ਸਮਰਥ ਗੁਰੂ ਸਿਰਿ ਹਥੁ ਧਰਉ ॥ਗੁਰਿ ਕੀਨੀ ਕ੍ਰਿਪਾ ਹਰਿ ਨਾਮੁ ਦੀਅਉ ਜਿਸੁ ਦੇਖਿ ਚਰੰਨ ਅਘੰਨ ਹਰਉ ॥ਨਿਸਿ ਬਾਸੁਰ ਏਕ ਸਮਾਨ ਧਿਆਨ ਸੁ ਨਾਮ ਸੁਨੇ ਸੁਤੁ ਭਾਨ ਡਰਉ ॥
ਭਨਿ ਦਾਸ ਸੁ ਆਸ ਜਗਤ੍ਰ ਗੁਰੂ ਕੀ ਪਾਰਸੁ ਭੇਟਿ ਪਰਸੁ ਕਰਉ ॥
ਰਾਮਦਾਸੁ ਗੁਰੂ ਹਰਿ ਸਤਿ ਕੀਯਉ ਸਮਰਥ ਗੁਰੂ ਸਿਰਿ ਹਥੁ ਧਰਉ ॥੭॥੧੧॥
ਭੱਟ ਨਲ੍ਹ,
ਅੰਗ: ੧੪੦੦
ਹੇ ਦਾਸ ਗੁਰੂ ਰਾਮਦਾਸ ਜੀ ਨੂੰ ਕੇਵਲ ਇਸ ਜਗਤ ਦੇ ਗੁਰੂ ਦੀ ਹੀ ਆਸ ਹੈ, ਗੁਰੂ ਅਮਰਦਾਸ ਜੀ ਨੂੰ ਮਿਲ ਕੇ ਆਪ ਭੀ ਪਰਸਨ-ਜੋਗ ਹੋ ਗਏ ਹਨ।
ਹਰੀ ਨੇ ਗੁਰੂ ਰਾਮਦਾਸ ਜੀ ਨੂੰ ਅਟੱਲ ਕਰ ਰੱਖਿਆ ਹੈ, ਕਿਉਂਕਿ ਸਮਰੱਥ ਗੁਰੂ ਅਮਰਦਾਸ ਜੀ ਨੇ ਉਹਨਾਂ ਦੇ ਸਿਰ ਉਤੇ ਹੱਥ ਰੱਖਿਆ ਹੋਇਆ ਹੈ” ॥੭॥੧੧॥
21 ਜੁਲਾਈ 1606: ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮੀਰੀ ਪੀਰੀ ਦਿਵਸ ।
ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਇਤਿਹਾਸ ਵਿੱਚ ਇੱਕ ਵੱਡਾ ਮੋੜ ਆਇਆ। ਮੁਗਲ ਸਮਰਾਟ ਜਹਾਂਗੀਰ ਦੇ ਹੁਕਮ ਤੇ ਸਿੱਖਾਂ ਦੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਖੇ ਅੱਤਿਆਚਾਰ ਕਰਕੇ ਸ਼ਹੀਦ ਕਰ ਦਿੱਤਾ ਗਿਆ। ਸ਼ਹੀਦੀ ਤੋਂ ਪਹਿਲਾਂ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਪੁੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸੰਦੇਸ਼ ਭੇਜਿਆ ਸੀ ਕਿ ਹੁਣ ਸਮਾਂ ਬਦਲ ਗਿਆ ਹੈ। ਉਨ੍ਹਾਂ ਨੇ ਬਚਨ ਕੀਤੇ ਕਿ ਹੁਣ ਅੱਗੇ ਤੋਂ ਗੁਰਗੱਦੀ ਦੀ ਰਸਮ ਸਮੇਂ ਸ਼ਸਤਰ ਧਾਰਨ ਕੀਤੇ ਜਾਣ ਅਤੇ ਜ਼ੁਲਮ ਦਾ ਟਾਕਰਾ ਕਰਨ ਲਈ ਫੌਜ ਤਿਆਰ ਕੀਤੀ ਜਾਵੇ।
ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਗੁਰਗੱਦੀ ਦੀ ਰਸਮ ਹੋ ਰਹੀ ਸੀ, ਤਾਂ ਰੀਤੀ-ਰਿਵਾਜ ਮੁਤਾਬਕ ਬਾਬਾ ਬੁੱਢਾ ਜੀ ਉਨ੍ਹਾਂ ਨੂੰ ਸੇਲੀ ਟੋਪੀ ਭੇਟ ਕਰਨ ਲੱਗੇ। ਪਰ ਗੁਰੂ ਸਾਹਿਬ ਨੇ ਕਿਹਾ ਕਿ ਹੁਣ ਸਮਾਂ ਮਾਲਾ ਦੇ ਨਾਲ-ਨਾਲ ਤਲਵਾਰ ਚੁੱਕਣ ਦਾ ਹੈ। ਗੁਰੂ ਸਾਹਿਬ ਨੇ ਬਾਬਾ ਬੁੱਢਾ ਜੀ ਪਾਸੋਂ ਦੋ ਤਲਵਾਰਾਂ ਮੰਗਵਾਈਆਂ ਅਤੇ ਉਨ੍ਹਾਂ ਨੂੰ ਆਪਣੇ ਕਮਰਕੱਸੇ ਵਿੱਚ ਧਾਰਨ ਕੀਤਾ। ਪਹਿਲੀ ਪੀਰੀ ਦੀ ਤਲਵਾਰ ਸੀ, ਜੋ ਅਧਿਆਤਮਕ ਸ਼ਕਤੀ ਦੀ ਪ੍ਰਤੀਕ ਸੀ। ਇਹ ਦਰਸਾਉਂਦੀ ਸੀ ਕਿ ਗੁਰੂ ਸਾਹਿਬ ਧਰਮ, ਨਾਮ ਸਿਮਰਨ, ਅਤੇ ਆਤਮਿਕ ਗਿਆਨ ਦੇ ਰਹਿਬਰ ਹਨ। ਦੂਜੀ ਮੀਰੀ ਦੀ ਤਲਵਾਰ ਸੀ, ਜੋ ਦੁਨਿਆਵੀ ਜਾਂ ਰਾਜਨੀਤਿਕ ਸ਼ਕਤੀ ਦੀ ਪ੍ਰਤੀਕ ਸੀ। ਇਹ ਦਰਸਾਉਂਦੀ ਸੀ ਕਿ ਗੁਰੂ ਸਾਹਿਬ ਜ਼ੁਲਮ ਦੇ ਖਿਲਾਫ, ਮਜ਼ਲੂਮਾਂ ਦੀ ਰੱਖਿਆ ਲਈ ਅਤੇ ਸਿੱਖਾਂ ਦੀ ਪ੍ਰਭੂਸੱਤਾ ਲਈ ਹਥਿਆਰ ਚੁੱਕਣਗੇ। ਗੁਰੂ ਸਾਹਿਬ ਨੇ ਪੀਰੀ ਨੂੰ ਪਹਿਲਾਂ ਅਤੇ ਮੀਰੀ ਨੂੰ ਬਾਅਦ ਵਿੱਚ ਰੱਖਿਆ। ਇਸਦਾ ਮਤਲਬ ਸੀ ਕਿ ਹਥਿਆਰ ਚੁੱਕਣ ਤੋਂ ਪਹਿਲਾਂ ਇਨਸਾਨ ਦੇ ਅੰਦਰ ਗਿਆਨ, ਦਇਆ ਅਤੇ ਧਰਮ ਦਾ ਹੋਣਾ ਲਾਜ਼ਮੀ ਹੈ, ਤਾਂ ਜੋ ਹਥਿਆਰ ਦੀ ਗਲਤ ਵਰਤੋਂ ਨਾ ਹੋਵੇ।
ਮੀਰੀ-ਪੀਰੀ ਦੇ ਸਿਧਾਂਤ ਨੂੰ ਪੂਰਾ ਕਰਨ ਲਈ ਗੁਰੂ ਸਾਹਿਬ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਬਿਲਕੁਲ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਰੱਖੀ। ਇਸ ਤਖ਼ਤ ਦਾ ਨਿਰਮਾਣ ਕੇਵਲ ਗੁਰੂ ਹਰਗੋਬਿੰਦ ਸਾਹਿਬ, ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੇ ਆਪਣੇ ਹੱਥਾਂ ਨਾਲ ਕੀਤਾ। ਹਰਿਮੰਦਰ ਸਾਹਿਬ ਭਗਤੀ ਦਾ ਕੇਂਦਰ ਸੀ, ਜਿੱਥੇ ਸਿਰਫ ਕੀਰਤਨ ਹੋਦਾ ਸੀ। ਅਕਾਲ ਤਖ਼ਤ ਸਾਹਿਬ ਸ਼ਕਤੀ ਦਾ ਕੇਂਦਰ ਬਣਿਆ। ਇੱਥੇ ਗੁਰੂ ਜੀ ਰਾਜਿਆਂ ਵਾਂਗ ਉੱਚੇ ਥੜ੍ਹੇ ਤੇ ਬੈਠਦੇ, ਸਿੱਖਾਂ ਦੇ ਮਸਲੇ ਸੁਣਦੇ, ਫੈਸਲੇ ਕਰਦੇ, ਅਤੇ ਮੁਗਲ ਹਕੂਮਤ ਦੇ ਬਰਾਬਰ ਆਪਣੀ ਸੁਤੰਤਰ ਹਸਤੀ ਦਾ ਐਲਾਨ ਕਰਦੇ ਸਨ।
ਗੁਰੂ ਸਾਹਿਬ ਨੇ ਸੰਗਤਾਂ ਨੂੰ ਹੁਕਮਨਾਮੇ ਭੇਜੇ ਕਿ ਹੁਣ ਤੋਂ ਲੰਗਰ ਜਾਂ ਪੈਸਿਆਂ ਦੀ ਬਜਾਏ, ਭੇਟਾ ਵਿੱਚ ਵਧੀਆ ਨਸਲ ਦੇ ਘੋੜੇ ਅਤੇ ਸ਼ਸਤਰ ਲਿਆਂਦੇ ਜਾਣ। ਉਨ੍ਹਾਂ ਨੇ ਨੌਜਵਾਨਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਪ੍ਰੇਰਿਤ ਕੀਤਾ। ਸਭ ਤੋਂ ਪਹਿਲਾਂ ਬਵੰਜਾ ਜਾਂਬਾਜ਼ ਨੌਜਵਾਨਾਂ ਨੇ ਆਪਣੇ ਆਪ ਨੂੰ ਗੁਰੂ ਸਾਹਿਬ ਦੇ ਅੱਗੇ ਪੇਸ਼ ਕੀਤਾ, ਜਿਨ੍ਹਾਂ ਨੂੰ ਗੁਰੂ ਜੀ ਦੇ ਅੰਗ ਰੱਖਿਅਕ ਬਣਾਇਆ ਗਿਆ। ਹੌਲੀ-ਹੌਲੀ ਇਹ ਗਿਣਤੀ ਸੈਂਕੜਿਆਂ ਅਤੇ ਹਜ਼ਾਰਾਂ ਵਿੱਚ ਬਦਲ ਗਈ। ਅਕਾਲ ਤਖ਼ਤ ਸਾਹਿਬ ਤੇ ਢਾਡੀਆਂ ਦੁਆਰਾ ਬੀਰ-ਰਸੀ ਵਾਰਾਂ ਗਾਈਆਂ ਜਾਣ ਲੱਗੀਆਂ, ਤਾਂ ਜੋ ਸਿੱਖਾਂ ਦੇ ਅੰਦਰੋਂ ਮੌਤ ਦਾ ਡਰ ਨਿਕਲ ਸਕੇ ਅਤੇ ਬਹਾਦਰੀ ਦੀ ਭਾਵਨਾ ਪੈਦਾ ਹੋਵੇ।
ਇਸ ਕ੍ਰਾਂਤੀ ਦੇ ਨਤੀਜੇ ਵਜੋਂ, ਜਿਹੜੇ ਲੋਕ ਸਦੀਆਂ ਤੋਂ ਜ਼ੁਲਮ ਸਹਿੰਦੇ ਆ ਰਹੇ ਸਨ, ਉਹ ਬਹਾਦਰ ਯੋਧੇ ਬਣ ਗਏ। ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਗਲ ਫੌਜਾਂ ਨਾਲ ਚਾਰ ਜੰਗਾਂ ਲੜੀਆਂ ਅਤੇ ਚਾਰਾਂ ਵਿੱਚ ਹੀ ਸਿੱਖਾਂ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਇਹੀ ਮੀਰੀ-ਪੀਰੀ ਦਾ ਸਿਧਾਂਤ ਅੱਗੇ ਜਾ ਕੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦੇਗ ਤੇਗ ਫ਼ਤਹਿ ਅਤੇ ਖ਼ਾਲਸਾ ਪੰਥ ਦੀ ਸਾਜਨਾ ਦਾ ਆਧਾਰ ਬਣਿਆ।