ਕਬੀਰ ਥੋਰੈ ਜਲਿ ਮਾਛੁਲੀ ਝੀਵਰਿ ਮੇਲਿਓ ਜਾਲੁ ॥
ਇਹ ਟੋਘਨੈ ਨ ਛੂਟਸਹਿ ਫਿਰਿ ਕਰਿ ਸਮੁੰਦੁ ਸਮ੍ਹਾਲਿ ॥

 ਭਗਤ ਕਬੀਰ ਜੀ
 ਸਲੋਕ  ਅੰਗ ੧੩੬੭ (1367)

ਭਗਤ ਕਬੀਰ ਜੀ ਆਖਦੇ ਹਨ ਕਿ ਜੇਕਰ ਥੋੜ੍ਹੇ ਪਾਣੀ ਵਿਚ ਮੱਛੀ ਰਹਿੰਦੀ ਹੋਵੇ, ਤਾਂ ਮੱਛੀਆਂ ਫੜਨ ਵਾਲਾ ਝੀਊਰ ਆ ਕੇ ਜਾਲ ਪਾ ਲੈਂਦਾ ਹੈ। ਹੇ ਮੱਛੀ! ਇਸ ਟੋਏ ਵਿਚ ਰਹਿ ਕੇ ਤੂੰ ਇਸ ਜਾਲ ਤੋਂ ਬਚ ਨਹੀਂ ਸਕਦੀ, ਜੇ ਬਚਣਾ ਹੈ ਤਾਂ ਸਮੁੰਦਰ ਲੱਭ।

ਇਸ ਸਲੋਕ ਤੋਂ ਇਸ ਸਿੱਖਿਆ ਮਿਲਦੀ ਹੈ ਕਿ ਸਾਨੂੰ ਆਪਣੀ ਸੋਚ ਦੇ ਛੋਟੇ ਦਾਇਰੇ ਵਿਚੋਂ ਨਿਕਲ ਕੇ ਗਿਆਨ-ਗੁਰੂ ਦੀ ਵਿਸ਼ਾਲਤਾ ਵਿਚ ਵਿਚਰ ਕੇ ਜੀਵਨ ਸਫਲ ਕਰਨਾ ਚਾਹੀਦਾ ਹੈ।


20 ਅਪ੍ਰੈਲ, 1660 : ਗੁਰੂ ਹਰਿਰਾਇ ਸਾਹਿਬ ਸਿਆਲਕੋਟ ਤੋਂ ਸ੍ਰੀਨਗਰ (ਕਸ਼ਮੀਰ) ਪਹੁੰਚੇ

ਗੁਰੂ ਹਰਿਰਾਇ ਸਾਹਿਬ ਅਪ੍ਰੈਲ, 1660 ਵਿੱਚ ਸਿਆਲਕੋਟ ਵਿੱਚ ਸਨ । ਭਾਈ ਮੱਖਣ ਸ਼ਾਹ ਜੋ ਕਸ਼ਮੀਰ ਦਾ ਇੱਕ ਵੱਡਾ ਵਪਾਰੀ ਸੀ, ਉਨ੍ਹਾਂ ਦੇ ਦਰਸ਼ਨ ਕਰਣ ਵਾਸਤੇ ਸਿਆਲਕੋਟ ਆਇਆ । ਉਸਨੇ ਗੁਰੂ ਸਾਹਿਬ ਨੂੰ ਕਸ਼ਮੀਰ ਦੀਆਂ ਸੰਗਤਾਂ ਨੂੰ ਦਰਸ਼ਨ ਦੇਣ ਲਈ ਅਰਜੋਈ ਕੀਤੀ । ਗੁਰੂ ਸਾਹਿਬ ਨੇ ਉਸਦੀ ਅਰਜੋਈ ਮੰਨ ਉਸਦੇ ਕਾਫ਼ਲੇ ਨਾਲ ਹੀ ਸ੍ਰੀ ਨਗਰ ਚੱਲ ਪਏ ।

20 ਅਪ੍ਰੈਲ, 1660 ਨੂੰ ਗੁਰੂ ਸਾਹਿਬ ਸ੍ਰੀਨਗਰ ਤੋਂ ਮਟਨ ਹੁੰਦੇ ਹੋਏ ਪਿੰਡ ਟਾਂਡਾ ਪਹੁੰਚੇ, ਜਿਥੇ ਉਹ ਮੱਖਣ ਸ਼ਾਹ ਦੇ ਘਰ ਕੁਝ ਦਿਨ ਠਹਿਰੇ । ਇਸ ਦੌਰਾਨ ਮੱਖਣ ਸ਼ਾਹ ਦੇ ਪਿਤਾ ਭਾਈ ਦਾਸਾ ਦੀ ਮੌਤ ਹੋ ਗਈ ਜਿਸਦਾ ਸਸਕਾਰ ਗੁਰੂ ਸਾਹਿਬ ਨੇ ਆਪਣੀ ਹੱਥੀਂ ਕੀਤਾ ।


20 ਅਪ੍ਰੈਲ, 1692 : ਗੁਰੂ ਗੋਬਿੰਦ ਸਿੰਘ ਜੀ ਦਾ ਰਵਾਲਸਰ ਤੋਂ ਜੰਮੂ ਦੀ ਰਿਆਸਤਾਂ ਦਾ ਦੌਰਾ

ਇਸ ਦਿਨ 1692 ਗੁਰੂ ਗੋਬਿੰਦ ਸਾਹਿਬ ਜੀ ਜੰਮੂ ਪੁੱਜੇ । ਇੱਥੇ ਵੱਖ ਵੱਖ ਸਾਰੀਆਂ ਰਿਆਸਤਾਂ ਦੇ ਰਾਜਿਆਂ ਨੇ ਗੁਰੂ ਸਾਹਿਬ ਨੂੰ ਆਪਣੀ ਰਿਆਸਤ ਵਿੱਚ ਦਰਸ਼ਨ ਦੇਣ ਦੇ ਲ਼ਈ ਅਰਜ ਕੀਤੀ ਜਿਸਨੂੰ ਮੰਨ ਕੇ ਗੁਰੂ ਸਾਹਿਬ ਨੇ ਰਵਾਲਸਰ ਤੋਂ ਲੈਕੇ ਜੰਮੂ ਤਕ ਦਾ ਦੌਰ ਕੀਤਾ ।