ਸਲੋਕੁ ॥

ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥
ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਗਉੜੀ  ਅੰਗ ੨੮੬ (286)

ਜਿਸ ਨੇ ਉਸ ਤੇ ਸਰਬ ਵਿਆਪਕ ਮਾਲਕ, ਕੁਦਰਤਿ ਦੇ ਸਦਾ-ਥਿਰ ਵਿਧਾਨ, ਨੂੰ ਜਾਣ ਲਿਆ ਹੈ, ਉਸ ਦਾ ਨਾਮ ਸਤਿਗੁਰੂ ਹੈ। ਉਸ ਦੀ ਸੰਗਤਿ ਵਿਚ ਰਹਿ ਕੇ ਸਿੱਖ ਵਿਕਾਰਾਂ ਤੋਂ ਬਚ ਜਾਂਦਾ ਹੈ; ਸੋ ਹੁਣ ਤੋਂ ਤੂੰ ਵੀ ਗੁਰੂ ਦੀ ਸੰਗਤਿ ਵਿਚ ਰਹਿ ਕੇ ਸਰਬ ਵਿਆਪਕ ਮਾਲਕ ਦੇ ਗੁਣ ਗਾਇਆ ਕਰ ।


21 ਜੁਲਾਈ, 1925 : ਗੰਗਸਰ ਜੈਤੋ ਦੇ ਮੋਰਚੇ ਵਿਚ ਅਖੰਡ ਪਾਠ ਤੇ ਲਾਈ ਪਾਬੰਦੀ ਹਟੀ

ਸਿੱਖ ਕੌਮ ਵੱਲੋਂ ਵੱਖੋ-ਵੱਖ ਕੌਮੀ ਮਸਲਿਆਂ ਦੇ ਹੱਲ ਵਾਸਤੇ ਅਨੇਕਾਂ ਸਮਿਆਂ ‘ਤੇ ਸ਼ਾਂਤਮਈ ਅੰਦੋਲਨ ਤਹਿਤ ਮੋਰਚੇ ਲਗਾਏ ਗਏ। ਇਨ੍ਹਾਂ ਮੋਰਚਿਆਂ ‘ਚ ਇੱਕ ਵੱਖਰਾ ਸਥਾਨ ਰੱਖਦਾ ਹੈ, 1923 ਦਾ ਗੰਗਸਰ ਜੈਤੋ ਦਾ ਮੋਰਚਾ।

ਜੈਤੋ ਦੇ ਮੋਰਚੇ ਦਾ ਪਿਛੋਕੜ

ਸਿੱਖ ਕੌਮ ਦੇ ਪੱਖ ‘ਚ ਖੜ੍ਹਨ ਕਾਰਨ ਨਾਭਾ ਰਿਆਸਤ ਦੇ ਮਹਾਰਾਜਾ ਰਿਪੂਦਮਨ ਸਿੰਘ ਵਿਰੁੱਧ ਅੰਗਰੇਜ਼ਾਂ ਵੱਲੋਂ ਪੁਗਾਈ ਗਈ ਰੰਜਿਸ਼ ਨਾਲ ਜੁੜਦਾ ਹੈ।

ਮਹਾਰਾਜਾ ਨਾਭਾ ਨਾਲ ਰੰਜਿਸ਼ ਤਹਿਤ ਅੰਗਰੇਜ਼ ਹਕੂਮਤ ਨੇ ਮਹਾਰਾਜਾ ਨੂੰ ਗੱਦੀ ਤੋਂ ਲਾਹ ਦਿੱਤਾ, ਅਤੇ ਸਿੱਖ ਸੰਗਤ ਨੇ ਗੁਰਦੁਆਰਾ ਗੰਗਸਰ ਜੈਤੋ ਤੋਂ ਮਹਾਰਾਜਾ ਦੀ ਬਹਾਲੀ ਵਾਸਤੇ ਮਤੇ ਪਾਸ ਕਰ ਦਿੱਤੇ। ਸਿੱਖਾਂ ਨੇ ਇਸੇ ਗੁਰਦੁਆਰਾ ਸਾਹਿਬ ‘ਚ ਸ੍ਰੀ ਅਖੰਡ ਪਾਠ ਆਰੰਭ ਕਰ ਦਿੱਤਾ, ਅਤੇ ਸਰਕਾਰ ਦੇ ਹਥਿਆਰਬੰਦ ਸਿਪਾਹੀਆਂ ਨੇ ਪਾਠ ਕਰ ਰਹੇ ਸਿੰਘ ਵੀ ਚੁੱਕ ਲਏ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ। ਪਾਠ ਖੰਡਿਤ ਹੋਣ ਨਾਲ ਸਿੱਖਾਂ ‘ਚ ਰੋਸ ਹੋਰ ਵੀ ਵਧ ਗਿਆ।

ਰੋਸ ਵਜੋਂ 25-25 ਸਿੱਖਾਂ ਦੇ ਜੱਥੇ ਭੇਜਣੇ ਸ਼ੁਰੂ ਕੀਤੇ ਗਏ, ਅਤੇ ਸੰਘਰਸ਼ ਵਧਦੇ-ਵਧਦੇ ਇਹ ਗਿਣਤੀ 500 ਤੱਕ ਪਹੁੰਚ ਗਈ। 21 ਫਰਵਰੀ, 1924 ਨੂੰ ਬੀਬੀਆਂ, ਬਜ਼ੁਰਗਾਂ ਤੇ ਬੱਚਿਆਂ ਦੀ ਸ਼ਮੂਲੀਅਤ ਵਾਲੇ ਜੱਥੇ ‘ਤੇ ਅੰਗਰੇਜ਼ ਅਫ਼ਸਰ ਵਿਲਸਨ ਜਾਨਸਟਨ ਨੇ ਗੋਲ਼ੀ ਚਲਾਉਣ ਦਾ ਹੁਕਮ ਦੇ ਦਿੱਤਾ, ਜਿਸ ‘ਚ ਅਨੇਕਾਂ ਜਣੇ ਸ਼ਹੀਦ ਹੋ ਗਏ।

ਹਕੂਮਤ ਨੂੰ ਪਾਬੰਦੀ ਹਟਾਉਣੀ ਪਈ

ਸਿੱਖਾਂ ‘ਚ ਰੋਸ ਹੋਰ ਵੀ ਪ੍ਰਚੰਡ ਹੋ ਗਿਆ, ਪਰ ਜੱਥੇ ਭੇਜਣ ਦਾ ਸਿਲਸਿਲਾ ਉਦੋਂ ਤੱਕ ਜਾਰੀ ਰਿਹਾ ਜਦੋਂ ਤੱਕ ਅੰਗਰੇਜ਼ ਸਰਕਾਰ ਨੇ ਸ੍ਰੀ ਅਖੰਡ ਪਾਠ ਕਰਨ ਦੀ ਇਜਾਜ਼ਤ ਨਾ ਦਿੱਤੀ।

ਸਿੱਖ ਜਗਤ ਦੇ ਰੋਸ, ਰੋਹ, ਸਬਰ ਅਤੇ ਸ਼ਾਂਤਮਈ ਸੰਘਰਸ਼ ਅੱਗੇ ਅੰਗਰੇਜ਼ੀ ਹਕੂਮਤ ਨੂੰ ਝੁਕਣਾ ਹੀ ਪਿਆ। ਹਕੂਮਤ ਵੱਲੋਂ ਜੈਤੋ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਕਰਨ ‘ਤੇ ਲਾਈ ਪਾਬੰਦੀ 21 ਜੁਲਾਈ, 1925 ਨੂੰ ਵਾਪਸ ਲੈ ਲਈ ਗਈ। ਇਸ ਪਿੱਛੋਂ ਅਖੰਡ ਪਾਠ ਦੀ ਲੜੀ ਆਰੰਭ ਕੀਤੀ ਗਈ।

ਇਸ ਇਤਿਹਾਸਕ ਮੋਰਚੇ ਨੂੰ ਸਫਲਤਾ ਮਿਲਣ ਉਪਰੰਤ ਸਿੱਖ ਸੰਗਤ ਨੇ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਮੁੜ ਅਖੰਡ ਪਾਠ ਸ਼ੁਰੂ ਕਰਕੇ ਭੋਗ ਪਾਏ।