ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹਾ ਨ ਮਾਰੇ ਘੁੰਮਿ ॥
ਆਪਨੜੈ ਘਰਿ ਜਾਈਐ ਪੈਰ ਤਿਨ੍ਹਾ ਦੇ ਚੁੰਮਿ ॥੭॥

 : ਭਗਤ ਫ਼ਰੀਦ ਜੀ
 ਸਲੋਕ  ਅੰਗ ੧੩੭੮ (1378)

ਭਗਤ ਫਰੀਦ ਜੀ ਸਮਝਾਉਂਦੇ ਹਨ ਕਿ ਜੋ ਲੋਕ ਤੈਨੂੰ ਮੁੱਕੀਆਂ ਮਾਰਦੇ ਹਨ, ਤੇਰੀ ਨਿੰਦਿਆ ਕਰਦੇ ਹਨ, ਤਾਂ ਉਹਨਾਂ ਨੂੰ ਤੂੰ ਪਰਤ ਕੇ ਕਦੇ ਨਾਂਹ ਮਾਰੀਂ ਭਾਵ ਉਨ੍ਹਾ ਦੀ ਨਿੰਦਿਆ ਨਾ ਕਰੀ ।

ਆਾਪਣੇ ਘਰ, ਭਾਵ ਮਨ ਵਿਚ ਜਾ ਕੇ ਦੇਖ ਤੇ ਇਹ ਵੇਖ ਕਿ ਉਹ ਤੇਰੀਆਂ ਕਿਹੜੀਆਂ ਗਲਤੀਆਂ ਦੱਸ ਰਹੇ ਹਨ ਤੇ ਉਨ੍ਹਾ ਦਾ ਧੰਨਵਾਦ ਕਰ ਕਿਉਕਿ ਉਹ ਤੇਨੂੰ ਸੁਧਾਰਨ ਵਿਚ ਭਾਵ ਰੱਬ ਨਾਲ ਜੁੜਨ ਵਿਚ ਮੱਦਦ ਕਰ ਰਹੇ ਹਨ ।


21 ਮਾਰਚ, 1704 : ਪੀਰ ਬੁੱਧੂ ਸ਼ਾਹ ਦੀ ਸ਼ਹਾਦਤ

ਪੀਰ ਬੁੱਧੂ ਸ਼ਾਹ ਜੀ ਦੀ ਸ਼ਹਾਦਤ ਲਾਸਾਨੀ ਤੇ ਬੇਮਿਸਾਲ ਹੈ। ਉਨ੍ਹਾਂ ਨੇ ਨਾ ਸਿਰਫ ਗੁਰੂ ਗੋਬਿੰਦ ਸਿੰਘ ਜੀ ਲਈ ਆਪਣੀ ਕੁਰਬਾਨੀ ਦਿੱਤੀ ਸਗੋਂ ਸੱਚੇ ਆਦਰਸ਼ ਲਈ ਆਪਣੇ ਬੇਟਿਆਂ, ਮੂਰੀਦਾਂ ਤੇ ਭਤੀਜਿਆਂ ਨੂੰ ਵੀ ਕੁਰਬਾਨ ਕਰ ਦਿੱਤਾ।

ਔਰੰਗਜ਼ੇਬ ਨੇ ਪੰਜ ਸੌ ਪਠਾਨਾਂ ਨੂੰ ਆਪਣੀ ਫੌਜ ਵਿੱਚੋਂ ਕਢ ਦਿੱਤਾ। ਜਦੋਂ ਉਹ ਪਠਾਣ ਪੀਰ ਜੀ ਦੀ ਸ਼ਰਨ ਵਿੱਚ ਆ ਗਏ ਤਾਂ ਉਨ੍ਹਾਂ ਨੇ ਵਿਸ਼ਵਾਸ਼ ਕਰਕੇ ਗੁਰੂ ਜੀ ਦੀ ਫੌਜ ਵਿੱਚ ਭਰਤੀ ਕਰਵਾ ਦਿੱਤੇ।

ਭੰਗਾਣੀ ਦੇ ਯੁੱਧ ਸਮੇਂ ਇੰਨ੍ਹਾਂ ਦਗੇਬਾਜ਼ ਪਠਾਣਾਂ ਨੇ ਗੁਰੂ ਜੀ ਦਾ ਸਾਥ ਛੱਡ ਦਿੱਤਾ। ਇਸ ਖਬਰ ਦੇ ਮਿਲਣ ਤੇ ਪੀਰ ਜੀ ਆਪਣੇ ਪੁੱਤਰਾਂ ਤੇ ਭਰਾਵਾਂ ਤੇ ਕਈ ਮੁਰੀਦਾਂ ਸਮੇਤ ਭੰਗਾਣੀ ਦੀ ਰਣ ਭੂਮੀ ਵਿੱਚ ਪਹੁੰਚ ਗਏ ਤੇ ਬਹੁਤ ਹੀ ਬਹਾਦਰੀ ਨਾਲ ਲੜੇ। ਯੁੱਧ ਤੋਂ ਬਾਦ ਗੁਰੂ ਜੀ ਨੇ ਪਾਉਂਟਾ ਸਾਹਿਬ ਵਿਖੇ ਸੰਗਤਾਂ ਨੂੰ ਸਨਮਾਨਿਤ ਕੀਤਾ। ਪੀਰ ਜੀ ਦੀ ਵਫਾਦਾਰੀ ਤੇ ਕੁਰਬਾਨੀ ਦੀ ਗੁਰੂ ਜੀ ਨੇ ਭਰੇ ਦਰਬਾਰ ਵਿੱਚ ਪ੍ਰਸੰਸਾ ਕੀਤੀ।

ਭੰਗਾਣੀ ਦੇ ਯੁੱਧ ਵਿੱਚ ਪੀਰ ਜੀ ਦੇ ਦੋ ਪੁੱਤਰ, ਦੋ ਭਰਾ ਤੇ ਕਈ ਮੁਰੀਦ (ਚੇਲੇ) ਸ਼ਹੀਦ ਹੋ ਗਏ ਸਨ। ਉਹ ਕੁਦਰਤਿ ਦੀ ਰਜ਼ਾ ਵਿੱਚ ਰਾਜੀ ਸਨ । ਗੁਰੂ ਗੋਬਿੰਦ ਸਿੰਘ ਜੀ ਵੀ ਪੀਰ ਜੀ ਨੂੰ ਮਿਲਣ ਲਈ ਸਾਢੌਰਾ ਉਨ੍ਹਾਂ ਦੇ ਘਰ ਆਏ।

ਅੌਰੰਗਜੇ਼ਬ ਨੇ ਗੁੱਸੇ ਵਿੱਚ ਆ ਕੇ ਕਿਸੇ ਵੀ ਹਾਲਤ ਵਿੱਚ ਗੁਰੂ ਜੀ ਨੂੰ ਪੇਸ਼ ਕਰਨ ਲੲੀ ਕਿਹਾ। ਗੁੱਸੇ ਵਿੱਚ ਉਸਮਾਨ ਖਾਂ ਪੀਰ ਜੀ ਨੂੰ ਤਬਾਹ ਕਰਨ ਲਈ ਚਲ ਪਿਆ। ਪੀਰ ਜੀ ਦੇ ਕਿਸੇ ਸੇਵਕ ਨੇ ਸ਼ਾਹੀ ਹਕੂਮਤ ਤੇ ਉਸਮਾਨ ਖਾਨ ਦੇ ਮਾੜੇ ਇਰਾਦਿਆਂ ਬਾਰੇ ਸੂਚਿਤ ਕਰ ਦਿਤਾ। ਪੀਰ ਜੀ ਨੇ ਆਪਣੇ ਪਰਿਵਾਰ ਨੂੰ ਤਾਂ ਸਮਾਣਾ ਭੇਜ ਦਿੱਤਾ, ਪਰ ਆਪ ਉਥੇ ਹੀ ਰਹੇ।

ਉਸਮਾਨ ਖਾਂ ਨੇ ਆਪ ਨੂੰ ਕੈਦ ਕਰ ਕੇ ਬਹੁਤ ਤਸੀਹੇ ਦਿੱਤੇ। ਅੰਤ 21 ਮਾਰਚ, 1704 ਨੂੰ ਬੇਰਹਿਮੀ ਨਾਲ ਟੋਟੋ ਕਰਕੇ ਸ਼ਹੀਦ ਕਰ ਦਿੱਤਾ।