ਸਲੋਕ ਮਃ ੫ ॥

ਸੇਵਕ ਸਚੇ ਸਾਹ ਕੇ ਸੇਈ ਪਰਵਾਣੁ ॥
ਦੂਜਾ ਸੇਵਨਿ ਨਾਨਕਾ ਸੇ ਪਚਿ ਪਚਿ ਮੁਏ ਅਜਾਣ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਗਉੜੀ  ਅੰਗ ੩੧੫ (315)

ਜੋ ਮਨੁੱਖ ਆਪਣੇ ਸੱਚੇ ਸ਼ਾਹ ‘ਸਤਿਗੁਰੂ’, ਦੇ ਸੱਚੇ ਸੇਵਕ ਹਨ ਉਹੋ ਹੀ ਸਤਿਗੁਰੂ ਦੀ ਹਜ਼ੂਰੀ ਵਿਚ ਕਬੂਲ ਹੁੰਦੇ ਹਨ । ਜੋ ਉਸ ਸੱਚੇ ਸ਼ਾਹ ਨੂੰ ਛੱਡ ਕੇ ਦੂਜੇ ਦੀ ਸੇਵਾ ਕਰਦੇ ਹਨ, ਉਹ ਅਣਜਾਣ ਮੂਰਖ ਵਿਅਰਥ ਭਟਕਣਾ ਵਿਚ ਖਪ-ਖਪ ਕੇ ਹੀ ਮਰਦੇ ਹਨ ।

ਇਸ ਸਲੋਕ ਰਾਂਹੀ ਗੁਰੂ ਸਾਹਿਬ ਦਾ ਸਪੱਸ਼ਟ ਹੁਕਮ ਹੈ ਕਿ – ਆਪਣੇ ਗਿਆਨ-ਗੁਰੂ (ਗੁਰੂ ਗ੍ਰੰਥ ਸਾਹਿਬ) ਤੋਂ ਇਲਾਵਾ ਕਿਸੇ ਹੋਰ, ਗੁਰਮਤਿ ਵਿਰੋਧੀ ਅਨਮਤੀ ਗ੍ਰੰਥਾਂ, ਮਨਮਤੀ ਲਿਖਤਾਂ, ਕਾਲਪਨਿਕ ਮਿਥਿਹਾਸ, ਅਸਥਾਨਾਂ, ਡੇਰਿਆਂ, ਢੋਂਗੀ ਬਾਬਿਆਂ ਆਦਿ ਦੇ ਲੜ੍ਹ ਲੱਗ ਕੇ ਸਾਨੂੰ ਆਪਣਾ ਜੀਵਨ ਵਿਅਰਥ ਨਹੀਂ ਲੁਟਾਣਾ ਚਾਹੀਦਾ ।


20 ਸਤੰਬਰ, 1956 : ਨਾਂਦੇੜ ਸਿੱਖ ਗੁਰਦੁਆਰਾ ਐਕਟ ਪਾਸ ਹੋਇਆ

ਨਾਂਦੇੜ, ਮਹਾਰਾਸ਼ਟਰ ਪ੍ਰਦੇਸ਼ ਦਾ ਇਕ ਜ਼ਿਲ੍ਹਾ ਨਗਰ ਹੈ, ਜੋ ਕਿ ਗੋਦਾਵਰੀ ਨਦੀ ਦੇ ਖਬੇ ਕੰਢੇ ਉਤੇ ਵਸਿਆ ਹੋਇਆ ਹੈ। ਇਸ ਨਗਰ ਨੂੰ ‘ਹਜ਼ੂਰ ਸਾਹਿਬ’ ਵੀ ਕਿਹਾ ਜਾਂਦਾ ਹੈ। ਪ੍ਰਚੱਲਿਤ ਮਾਨਤਾ ਅਨੁਸਾਰ ਗੁਰੂ ਗੋਬਿੰਦ ਸਿੰਘ ਜੀ ਨੇ ਇਥੇ ਹੀ ਗ੍ਰੰਥ ਸਾਹਿਬ ਨੂੰ ਗੁਰੂ-ਪਦਵੀ ਪ੍ਰਦਾਨ ਕੀਤੀ ਸੀ।

ਮਹਾਰਾਜਾ ਰਣਜੀਤ ਸਿੰਘ ਨੇ 1832 ਵਿਚ ਪੰਜਾਬ ਤੋਂ ਮਿਸਤਰੀ ਭੇਜ ਕੇ ਗੁਰੂ-ਧਾਮ ਦੀ ਨਵੀਂ ਇਮਾਰਤ ਦੀ ਉਸਾਰੀ ਕਰਵਾਈ। ਉਨ੍ਹਾਂ ਮਿਸਤਰੀਆਂ ਵਿਚੋਂ ਬਹੁਤੇ ਉਥੇ ਹੀ ਰਹਿਣ ਲਗ ਗਏ। ਇਸ ਤਰ੍ਹਾਂ ਨਾਂਦੇੜ ਵਿਚ ਸਿੱਖਾਂ ਦੀ ਆਬਾਦੀ ਵਧ ਗਈ, ਪਰ ਗੁਰੂ-ਧਾਮ ਦਾ ਸਮੁੱਚਾ ਪ੍ਰਬੰਧ ਰਿਆਸਤ ਕੋਲ ਜਾਂ ਸਮੇਂ ਦੀ ਸਰਕਾਰ ਕੋਲ ਰਿਹਾ, ਜੋ ਕਿ ਅੱਜ ਵੀ ਹੈ।

ਆਜ਼ਾਦੀ ਪਿੱਛੋਂ 20 ਸਤੰਬਰ, 1956 ਨੂੰ ਭਾਰਤ ਸਰਕਾਰ ਵੱਲੋਂ ‘ਨਾਂਦੇੜ ਸਿੱਖ ਗੁਰਦੁਆਰਾ ਐਕਟ’ ਪਾਸ ਕਰਕੇ 17 ਮੈਂਬਰਾਂ ਦਾ ਇਕ ‘ਗੁਰਦੁਆਰਾ ਬੋਰਡ’ ਸਥਾਪਿਤ ਕੀਤਾ ਗਿਆ ਅਤੇ ਪੰਜ ਮੈਂਬਰਾਂ ਦੀ ਮੈਨੇਜਿੰਗ ਕਮੇਟੀ ਬਣਾ ਦਿੱਤੀ ਗਈ। ਇਥੋਂ ਦਾ ਸਾਰਾ ਪ੍ਰਬੰਧ ਇਸ ਬੋਰਡ ਹੇਠਾਂ ਹੀ ਚੱਲਦਾ ਹੈ।