ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥
ਆਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥<br!>: ਭਗਤ ਫ਼ਰੀਦ ਜੀ
ਸਲੋਕ ਅੰਗ ੧੩੭੮ (1378)
ਭਗਤ ਫਰੀਦ ਜੀ ਸਮਝਾਉਂਦੇ ਹਨ ਕਿ ਜੇ ਤੂੰ ਬਹੁਤ ਸਮਝਦਾਰ (ਬਰੀਕ ਬੁੱਧੀ/ਅਕਲ ਵਾਲਾ) ਹੈਂ, ਤਾਂ ਹੋਰਨਾਂ ਦੇ ਮੰਦੇ ਕਰਮਾਂ ਦੀ ਪਛਚੋਲ ਨਾ ਕਰ। ਆਪਣੀ ਬੁੱਕਲ ਵਿਚ ਮੂੰਹ ਪਾ ਕੇ, ਅਰਥਾਤ ਆਪਣੇ ਅੰਦਰ ਝਾਤੀ ਮਾਰ, ਵੇਖ ਕਿ ਤੇਰੇ ਆਪਣੇ ਕਰਮ ਕੈਸੇ ਹਨ ।
20 ਮਾਰਚ 1691: ਨਦੌਣ ਦੀ ਜੰਗ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਪਹਾੜੀ ਰਾਜਿਆਂ ਦਾ ਸਾਥ ਦਿੱਤਾ; ਪਰ ਬਦਲੇ ਵਿੱਚ ਵਿਸ਼ਵਾਸਘਾਤ ਮਿਲਿਆ
ਨਾਦੌਣ ਦੀ ਜੰਗ ਜੋ ਪਹਾੜੀ ਰਾਜਿਆਂ ਅਤੇ ਮੁਗਲਾਂ ਦੇ ਵਿਚਕਾਰ ਲੜੀ ਗਈ। ਇਸ ਵਿੱਚ ਗੁਰੂ ਗੋਬਿੰਦ ਸਿੰਘ ਨੇ ਪਹਾੜੀ ਰਾਜਿਆਂ ਦਾ ਸਾਥ ਦਿੱਤਾ।
ਬਿਲਾਸਪੁਰ ਦੇ ਰਾਜਾ ਭੀਮ ਚੰਦ ਅਤੇ ਹੋਰ ਪਹਾੜੀ ਰਾਜਿਆਂ ਨੇ ਮੁਗਲ ਸਰਕਾਰ ਨੂੰ ਸਲਾਨਾ ਟੈਕਸ ਦੇਣਾ ਬੰਦ ਕਰ ਦਿਤਾ ਸੀ। ਸਾਰਿਆਂ ਰਾਜਿਆਂ ਨੇ ਭੀਮ ਚੰਦ ਦੀ ਅਗਵਾਈ ਵਿੱਚ ਇੱਕ ਸੰਘ ਬਣਾ ਲਿਆ।
ਪਹਾੜੀ ਰਾਜਿਆਂ ਵੱਲੋਂ ਕਰ ਨਾ ਦੇਣ ਤੇ ਜੰਮੂ ਦੇ ਮੁਗਲ ਸੂਬੇਦਾਰ ਮੀਆਂ ਖਾਂ ਨੇ ਪਹਾੜੀ ਰਾਜਿਆਂ ਦੇ ਵਿਰੁੱਧ ਸੰਨ ੧੬੯੦ ਵਿੱਚ ਅਲਿਫ ਖਾਂ ਦੀ ਅਗਵਾਈ ਵਿੱਚ ਇੱਕ ਮੁਹਿੰਮ ਭੇਜੀ ਗਈ। ਇਸ ਲੜਾਈ ਵਿੱਚ ਕਾਂਗੜਾ ਦੇ ਰਾਜੇ ਕਿਰਪਾਲ ਚੰਦ ਅਤੇ ਬਿਜਾਰਵਾਲ ਦਾ ਰਾਜਾ ਦਿਆਲ ਨੇ ਅਲਿਫ ਖਾਂ ਦਾ ਸਾਥ ਦਿਤਾ।
ਗੁਰੂ ਗੋਬਿੰਦ ਸਿੰਘ ਜੀ ਨੇ ਰਾਜਾ ਰਾਮ ਸਿੰਘ ਅਤੇ ਪਹਾੜੀ ਰਾਜਿਆਂ ਦੇ ਪੱਖ ਵਿੱਚ ਹਿੱਸਾ ਲਿਆ। ਕਾਂਗੜਾ ਤੋਂ ੩੨ ਕਿਲੋਮੀਟਰ ਦੂਰ ਬਿਆਸ ਦਰਿਆ ਦੇ ਕੰਢੇ ‘ਤੇ ਨਾਦੌਣ ਨਾਮੀ ਸਥਾਨ ਤੇ ਯੁੱਧ ਹੋਇਆ। ਇਸ ਯੁੱਧ ਵਿੱਚ ਗੁਰੂ ਸਾਹਿਬ ਅਤੇ ਸਿੱਖ ਫੋਜਾਂ ਨੇ ਆਪਣੀ ਬਹਾਦਰੀ ਦਾ ਪ੍ਰਮਾਣ ਦਿਤਾ। ਅਲਿਫ ਖਾਂ ਹਾਰ ਗਿਆ ਅਤੇ ਲੜਾਈ ਦੇ ਮੈਂਦਾਨ ਵਿੱਚੋਂ ਭੱਜ ਗਿਆ।
ਪਰ ਨਾਦੌਣ ਦੀ ਜਿੱਤ ਤੋਂ ਬਾਅਦ ਭੀਮ ਚੰਦ ਨੇ ਗੁਰੂ ਸਾਹਿਬ ਤੋਂ ਪੁੱਛੇ ਬਿਨਾਂ ਹੀ ਅਲਿਫ ਖਾਂ ਨਾਲ ਸਮਝੌਤਾ ਕਰ ਲਿਆ। ਇਹ ਗੁਰੂ ਸਾਹਿਬ ਨਾਲ ਪਹਾੜੀ ਰਾਜਿਆਂ ਦਾ ਵਿਸ਼ਵਾਸਘਾਤ ਸੀ।