ਸਲੋਕ ਮਃ ੫ ॥

ਕਾਮੁ ਕ੍ਰੋਧੁ ਲੋਭੁ ਛੋਡੀਐ ਦੀਜੈ ਅਗਨਿ ਜਲਾਇ ॥
ਜੀਵਦਿਆ ਨਿਤ ਜਾਪੀਐ ਨਾਨਕ ਸਾਚਾ ਨਾਉ ॥

 ਮਹਲਾ ੫ – ਗੁਰੂ ਅਰਜਨ ਸਾਹਿਬ ਜੀ
 ਰਾਗ ਗੂਜਰੀ  ਅੰਗ ੫੧੯ (519)

ਸਾਨੂੰ ਕਾਮ, ਕ੍ਰੋਧ ਅਤੇ ਲੋਭ ਜਿਹੇ ਵਿਕਾਰ ਛੱਡ ਦੇਣੇ ਚਾਹੀਦੇ ਹਨ। ਇਹਨਾਂ ਵਿਕਾਰਾਂ ਨੂੰ ਜਿਵੇਂ ਕਿਸੇ ਅੱਗ ਵਿਚ ਹੀ ਸਾੜ ਦੇਈਏ। ਅਸੀਂ ਜਦੋਂ ਤਕ ਜੀਊਂਦੇ ਹਾਂ ਮਾਲਕ ਦਾ ਸੱਚਾ ਨਾਮ, ਭਾਵ ਉਸ ਦੇ ਗੁਣ ਤੇ ਨੀਅਮ ਸਦਾ ਹੀ ਧਿਆਨ ਵਿੱਚ ਰਖੀਏ ।


21 ਫਰਵਰੀ, 1924 : ਗੰਗਸਰ ਜੈਤੋ ਦੇ ਮੋਰਚੇ ਤੇ ਗੋਲੀ ਚਲਾਈ ਗਈ

ਸਿੱਖ ਕੌਮ ਦੇ ਪੱਖ ‘ਚ ਖੜ੍ਹਨ ਕਾਰਨ ਨਾਭਾ ਰਿਆਸਤ ਦੇ ਮਹਾਰਾਜਾ ਰਿਪੂਦਮਨ ਸਿੰਘ ਵਿਰੁੱਧ ਅੰਗਰੇਜ਼ ਨਾਰਾਜ਼ ਸਨ, ਸੋ ਅੰਗਰੇਜ਼ ਹਕੂਮਤ ਨੇ ਮਹਾਰਾਜਾ ਨੂੰ ਗੱਦੀ ਤੋਂ ਲਾਹ ਦਿੱਤਾ ਸੀ । ਜਦੋਂ ਸਿੱਖ ਸੰਗਤ ਨੇ ਗੁਰਦੁਆਰਾ ਗੰਗਸਰ ਜੈਤੋ ਤੋਂ ਮਹਾਰਾਜਾ ਦੀ ਬਹਾਲੀ ਵਾਸਤੇ ਮਤੇ ਪਾਸ ਕਰ ਕੇ ਅਖੰਡ ਪਾਠ ਆਰੰਭ ਕੀਤਾ ਤਾਂ ਸਰਕਾਰ ਨੇ ਪਾਠ ਕਰ ਰਹੇ ਸਿੰਘ ਵੀ ਚੁੱਕ ਲਏ, ਅਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ। ਪਾਠ ਖੰਡਿਤ ਹੋਣ ਦੇ ਰੋਸ ‘ਚ ਸਿੱਖ ਜੱਥਿਆਂ ਨੇ ਗ੍ਰਿਫਤਾਰੀਆਂ ਦੇਣੀਆਂ ਸ਼ੁਰੂ ਕਰ ਦਿਤੀਆਂ ।

21 ਫਰਵਰੀ, 1924 ਨੂੰ ਇਕ ਜੱਥੇ ‘ਤੇ ਅੰਗਰੇਜ਼ ਅਫ਼ਸਰ ਵਿਲਸਨ ਜਾਨਸਟਨ ਨੇ ਗੋਲ਼ੀ ਚਲਾਉਣ ਦਾ ਹੁਕਮ ਦੇ ਦਿੱਤਾ, ਜਿਸ ‘ਚ ਅਨੇਕਾਂ ਜਣੇ ਸ਼ਹੀਦ ਹੋ ਗਏ, ਪਰ ਮੋਰਚਾ ਜਾਰੀ ਰਿਹਾ ।

ਅੰਤ ਸਿੱਖਾਂ ਦੇ ਸਬਰ ਅਤੇ ਸ਼ਾਂਤਮਈ ਸੰਘਰਸ਼ ਅੱਗੇ ਅੰਗਰੇਜ਼ ਹਕੂਮਤ ਨੂੰ ਝੁਕਣਾ ਪਿਆ ਤੇ 21 ਜੁਲਾਈ, 1925 ਨੂੰ ਅਖੰਡ ਪਾਠ ਸਾਹਿਬ ਮੁੜ ਆਰੰਭ ਹੋਏ ।


.