜਿਨ੍ਹਾਂ ਗੁਰਮੁਖਾਂ ਨੇ ਸੰਸਾਰ ਦੇ ਇੱਕੋ-ਇੱਕ ਮਾਲਕ ਨੂੰ ਲੱਭ ਲਿਆ ਹੈ ਉਹਨਾਂ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ । ਜੋ ਮਨੁੱਖ ਉਹਨਾਂ ਗੁਰਮੁਖਾਂ ਦੀ ਸ਼ਰਨ ਆਉਂਦਾ ਹੈ ਉਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ।
ਉਹ ਅਬਿਨਾਸੀ ਮਾਲਕ ਦੇ ਗੁਣ ਗਾਉਂਦਾ ਹੈ ਤੇ ਜੂਨਾਂ ਦੇ ਚੱਕਰ ਵਿਚ ਪੈ ਕੇ ਨਹੀਂ ਸੜਦਾ । ਜਦੋਂ ਉਸ ਨੂੰ ਸੱਚਾ ਗੁਰੂ ਮਿਲ ਪੈਂਦਾ ਹੈ, ਓਦੋਂ ਉਹ ਸਿਫ਼ਤਿ-ਸਾਲਾਹ ਉਚਾਰ ਕੇ ਤੇ ਸਮਝ ਕੇ ਆਤਮਿਕ ਸ਼ਾਂਤੀ ਪ੍ਰਾਪਤ ਕਰਦਾ ਹੈ ।
ਸਮਝੋ ਕਿ ਗੁਰੂ ਦੀ ਸਰਨ ਵਿਚ ਆ ਕੇ ਐਸੇ ਮਨੁੱਖ ਨੇ ਹੀ ਅਥਾਹ ਤੇ ਅਪਹੁੰਚ ਮਾਲਕ ਨੂੰ ਪਾ ਲਿਆ ਹੈ ।
21 ਮਈ, 1621 : ਬੀਬੀ ਕੌਲਾਂ ਗੁਰੂ ਹਰਿਗੋਬਿੰਦ ਸਾਹਿਬ ਦੀ ਸ਼ਰਨ ਵਿੱਚ ਆਈ
ਬੀਬੀ ਕੌਲਾਂ, ਮੁਸਲਿਮ ਕਾਜ਼ੀਆਂ ਵਲੋਂ ਉਸ ਨੂੰ ਕਤਲ ਕੀਤੇ ਜਾਣ ਵਾਲੇ ਫ਼ਤਵੇ ਤੋਂ ਬਚਣ ਦੇ ਲਈ 21 ਮਈ, 1621 ਦੇ ਦਿਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਪਨਾਹ ਵਿੱਚ ਆਈ।
ਬੀਬੀ ਕੌਲਾਂ ਇੱਕ ਹਿੰਦੂ ਬਚੀ ਸੀ। ਕਾਜ਼ੀ ਰੁਸਤਮ ਖਾਨ ਨੇ ਕਪਟ ਦੇ ਨਾਲ ਇਸ ਹਿੰਦੂ ਲੜਕੀ ਕੌਲਾਂ ਨੂੰ ਗੋਦ ਲਿਆ ਸੀ। ਪਰ ਉਸ ਨੇ ਇਸ ਬਚੀ ਦੇ ਨਾਲ ਧੀ ਵਰਗਾ ਵਿਹਾਰ ਕਦੇ ਵੀ ਨਹੀ ਕੀਤਾ ਸੀ ਸਗੋਂ ਕੁੱਟਮਾਰ ਕਰਦਾ ਸੀ ਅਤੇ ਤਸੀਹੇ ਵੀ ਦੇਂਦਾ ਸੀ।
ਕਾਜ਼ੀ ਨੇ ਮੁਸਲਮਾਨ ਹੋਣ ਦੇ ਨਾਤੇ ਕੌਲਾਂ ਨੂੰ ਇਸਲਾਮ ਦੀ ਤਾਲੀਮ ਦਿੱਤੀ ਅਤੇ ਹੋਰ ਤਾਲੀਮ ਲਈ ਦਰਵੇਸ਼ ਸੂਫੀ ਸੰਤ ਸਾਈ ਮੀਆਂ ਮੀਰ ਜੀ ਕੋਲ ਭੇਜਿਆ। ਸਾਈਂ ਮੀਆਂ ਮੀਰ ਦਾ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਨਾਲ ਬਹੁਤ ਸਨੇਹ, ਪਿਆਰ ਸੀ। ਸਾਈਂ ਮੀਆਂ ਮੀਰ ਜੀ ਦੇ ਮੁੱਖੋਂ ਉਚਾਰਨ ਕੀਤੀਆਂ ਗੁਰਬਾਣੀ ਦੇ ਬਚਨ ਸੁਣ ਕੇ ਕੌਲਾਂ ਵੀ ਬਹੁਤ ਪ੍ਰਭਾਵਤ ਹੁੰਦੀ।
ਸਾਈਂ ਮੀਆਂ ਮੀਰ ਜੀ ਅਕਸਰ ਗੁਰੂ ਅਰਜਨ ਸਾਹਿਬ ਦੇ ਨਾਲ ਵਿਚਾਰਕ ਮੁਲਾਕਾਤ ਦੇ ਲਈ ਉਨ੍ਹਾਂ ਪਾਸ ਜਾਇਆ ਕਰਦੇ ਸਨ, ਕਈ ਵਾਰੀ ਬੀਬੀ ਕੌਲਾਂ ਵੀ ਸਾਈਂ ਜੀ ਦੇ ਨਾਲ ਗੁਰੂ ਜੀ ਦੀ ਸੰਗਤ ਵਿਚ ਜਾ ਬੈਠਦੀ।
ਜਦੋਂ ਕਾਜ਼ੀ ਰੁਸਤਮ ਖਾਨ ਨੂੰ ਪਤਾ ਲੱਗਾ ਕਿ ਕੌਲਾਂ, ਗੁਰੂ ਦਰਬਾਰ ਵਿਚ ਜਾਂਦੀ ਹੈ, ਅਤੇ ਸਤਿਗੁਰੂ ਜੀ ਦੇ ਵਿਖਿਆਨ ਸੁਣਦੀ ਹੈ, ਤਾਂ ਉਹ ਅਗ ਬਬੋਲਾ ਹੋ ਗਿਆ। ਉਸਨੇ ਆਖਿਆ “ਇਸ ਗੁਸਤਾਖੀ ਦੇ ਲਈ, ਤੈਨੂੰ ਸ਼ਰ੍ਹਾ ਮੁਹੰਮਦੀ ਦੇ ਮੁਤਾਬਕ ਕਤਲ ਕਰ ਦਿੱਤਾ ਜਾਣਾ ਚਾਹੀਦਾ ਹੈ ਕਿਉਂਕਿ ਸ਼ਰ੍ਹਾ ਦੇ ਹੁਕਮ ਅਨੁਸਾਰ ਜੋ ਕੋਈ ਮੁਸਲਮਾਨ ਹੋ ਕੇ ਹੋਰ ਬਾਣੀ ਪੜ੍ਹਦਾ ਹੈ, ਉਹ ਕਤਲ ਕਰਨ ਦੇ ਯੋਗ ਹੈ।”
ਪਰ ਕੌਲਾਂ ਬੀਬੀ ਦੀ ਸਤਿਗੁਰੂ ਜੀ ਦੇ ਨਾਲ ਰੂਹਾਨੀ ਸ਼ਰਧਾ ਸੀ, ਕਿ ਉਹ ਕਾਜ਼ੀ ਦੇ ਕਤਲ ਦੀ ਧਮਕੀ ਤੋਂ ਵੀ ਨਾ ਡਰੀ ਤਾਂ ਕਾਜ਼ੀ ਆਪਣੇ ਆਪ ਨੁੰ ਬੇਵੱਸ ਹੋਇਆ ਮਹਿਸੂਸ ਕਰਨ ਲੱਗਾ ਅਤੇ ਗੁੱਸੇ ‘ਚ ਆ ਕੇ ਉਸ ਨੇ ਕੁਝ ਹੋਰ ਕਟੜਵਾਦੀ ਕਾਜ਼ੀਆਂ ਨਾਲ ਰੱਲ ਕੇ, ਕੌਲਾਂ ਬੀਬੀ ਉੱਤੇ, ਗੈਰ ਇਸਲਾਮੀ ਧਰਮ ਨੂੰ ਮੰਨਣ ਦਾ ਇਲਜ਼ਾਮ ਲਗਾ ਕੇ, ਉਸ ਨੂੰ ਜਾਨੋਂ ਮਾਰਨ ਦਾ ਫਤਵਾ ਜਾਰੀ ਕਰਵਾ ਦਿੱਤਾ।
ਜਦੋਂ ਬੀਬੀ ਕੌਲਾਂ ਨੇ ਇਹ ਸਾਰੀ ਗਲ ਸਾਈਂ ਜੀ ਪਾਸ ਜਾ ਕੇ ਉਨ੍ਹਾਂ ਨੂੰ ਦਸੀ ਤਾਂ ਸਾਈ ਮੀਆਂ ਮੀਰ ਜੀ ਨੇ ਕੌਲਾਂ ਬੀਬੀ ਨੂੰ ਫਤਵੇ ਤੋਂ ਬਚਾਉਣ ਲਈ ਗੁਰੂ ਹਰਗੋਬਿਦ ਸਾਹਿਬ ਦੀ ਸ਼ਰਨ ਵਿਚ ਭੇਜ ਦਿੱਤਾ।