ਸਲੋਕ ॥
ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥
ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥
ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥
ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਜੈਤਸਰੀ ਅੰਗ ੭੦੮ (708)
ਇਹ ਰਾਜ, ਇਹ ਰੂਪ, ਇਹ ਧਨ ਤੇ ਉੱਚੀ ਕੁਲ ਦਾ ਮਾਣ — ਸਭ ਛਲ-ਰੂਪ ਹੈ। ਲੋਕ ਛਲ ਕਰ ਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ ਕਈ ਢੰਗਾਂ ਨਾਲ ਮਾਇਆ ਜੋੜਦੇ ਹਨ, ਪਰ ਮਾਲਕ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਏਥੋਂ ਨਾਲ ਨਹੀਂ ਜਾਂਦੀ ।
ਤੁੰਮਾ ਵੇਖਣ ਨੂੰ ਹੀ ਸਾਨੂੰ ਸੋਹਣਾ ਦਿਸਦਾ ਹੈ, ਕੀ ਸਾਨੂੰ ਇਹ ਉਕਾਈ/ਗਲਤੀ ਲੱਗ ਰਹੀ ਹੈ? ਕਿਉਂਕਿ ਇਸ ਦਾ ਤਾਂ ਅੱਧੀ ਕੌਡੀ ਭੀ ਮੁੱਲ ਨਹੀਂ ਮਿਲਦਾ।
ਇਹੀ ਹਾਲ ਮਾਇਆ ਦਾ ਹੈ, ਇਹ ਭੀ ਕੌਡੀ ਮੁੱਲ ਦੀ ਨਹੀਂ ਹੁੰਦੀ, ਕਿਉਂਕਿ ਏਥੋਂ ਇਸ ਜਹਾਨ ਤੋਂ ਤੁਰਨ ਵੇਲੇ ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ।
20 ਦਸੰਬਰ, 1704 : ਗੁਰੂ ਗੋਬਿੰਦ ਸਿੰਘ ਜੀ ਨੇ ਅਨੰਦਪੁਰ ਦਾ ਕਿਲ੍ਹਾ ਛੱਡਿਆ; ਪਰਿਵਾਰ-ਵਿਛੋੜਾ
ਸੰਨ 1704 ਵਿਚ ਬਾਦਸ਼ਾਹ ਔਰੰਗਜ਼ੇਬ ਦੀ ਮੁਗ਼ਲ ਫੋਜਾਂ ਨੇ ਕਿਲ੍ਹਾ ਆਨੰਦਪੁਰ ਨੂੰ ਚਾਰੋਂ ਪਾਸੇ ਘੇਰਾ ਪਾ ਲਿਆ । ਕਈ ਮਹੀਨੇ ਜੰਗ ਚੱਲਦੀ ਰਹੀ । ਰਸਦ ਪਾਣੀ ਖਤਮ ਹੋਣ ਲੱਗਾ ਪਰ ਸਿੰਘ ਆਪ੍ਣੇ ਗੁਰੂ ਦੇ ਪ੍ਰੇਮ ਵਿੱਚ ਜੂਝਦੇ ਗਏ ।
ਆਖਰ 19 – 20 ਦਸੰਬਰ, 1704 ਦੀ ਵਿਚਲੀ ਰਾਤ ਨੂੰ ਗੁਰੂ ਜੀ ਨੇ ਅਨੰਦਪੁਰ ਦਾ ਕਿਲ੍ਹਾ ਖਾਲੀ ਕਰ ਦਿੱਤਾ। ਦਸ਼ਮੇਸ਼ ਪਿਤਾ ਦਾ ਪੂਰਾ ਪਰਿਵਾਰ ਸਰਸਾ ਨਦੀ ਦੇ ਕੰਢੇ ਵਿੱਛੜ ਗਿਆ । ਇਸ ਕਹਿਰ ਦੀ ਸਰਦੀ ਵਿੱਚ ਆਪਣੀ ਦਾਦੀ ਮਾਤਾ ਗੁਜਰੀ ਜੀ ਨਾਲ ਦੋ ਛੋਟੇ ਸਾਹਿਬਜ਼ਾਦੇ – ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ, ਗੁਰੂ ਜੀ ਤੋਂ ਵਿੱਛੜ ਕੇ ਵੱਖਰੇ ਰਾਹ ਤੇ ਪੈ ਗਏ ।
ਗੁਰੂ ਸਾਹਿਬ ਦੋਹਾਂ ਵੱਡੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ, ਪੰਜਾਂ ਪਿਆਰਿਆਂ ਅਤੇ ਕੁਝ ਸਿੰਘਾਂ ਨਾਲ ਜ਼ੁਲਮ ਦੀ ਹਨ੍ਹੇਰੀ ਨੂੰ ਠੱਲ੍ਹ ਪਾਉਣ ਲਈ ਅਗਾਂਹ ਵੱਧਦੇ ਗਏ । ਆਖ਼ਰ ਗੁਰੂ ਸਾਹਿਬ ਨੇ ਸਰਸਾ ਦੇ ਕੰਢੇ, ਅੰਮ੍ਰਿਤ ਵੇਲੇ ਦਾ ਦੀਵਾਨ ਸਜਾਇਆ ਅਤੇ ਆਸਾ ਦੀ ਵਾਰ ਦਾ ਗਾਇਨ ਕੀਤਾ । ਅਤੇ ਅਗਲੇ ਸਫ਼ਰ ਦੀ ਤਿਆਰੀ ਸ਼ੁਰੂ ਕੀਤੀ ।