ਸਲੋਕ ਮਹਲਾ ੪
ਵਡਭਾਗੀਆ ਸੋਹਾਗਣੀ ਜਿਨ੍ਹਾ ਗੁਰਮੁਖਿ ਮਿਲਿਆ ਹਰਿ ਰਾਇ ॥
ਅੰਤਰਿ ਜੋਤਿ ਪਰਗਾਸੀਆ ਨਾਨਕ ਨਾਮਿ ਸਮਾਇ ॥ਮਹਲਾ ੪ – ਗੁਰੂ ਰਾਮਦਾਸ ਜੀ
ਸਲੋਕ ਅੰਗ ੧੪੨੪ (1424)
ਸਤਿਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਸੱਚਾ ਪਾਤਿਸ਼ਾਹ ਮਿਲ ਪੈਂਦਾ ਹੈ, ਉਹ ਵੱਡੇ ਭਾਗਾਂ ਵਾਲੀਆਂ ਬਣ ਜਾਂਦੀਆਂ ਹਨ, ਉਹ ਸੁਹਾਗਣਾਂ ਅਖਵਾਂਦੀਆਂ ਹਨ । ਮਾਲਕ ਦੇ ਨਾਮ ਵਿਚ ਲੀਨ ਰਹਿ ਕੇ ਉਹਨਾਂ ਦੇ ਹਿਰਦੇ ਅੰਦਰ ਗਿਆਨ-ਗੁਰੂ ਦੀ ਜੋਤਿ ਜੱਗ ਪੈਂਦੀ ਹੈ ।
21 ਜੂਨ, 1677 : ਗੁਰੂ ਗੋਬਿੰਦ ਸਿੰਘ ਜੀ ਤੇ ਜੀਤੋ ਜੀ ਦਾ ਅਨੰਦ ਕਾਰਜ, ਗੁਰੂ-ਕੇ-ਲਾਹੌਰ ਵਿਖੇ
ਗੁਰੂ ਗੋਬਿੰਦ ਸਿੰਘ ਜੀ ਦੀ ਮੰਗਣੀ ਜੀਤੋ ਜੀ ਦੇ ਨਾਲ 12 ਮਈ, 1673 ਵਾਲੇ ਦਿਨ ਹੋਈ ਸੀ। ਉਸ ਵਕਤ ਉਹ ਗੋਬਿੰਦ ਰਾਇ ਦੇ ਰੂਪ ਵਿੱਚ ਸਨ। ਜਦੋਂ 11 ਨਵੰਬਰ, 1675 ਵਾਲੇ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਦਿੱਲੀ ਵਿਖੇ ਸ਼ਹੀਦ ਕਰ ਦਿੱਤਾ ਗਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਅਨੰਦ ਕਾਰਜ ਥੋੜ੍ਹਾ ਅੱਗੇ ਪੈ ਗਿਆ।
ਲੱਗਭਗ ਡੇਢ-ਕੁ ਸਾਲ ਬੀਤਣ ਪਿੱਛੋਂ, 1677 ਦੇ ਦੌਰਾਨ, ਜੀਤੋ ਜੀ ਦੇ ਪਿਤਾ ਭਾਈ ਹਰਿ-ਜਸ ਸੁਭਿਖੀ ਨੇ ਮਾਤਾ ਗੁਜਰੀ ਜੀ ਨੂੰ ਬੇਨਤੀ ਕੀਤੀ ਕਿ ਹੁਣ ਜੀਤੋ ਜੀ ਦਾ ਅਨੰਦ ਕਾਰਜ ਗੋਬਿੰਦ ਰਾਇ ਦੇ ਨਾਲ ਕਰ ਦਿੱਤਾ ਜਾਣਾ ਚਾਹੀਦਾ ਹੈ।
ਸੋ 21 ਜੂਨ, 1677 ਵਾਲੇ ਦਿਨ ਗੁਰੂ-ਕੇ-ਲਾਹੌਰ ਵਿਖੇ ਗੁਰੂ ਜੀ ਦਾ ਅਨੰਦ ਕਾਰਜ ਹੋਇਆ। ਭਾਈ ਸਾਹਿਬ ਹਰਿ-ਜਸ ਸੁਭਿਖੀ ਆਪਣੇ ਪਰਿਵਾਰ ਦੇ ਨਾਲ, ਗੁਰੂ-ਕੇ-ਲਾਹੌਰ ਵਿਖੇ ਆ ਗਏ ਅਤੇ ਸਤਿਗੁਰੂ ਜੀ ਦੀ ਬਰਾਤ ਦੇ ਸੁਆਗਤ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। 21 ਜੂਨ, 1677 ਵਾਲੇ ਦਿਨ ਗੁਰੂ ਜੀ ਆਨੰਦਪੁਰ ਤੋਂ ਬਰਾਤ ਲੈ ਕੇ ਗੁਰੂ-ਕੇ-ਲਾਹੌਰ ਆਣ ਢੁਕੇ ਅਤੇ ਜੀਤੋ ਜੀ ਦੇ ਨਾਲ ਆਨੰਦ ਕਾਰਜ ਦੀਆਂ ਰਸਮਾਂ ਨਿਭਾਈਆਂ ਗਈਆਂ।