ਮਾਝ ਮਹਲਾ ੫ ਘਰੁ ੨ ॥

ਨਿਤ ਨਿਤ ਦਯੁ ਸਮਾਲੀਐ ॥
ਮੂਲਿ ਨ ਮਨਹੁ ਵਿਸਾਰੀਐ ॥ ਰਹਾਉ ॥
ਸੰਤਾ ਸੰਗਤਿ ਪਾਈਐ ॥
ਜਿਤੁ ਜਮ ਕੈ ਪੰਥਿ ਨ ਜਾਈਐ ॥
ਤੋਸਾ ਹਰਿ ਕਾ ਨਾਮੁ ਲੈ ਤੇਰੇ ਕੁਲਹਿ ਨ ਲਾਗੈ ਗਾਲਿ ਜੀਉ ॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਰਾਗ ਮਾਝ  ਅੰਗ ੧੩੩ (133)

ਸਾਨੂੰ ਸਦਾ ਹੀ ਉਸ, ਸੱਚੇ-ਮਾਲਕ, ਨੂੰ ਹਿਰਦੇ ਵਿਚ ਵਸਾਣਾ ਚਾਹੀਦਾ ਹੈ, ਜੋ ਸਭ ਜੀਵਾਂ ਉੱਤੇ ਤਰਸ ਕਰਦਾ ਹੈ । ਉਸ ਨੂੰ ਕਦੇ ਵੀ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ ।

ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਹੀ ਸੱਚਾ ਨਾਮ ਮਿਲਦਾ ਹੈ, ਅਤੇ ਸਾਧ ਸੰਗਤਿ ਦੀ ਬਰਕਤਿ ਨਾਲ ਆਤਮਕ ਮੌਤ ਵਲ ਲੈ ਜਾਣ ਵਾਲੇ ਰਸਤੇ ਉੱਤੇ ਨਹੀਂ ਪਈਦਾ ।

ਜੇਕਰ ਆਪਣੇ ਜੀਵਨ-ਸਫ਼ਰ ਵਾਸਤੇ ਸੱਚੇ ਨਾਮ ਦਾ ਖ਼ਰਚਾ (ਤੋਸਾ) ਆਪਣੇ ਪੱਲੇ ਬੰਨ੍ਹ ਲਈਏ, ਤਾਂ ਇਸ ਤਰ੍ਹਾਂ ਸਾਡੇ ਭਵਿੱਖ (ਕੁਲ) ਨੂੰ ਵੀ ਕੋਈ ਬਦਨਾਮੀ ਨਹੀਂ ਆਵੇਗੀ ।


20 ਅਗਸਤ, 1985 : ਪੰਜਾਬ ਸਮੱਸਿਆ ਦੇ ਹੱਲ ਲਈ ਸਮਝੌਤਾ ਕਰਨ ਪਿੱਛੋਂ ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਕਤਲ

ਸੰਤ ਹਰਚੰਦ ਸਿੰਘ ਲੌਂਗੋਵਾਲ ਦਾ ਨਾਮ ਸਿੱਖ ਪੰਥ ਵਿੱਚ ਇੱਕ ਅਜਿਹਾ ਨਾਮ ਹੈ, ਜਿਨ੍ਹਾਂ ਨੇ ਨਾਜ਼ੁਕ ਸਮੇਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਕਈ ਮੋਰਚਿਆਂ ਦੀ ਅਗਵਾਈ ਕੀਤੀ।

ਉਹ ਪਹਿਲੇ ਆਗੂ ਹਨ, ਜਿਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਾਲ ਕਿਸੇ ਸਮਝੌਤੇ ‘ਤੇ ਦਸਤਖਤ ਕੀਤੇ ਹੋਣ। ਪਰ ਹਾਲੇ ਤੱਕ, ਉਨ੍ਹਾਂ ਦੀ ਵਿਰਾਸਤ ਨੂੰ ਘੱਟ ਹੀ ਪਛਾਣਿਆ ਗਿਆ ਹੈ।

ਪੰਜਾਬ ਸਮੱਸਿਆ ਦੇ ਪੁੱਖਤਾ ਹੱਲ ਲਈ ਸੰਤ ਲੌਂਗੋਵਾਲ ਤੇ ਪ੍ਰਧਾਨ-ਮੰਤਰੀ ਰਾਜੀਵ ਗਾਂਧੀ ਵਿਚਕਾਰ 24 ਜੁਲਾਈ, 1985 ਪੰਜਾਬ-ਸਮਝੌਤਾ (‘ਪੰਜਾਬ ਐਕੌਰਡ’) ਹੋਇਆ। ਇਸ ਸਮਝੌਤੇ ’ਤੇ ਦਸਤਖਤ ਕਰਨ ਲਈ ਸੰਤ ਲੌਂਗੋਵਾਲ ਦਿੱਲੀ ਗਏ। ਇਸ ਸਮਝੌਤੇ ਦੀ ਬਾਅਦ ਵਿੱਚ ਲੋਕ ਸਭਾ ਵੱਲੋਂ ਪੁਸ਼ਟੀ ਕੀਤੀ ਗਈ। ਇਹ ਪਹਿਲੀ ਵਾਰ ਸੀ, ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਕਿਸੇ ਪਾਰਟੀ ਦੇ ਪ੍ਰਧਾਨ ਵਿਚਕਾਰ ਅਜਿਹਾ ਕੋਈ ਸਮਝੌਤਾ ਹੋਇਆ ਹੋਵੇ।

ਪੰਜਾਬ ਸਮਝੌਤੇ ’ਤੇ ਦਸਤਖਤ ਉਨ੍ਹਾਂ ਲਈ ਆਤਮਘਾਤੀ ਸਾਬਿਤ ਹੋਇਆ ਕਿਉਂਕਿ ਇਸ ਸਮਝੌਤੇ ’ਤੇ ਦਸਤਖਤ ਕਰਨ ਤੋਂ ਇੱਕ ਮਹੀਨੇ ਦੇ ਅੰਦਰ ਹੀ 20 ਅਗਸਤ, 1985 ਨੂੰ ਸੰਤ ਲੌਂਗੋਵਾਲ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ।