ਸਲੋਕ ਮਃ ੫ ॥

ਰਾਮੁ ਜਪਹੁ ਵਡਭਾਗੀਹੋ ਜਲਿ ਥਲਿ ਪੂਰਨੁ ਸੋਇ ॥
ਨਾਨਕ ਨਾਮਿ ਧਿਆਇਐ ਬਿਘਨੁ ਨ ਲਾਗੈ ਕੋਇ ॥੧॥

 ਮਹਲਾ ੫ – ਗੁਰੂ ਅਰਜਨ ਸਾਹਿਬ ਜੀ
 ਸਲੋਕ, ਰਾਗ ਗੂਜਰੀ  ਅੰਗ ੫੨੪ (524)

ਹੇ ਵੱਡੇ ਭਾਗਾਂ ਵਾਲਿਓ! ਉਸ ਸੰਸਾਰ ਦੇ ਮਾਲਕ, ਇਸ ਕੁਦਰਤਿ ਨੂੰ ਸਦਾ ਚੇਤੇ ਰੱਖੋ, ਜੋ ਕਿ – ਜਲ ਵਿਚ, ਥਲ ਵਿਚ, ਧਰਤੀ ਉੱਤੇ ਹਰ ਥਾਂ ਹੀ ਮੌਜੂਦ ਹੈ।

ਜੇ ਇਸ ਕੁਦਰਤਿ ਦੇ ਵਿਧਾਨ ਨੂੰ ਚੇਤੇ ਰੱਖੀਏ ਤਾਂ ਸਾਡੇ ਜੀਵਨ ਦੇ ਰਾਹ ਵਿਚ ਕੋਈ ਰੁਕਾਵਟ ਨਹੀਂ ਟਿਕ ਪਏਗੀ।


20 ਜਨਵਰੀ, 1935 : ਸੇਵਾ ਸਿੰਘ ਠੀਕਰੀਵਾਲਾ ਦੀ ਸ਼ਹੀਦੀ

ਸੇਵਾ ਸਿੰਘ ਠੀਕਰੀਵਾਲਾ (ਜਨਮ 1882) ਸਿੰਘ ਸਭਾ ਲਹਿਰ ਦਾ ਇਕ ਅਣਥੱਕ ਆਗੂ ਸੀ। 1921 ਵਿਚ ਉਸ ਨੇ ਪਟਿਆਲਾ ਰਿਆਸਤ ਦਾ ਪਹਿਲਾ ਅਕਾਲੀ ਜੱਥਾ ਕਾਇਮ ਕੀਤਾ।

1923 ਵਿਚ ਜਦ ਬਰਤਾਨਵੀ ਹਕੂਮਤ ਨੇ ਅਕਾਲੀ ਦਲ ਤੇ ਪਾਬੰਦੀ ਲਾਈ ਤਾਂ ਉਸ ਨੂੰ ਵੀ ਪਟਿਆਲਾ ਹਕੂਮਤ ਨੇ ਗ੍ਰਿਫ਼ਤਾਰ ਕਰ ਲਿਆ। ਗੁਰਦੁਆਰਾ ਐਕਟ ਬਣਨ ਮਗਰੋਂ ਉਸ ਨੂੰ ਵੀ ਰਿਹਾ ਕਰ ਦਿੱਤਾ ਗਿਆ, ਪਰ ਰਾਜਾ ਭੂਪਿੰਦਰ ਸਿੰਘ ਨੇ ਆਪਣੀ ਅੜੀ ਪੁਗਾਉਣ ਵਾਸਤੇ ਕੁਝ ਚਿਰ ਮਗਰੋਂ ਉਸ ਨੂੰ ਫੇਰ ਗ੍ਰਿਫ਼ਤਾਰ ਕਰ ਲਿਆ।

ਉਸ ਮਗਰੋਂ ਕਈ ਵਾਰ ਗ੍ਰਿਫ਼ਤਾਰ, ਤੇ ਕਈ ਵਾਰ ਛੱਡਿਆ ਗਿਆ। ਆਖ਼ਰੀ ਗ੍ਰਿਫ਼ਤਾਰੀ 24 ਅਗਸਤ, 1933 ਦੇ ਦਿਨ ਹੋਈ ਤੇ ਰਾਜੇ ਨੇ ਉਸ ਨੂੰ 8 ਸਾਲ ਦੀ ਕੈਦ ਸੁਣਾਈ।

ਕੈਦ ਦੌਰਾਨ 18 ਅਪ੍ਰੈਲ, 1934 ਨੂੰ ਸੇਵਾ ਸਿੰਘ ਠੀਕਰੀਵਾਲਾ ਨੇ ਜੇਲ੍ਹ ਵਿਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਤੇ 20 ਜਨਵਰੀ, 1935 ਦੇ ਦਿਨ ਸ਼ਹੀਦ ਹੋ ਗਏ।