ਕਬੀਰ ਮਨੁ ਜਾਨੈ ਸਭ ਬਾਤ ਜਾਨਤ ਹੀ ਅਉਗਨੁ ਕਰੈ ॥
ਕਾਹੇ ਕੀ ਕੁਸਲਾਤ ਹਾਥਿ ਦੀਪੁ ਕੂਏ ਪਰੈ ॥ਭਗਤ ਕਬੀਰ ਜੀ
ਸਲੋਕ ਅੰਗ ੧੩੭੬ (1376)
ਭਗਤ ਕਬੀਰ ਜੀ ਸਮਝਾਉਂਦੇ ਹਨ ਕਿ – ਭਾਵੇਂ ਸਾਡਾ ਮਨ ਸਭ ਕੁਝ ਜਾਣਦਾ ਹੈ, ਪਰ ਉਹ ਜਾਣਦਾ ਹੋਇਆ ਵੀ ਮਾੜੇ ਕਰਮ ਅਤੇ ਠੱਗੀ ਦੀ ਕਮਾਈ ਵਾਲਾ ਪਾਪ ਕਰੀ ਜਾਂਦਾ ਹੈ । ਏਹੋ ਜਿਹੇ ਦੀਵੇ ਤੋਂ ਕੀਹ ਸੁਖ ਜੇ ਉਸ ਦੀਵੇ ਦੇ ਸਾਡੇ ਹੱਥ ਵਿਚ ਹੁੰਦਿਆਂ ਵੀ ਅਸੀ ਖੂਹ ਵਿਚ ਡਿੱਗ ਪਏ?
ਭਾਵਃ ਸਾਨੂੰ ਰਸਤਾ ਦਿਖਾਉਣ ਦੀਵਾ, ਗੁਰਬਾਣੀ, ਗੁਰੂ ਸਾਹਿਬ ਸਾਨੂੰ ਦੇ ਗਏ ਹਨ । ਇਸਦੀ ਸਿੱਖਿਆ ਨਾ ਮੰਨਣ ਨਾਲ ਅਸੀਂ ਵੀ ਖੂਹ ਵਿੱਚ ਡਿਗ ਜੀਵਾਂਗੇ ਭਾਵ ਗਲਤ ਰਸਤੇ ਪੈ ਜਾਂਵਾਂਗੇ । ਇਸ ਲਈ ਠੀਕ ਰਸਤੇ ਤੇ ਚੱਲਣ ਲਈ ਗੁਰਬਾਣੀ ਤੋਂ ਜੀਵਨ ਜਾਚ ਸਿੱਖਣਾ ਜ਼ਰੂਰੀ ਹੈ ।
19 ਅਕਤੂਬਰ, 1921 : ਚਾਬੀਆਂ ਦੇ ਮੋਰਚਾ ਦੀ ਸ਼ੁਰੂਆਤ
ਅੰਗਰੇਜ਼ ਸਰਕਾਰ ਤੋਂ ਦਰਬਾਰ ਸਾਹਿਬ, ਅੰਮ੍ਰਿਤਸਰ ਨਾਲ ਸਬੰਧਤ ਤੋਸ਼ਾਖਾਨਾ ਆਦਿ ਦੀਆਂ ਚਾਬੀਆਂ ਲੈਣ ਲਈ ਕੀਤੇ ਸੰਘਰਸ਼ ਨੂੰ ਸਿੱਖ ਇਤਿਹਾਸ ਵਿਚ ‘ਚਾਬੀਆਂ ਦਾ ਮੋਰਚਾ’ ਕਿਹਾ ਜਾਂਦਾ ਹੈ। ਇਹ ਮੋਰਚਾ 19 ਅਕਤੂਬਰ, 1921 ਤੋਂ ਲੈ ਕੇ 10 ਜਨਵਰੀ, 1922 ਤਕ ਚਲਿਆ।
ਭਾਵੇਂ 20 ਅਪ੍ਰੈਲ, 1921 ਨੂੰ ਸਰਕਾਰ ਨੇ ਦਰਬਾਰ ਸਾਹਿਬ ਦਾ ਪ੍ਰਬੰਧ ਸਿੱਖਾਂ ਦੇ ਹਵਾਲੇ ਕਰ ਦਿੱਤਾ ਸੀ ਪਰੰਤੂ ਸਬੰਧਤ ਚਾਬੀਆਂ ਅਜੇ ਸਰਬਰਾਹ ਸੁੰਦਰ ਸਿੰਘ ਰਾਮਗੜ੍ਹੀਆ ਪਾਸ ਹੀ ਸਨ। ਜਦੋਂ ਬਾਬਾ ਖੜਕ ਸਿੰਘ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬਣੇ ਤਾਂ ਕਮੇਟੀ ਨੇ 19 ਅਕਤੂਬਰ, 1921 ਨੂੰ ਇਕ ਇਕੱਤਰਤਾ ਕਰ ਕੇ ਸਰਕਾਰ ਤੋਂ ਚਾਬੀਆਂ ਦੀ ਮੰਗ ਕੀਤੀ। ਇਸ ਇਕੱਤਰਤਾ ਵਿਚ ਸੁੰਦਰ ਸਿੰਘ ਰਾਮਗੜ੍ਹੀਆ ਵੀ ਸ਼ਾਮਲ ਸੀ।
ਸਰਕਾਰ ਨੇ ਨਵੰਬਰ, 1921 ਨੂੰ ਸੁੰਦਰ ਸਿੰਘ ਰਾਮਗੜ੍ਹੀਆ ਪਾਸੋਂ ਸ੍ਰੀ ਦਰਬਾਰ ਸਾਹਿਬ ਦੀਆਂ ਚਾਬੀਆਂ ਆਪਣੇ ਕਬਜ਼ੇ ਵਿਚ ਕਰ ਲਈਆਂ ਅਤੇ ਸ਼੍ਰੋਮਣੀ ਕਮੇਟੀ ਨੁੂੰ ਸਿੱਖਾਂ ਦੀ ਪ੍ਰਤਿਨਿਧ ਨਾ ਮੰਨਦੇ ਹੋਏ ਚਾਬੀਆਂ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਇਨਕਾਰ ਪਿੱਛੋਂ ਸਿੱਖਾਂ ਨੇ ਚਾਬੀਆਂ ਦਾ ਮੋਰਚਾ ਲਾ ਦਿੱਤਾ । ਮੋਰਚੇ ਦੇ ਚਾਰ-ਕੁ ਮਹੀਨੇ ਚੱਲਣ ਪਿੱਛੋਂ ਸਰਕਾਰ ਨੇ ਆਪਣੇ ਪ੍ਰਤਿਨਿਧ ਭੇਜ ਕੇ ਚਾਬੀਆਂ ਬਾਬਾ ਖੜਕ ਸਿੰਘ ਜੀ ਨੂੰ ਸੌਂਪ ਦਿੱਤੀਆਂ।
ਇਸ ਮੋਰਚੇ ਨੂੰ ਮਹਾਤਮਾ ਗਾਂਧੀ ਨੇ ਆਜ਼ਾਦੀ ਦੀ ਪਹਿਲੀ ਲੜਾਈ ਕਿਹਾ ਅਤੇ ਜਿੱਤ ਲਈ ਵਧਾਈ ਦਿੱਤੀ।