ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ ॥ ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ ॥

 ਮਹਲਾ ੯ – ਗੁਰੂ ਤੇਗ ਬਹਾਦਰ ਜੀ
 ਸਲੋਕ  ਅੰਗ ੧੪੨੯ (1429)

ਇਸ ਜਗਤ ਨੂੰ ਆਪਣਾ ਸਮਝ ਕੇ ਹੀ ਹੁਣ ਤਕ ਵੇਖਦਾ ਰਿਹਾ, ਪਰ ਇਥੇ ਤਾਂ ਕੋਈ ਕਿਸੇ ਦਾ ਵੀ ਸਦਾ ਲਈ ਆਪਣਾ ਨਹੀਂ ਹੈ ।

ਸਦਾ ਕਾਇਮ ਰਹਿਣ ਵਾਲੀ ਤਾਂ ਸੱਚੇ ਮਾਲਕ ਦੀ ਭਗਤੀ ਹੀ ਹੈ, ਸੋ ਇਸ ਭਗਤੀ ਨੂੰ ਹੀ ਆਪਣੇ ਮਨ ਵਿਚ ਪ੍ਰੋਅ ਕੇ ਰੱਖੀਏ ।


21 ਅਗਸਤ, 1604 : ਗੁਰੂ ਹਰਿਗੋਬਿੰਦ ਸਾਹਿਬ ਦਾ ਦਮੋਦਰੀ ਜੀ ਨਾਲ ਆਨੰਦ ਕਾਰਜ

ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਆਨੰਦ ਕਾਰਜ ਮਾਤਾ ਦਮੋਦਰੀ ਜੀ ਦੇ ਨਾਲ 21 ਅਗਸਤ, 1604 ਵਾਲੇ ਦਿਨ ਹੋਇਆ।

ਮਾਤਾ ਦਮੋਦਰੀ ਜੀ ਪਿੰਡ ਡੱਲਾ ਦੇ ਰਹਿਣ ਵਾਲੇ ਭਾਈ ਨਰਾਇਣ ਦਾਸ ਅਤੇ ਮਾਤਾ ਭਾਗਭਰੀ ਦੀ ਸਪੁੱਤਰੀ ਸਨ।

ਆਪ ਜੀ ਦੀ ਬਰਾਤ ਵਿੱਚ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭੱਟ ਭਾਈ ਕੀਰਤ ਅਤੇ ਭਾਈ ਮਥਰਾ ਜੀ, ਸ਼ਾਮਿਲ ਹੋਏ ਸਨ।

ਅਨੰਦ ਕਾਰਜ ਤੋਂ ਬਾਅਦ ਗੁਰੂ ਸਾਹਿਬ ਪਾਤਸ਼ਾਹ ਛੇਂਵੇ, ਸ੍ਰੀ ਅੰਮ੍ਰਿਤਸਰ ਸਾਹਿਬ ਦੇ ਗੁਰੂ ਕਾ ਚੱਕ ਵਿੱਖੇ ਆ ਗਏ ਸਨ।

ਜਿਥੇ ਆਨੰਦ ਕਾਰਜ ਹੋਇਆ ਸੀ ਉਥੇ ਹੁਣ ‘ਮਾਤਾ ਦਮੋਦਰੀ ਜੀ’ ਦੇ ਨਾਮ ਦਾ ਗੁਰਦੁਆਰਾ ਹੈ, ਜੋ ਕਿ ਪਿੰਡ ਡੱਲਾ, ਜਿਲ੍ਹਾਂ ਕਪੂਰਥਲਾ ਵਿਚ ਸਥਿਤ ਹੈ।


21 ਅਗਸਤ, 1664 : ਗੁਰੂ ਤੇਗਬਹਾਦਰ ਜੀ ਦਾ ਪਹਿਲਾ ਪ੍ਰਚਾਰ ਦੌਰਾ ਕੀਰਤਪੁਰ ਦਾ

ਨੌਵੇਂ ਗੁਰੂ ਤੇਗਬਹਾਦਰ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣ ਤੋਂ ਪਿਛੋਂ 21 ਅਗਸਤ, 1664 ਨੂੰ ਪਹਿਲਾ ਪ੍ਰਚਾਰ ਦੌਰਾ ਕੀਰਤਪੁਰ ਸਾਹਿਬ ਦਾ ਕੀਤਾ।

ਕੀਰਤਪੁਰ ਦੇ ਲਾਗਵੇਂ ਪਿੰਡ ਕਲਿਆਣਪੁਰ ਵਿੱਖੇ ਗੁਰੂ ਹਰਿ ਰਾਇ ਸਾਹਿਬ ਦੀ ਬੇਟੀ ਬੀਬੀ ਰੂਪ ਕੌਰ ਆਪਣੇ ਪਤੀ ਦੇ ਨਾਲ ਰਹਿ ਰਹੀ ਸੀ। ਜਦੋਂ ਗੁਰੂ ਤੇਗਬਹਾਦਰ ਜੀ ਬੀਬੀ ਰੂਪ ਕੌਰ ਦੇ ਘਰ ਪੁੱਜੇ ਤਾਂ ਇਸ ਮੌਕੇ ਆਪ ਜੀ ਦੇ ਨਾਲ ਹੋਰ ਮੁਖੀ ਸਿੱਖ ਵੀ ਮਜੂਦ ਸਨ।