ਮਃ ੧ ॥
ਸੋ ਗਿਰਹੀ ਜੋ ਨਿਗ੍ਰਹੁ ਕਰੈ ॥
ਜਪੁ ਤਪੁ ਸੰਜਮੁ ਭੀਖਿਆ ਕਰੈ ॥ਮਹਲਾ ੧ – ਗੁਰੂ ਨਾਨਕ ਦੇਵ ਜੀ
ਰਾਮਕਲੀ ਰਾਗ ਅੰਗ ੯੫੨ (952)
ਅਸਲ ਗ੍ਰਿਹਸਤੀ ਉਹ ਹੈ ਜੋ ਆਪਣੀ ਇੰਦ੍ਰਿਆਂ ਨੂੰ ਵਿਸ਼ੇ-ਵਿਕਾਰਾਂ ਵਲੋਂ ਰੋਕਦਾ ਹੈ । ਐਸਾ ਗ੍ਰਿਹਸਤੀ ਹੀ ਗੁਰਸਿੱਖੀ ਜੀਵਨ ਜਿਉਣ ਲਈ ਸਤਿਗੁਰੂ ਪਾਸੋਂ ਕੇਵਲ ਸੰਜਮ ਤੇ ਸੰਤੋਖ ਰੂਪੀ ਜਪ – ਤਪ ਦੀ ਖ਼ੈਰ ਮੰਗਦਾ ਹੈ ।
20 ਅਕਤੂਬਰ, 1931 : ਡਾ. ਗੰਡਾ ਸਿੰਘ ਨੂੰ ‘ਸਿੱਖ ਇਤਿਹਾਸ ਖ਼ੋਜ ਕੇਂਦਰ’ ਦਾ ਮੁਖੀ ਨਿਯੁਕਤ ਕੀਤਾ ਗਿਆ
ਖਾਲਸਾ ਕਾਲਜ ਅੰਮ੍ਰਿਤਸਰ ਦਾ ‘ਸਿੱਖ ਇਤਿਹਾਸ ਖ਼ੋਜ ਕੇਂਦਰ’ ਖ਼ਾਲਸਾ ਕਾਲਜ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਇਤਿਹਾਸ ਦੀ ਖੋਜ ਅਤੇ ਸਿੱਖ ਇਤਿਹਾਸ ਨੂੰ ਨਵੀਂ ਇਤਿਹਾਸਕਾਰੀ ਦੇ ਨਜ਼ਰੀਏ ਤੋਂ ਲਿਖਣ ਲਈ 1930 ਨੂੰ ਸਥਾਪਤ ਕੀਤਾ ਗਿਆ।
ਖ਼ਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਨੇ ਇਸ ਕਾਰਜ ਲਈ ਉਸ ਸਮੇਂ ਦੇ ਪ੍ਰਸਿੱਧ ਸਿੱਖ ਇਤਿਹਾਸ ਖ਼ੋਜੀ ਅਤੇ ਇਤਿਹਾਸਕਾਰ ਸ. ਕਰਮ ਸਿੰਘ ਹਿਸਟੋਰੀਅਨ ਨੂੰ ਨਿਯੁਕਤ ਕਰਨ ਦਾ ਮਨ ਬਣਾਇਆ। ਪਰ ਉਨ੍ਹਾਂ ਦੀ ਉਸ ਸਮੇਂ ਅਚਾਨਕ ਮੌਤ ਹੋ ਜਾਣ ਕਰਕੇ ਇਸ ਕਾਰਜ ਲਈ ਖ਼ਾਲਸਾ ਕਾਲਜ ਦੀ ਪ੍ਰਬੰਧਕ ਕਮੇਟੀ ਵਲੋਂ 20 ਅਕਤੂਬਰ, 1931 ਵਾਲੇ ਦਿਨ ਡਾ. ਗੰਡਾ ਸਿੰਘ ਨੂੰ ‘ਸਿੱਖ ਇਤਿਹਾਸ ਖ਼ੋਜ ਕੇਂਦਰ’ ਦਾ ਮੁਖੀ ਨਿਯੁਕਤ ਕੀਤਾ ਗਿਆ।