ਗਉੜੀ ਮਹਲਾ ੫ ॥
ਆਪਨ ਤਨੁ ਨਹੀ ਜਾ ਕੋ ਗਰਬਾ ॥
ਰਾਜ ਮਿਲਖ ਨਹੀ ਆਪਨ ਦਰਬਾ ॥੧॥
ਆਪਨ ਨਹੀ ਕਾ ਕਉ ਲਪਟਾਇਓ ॥
ਆਪਨ ਨਾਮੁ ਸਤਿਗੁਰ ਤੇ ਪਾਇਓ ॥੧॥ ਰਹਾਉ ॥
ਸੁਤ ਬਨਿਤਾ ਆਪਨ ਨਹੀ ਭਾਈ ॥
ਇਸਟ ਮੀਤ ਆਪ ਬਾਪੁ ਨ ਮਾਈ ॥੨॥
ਸੁਇਨਾ ਰੂਪਾ ਫੁਨਿ ਨਹੀ ਦਾਮ ॥
ਹੈਵਰ ਗੈਵਰ ਆਪਨ ਨਹੀ ਕਾਮ ॥੩॥
ਕਹੁ ਨਾਨਕ ਜੋ ਗੁਰਿ ਬਖਸਿ ਮਿਲਾਇਆ ॥
ਤਿਸ ਕਾ ਸਭੁ ਕਿਛੁ ਜਿਸ ਕਾ ਹਰਿ ਰਾਇਆ ॥੪॥ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਗਉੜੀ ਅੰਗ ੧੮੭ (187)
ਇਹ ਸਰੀਰ ਜਿਸ ਦਾ ਤੂੰ ਮਾਣ ਕਰਦਾ ਹੈਂ ਸਦਾ ਲਈ ਆਪਣਾ ਨਹੀਂ ਹੈ । ਰਾਜ-ਪਾਟ, ਜ਼ਮੀਨਾਂ, ਸੰਪਤੀ, ਧਨ-ਦੌਲਤ ਇਹ ਭੀ ਸਦਾ ਲਈ ਆਪਣੇ ਨਹੀਂ ਹਨ ।
ਤੂੰ ਕਿਸ ਕਿਸ ਨਾਲ ਮੋਹ ਕਰ ਰਿਹਾ ਹੈਂ ? ਇਹਨਾਂ ਵਿਚੋਂ ਕੋਈ ਭੀ ਸਦਾ ਲਈ ਤੇਰਾ ਆਪਣਾ ਨਹੀਂ ਹੈ । ਸਦਾ ਲਈ ਆਪਣਾ ਬਣੇ ਰਹਿਣ ਵਾਲਾ ਕੇਵਲ ਵਾਹਿਗੁਰੂ ਦਾ ਨਾਮ ਹੀ ਹੈ ਜੋ ਸਤਿਗੁਰੂ ਪਾਸੋਂ ਮਿਲਦਾ ਹੈ ।
ਪੁੱਤਰ, ਇਸਤ੍ਰੀ, ਭਰਾ, ਪਿਆਰੇ ਮਿੱਤਰ, ਮਾਂ-ਪਿਉ — ਇਹਨਾਂ ਵਿਚੋਂ ਕੋਈ ਵੀ ਕਿਸੇ ਦਾ ਸਦਾ ਲਈ ਆਪਣਾ ਨਹੀਂ ਹੈ । ਸੋਨਾ ਚਾਂਦੀ ਤੇ ਦੌਲਤ ਭੀ ਸਦਾ ਲਈ ਆਪਣੇ ਨਹੀਂ ਹਨ । ਵਧੀਆ ਘੋੜੇ, ਹਾਥੀ, ਲਾਵ-ਲਸ਼ਕਰ ਇਹ ਭੀ ਸਦਾ ਲਈ ਆਪਣੇ ਕੰਮ ਨਹੀਂ ਆ ਸਕਦੇ ।
ਗੁਰੂ ਸਾਹਿਬ ਸਮਝਾਉਂਦੇ ਹਨ ਕਿ — ਜਿਸ ਮਨੁੱਖ ਨੂੰ ਬਖ਼ਸ਼ਸ਼ ਕਰ ਕੇ ਗੁਰੂ ਨੇ ਇੱਕੋ ਮਾਲਕ ਨਾਲ ਮਿਲਾ ਦਿੱਤਾ ਹੈ, ਜਿਸ ਮਨੁੱਖ ਦਾ ਸਦਾ ਦਾ ਸਾਥੀ ਸਤਿਗੁਰੂ ਆਪ ਬਣ ਗਿਆ ਹੈ, ਹੁਣ ਸੰਸਾਰ ਦਾ ਸਭ ਕੁਝ ਉਸ ਦਾ ਆਪਣਾ ਹੈ ।
ਭਾਵ, ਗੁਰਸਿੱਖ ਨੂੰ ਸਾਰਾ ਜਗਤ ਤਾਂ ਆਪਣਾ ਹੀ ਦਿੱਸਦਾ ਹੈ, ਪਰ ਉਸ ਨੂੰ ਦੁਨੀਆ ਦੇ ਸਾਰੇ ਰਿਸ਼ਤਿਆਂ, ਸਾਕ-ਸੰਬੰਧੀਆਂ, ਸੰਗੀਆਂ-ਸਾਥੀਆਂ ਦਾ ਵਿਛੋੜਾ ਅਤੇ ਦੁਨੀਆ ਦੇ ਧਨ ਪਦਾਰਥਾਂ ਦਾ ਖਤਮ ਹੋ ਜਾਣਾ ਕਦੇ ਵੀ ਦੁਖੀ ਨਹੀਂ ਕਰ ਸਕਦਾ ।
19 ਮਈ, 1940 : ਖਾਲਸਾ ਰਾਜ ਮੁੜ ਕਾਇਮ ਕਰਨ ਦੀ ਅੰਗਰੇਜ਼ ਸਰਕਾਰ ਤੋਂ ਮੰਗ
ਖਾਲਸਾ ਰਾਜ ਨੂੰ ਮੁੜ ਕਾਇਮ ਕਰਨ ਦੀ ਮੰਗ ਨੂੰ ਲੈ ਕੇ ਕਮੇਟੀ ਦਾ ਗਠਨ ਹੋਇਆ ਜਿਸ ਵਿੱਚ ਸਵਾ ਸੌ ਸਿੱਖ ਆਗੂਆਂ ਦਾ ਬਾਬਾ ਗੁਰਦਿੱਤ ਸਿੰਘ ਦੀ ਅਗਵਾਈ ਹੇਠ ਅਮ੍ਰਿਤਸਰ ਵਿੱਚ ਇਕੱਠ 19 ਮਈ, 1940 ਨੂੰ ਕੀਤਾ ਗਿਆ।
ਇਸ ਇੱਕਠ ਵਿੱਚ ਇਹ ਮੰਗ ਕੀਤੀ ਗਈ ਕਿ – ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਦਾ ਸਾਰਾ ਇਲਾਕਾ, ਸਮੇਤ ਜੰਮੂ ਅਤੇ ਜਮਰੋਦ ਦਾ ਇਲਾਕਾ, ਜੋ ਉਸਦੇ ਵਾਰਿਸ ਮਹਾਰਾਜਾ ਦਲੀਪ ਸਿੰਘ ਤੋਂ ਟ੍ਰਸਟੀ ਦੇ ਤੌਰ ਤੇ ਅੰਗਰੇਜ਼ ਹਕੂਮਤ ਨੇ ਲਿਆ ਸੀ, ਉਹ ਸਾਰਾ ਰਾਜ ਮੁੜ ਕੇ ਸਿੱਖਾਂ ਨੂੰ ਵਾਪਸ ਕੀਤਾ ਜਾਵੇ ।