ਸਿਰੀਰਾਗੁ ਮਹਲਾ ੩ ॥

ਮਨੁ ਤਨੁ ਰਤਾ ਰੰਗ ਸਿਉ ਹਉਮੈ ਤਜਿ ਵਿਕਾਰ ॥
ਅਹਿਨਿਸਿ ਹਿਰਦੈ ਰਵਿ ਰਹੈ ਨਿਰਭਉ ਨਾਮੁ ਨਿਰੰਕਾਰ ॥
ਨਾਨਕ ਆਪਿ ਮਿਲਾਇਅਨੁ ਪੂਰੈ ਸਬਦਿ ਅਪਾਰ ॥

 ਮਹਲਾ ੩ – ਗੁਰੂ ਅਮਰਦਾਸ ਜੀ
 ਸਿਰੀਰਾਗ  ਅੰਗ ੩੨ (32)

ਗੁਰੂ ਦੀ ਸਰਨ ਪੈ ਕੇ ਹੀ ਹਉਮੈ ਦਾ ਵਿਕਾਰ ਦੂਰ ਕਰ ਕੇ ਮਨੁੱਖ ਦਾ ਮਨ ਤੇ ਸਰੀਰ ਵੀ ਪਰਮਾਤਮਾ ਦੇ ਪ੍ਰੇਮ-ਰੰਗ ਨਾਲ ਰੰਗਿਆ ਜਾਂਦਾ ਹੈ । ਜੇ ਜੀਵ ਗੁਰੂ ਦੀ ਸਰਨ ਪਏ ਤਾਂ ਆਕਾਰ-ਰਹਿਤ ਪਰਮਾਤਮਾ ਦਾ ਨਿਰਭੈਤਾ ਦੇਣ ਵਾਲਾ ਨਾਮ ਦਿਨ ਰਾਤ ਉਸ ਦੇ ਹਿਰਦੇ ਵਿਚ ਟਿਕਿਆ ਰਹਿੰਦਾ ਹੈ । ਬੇਅੰਤ ਪੂਰਨ-ਪ੍ਰਭੂ ਨੇ ਗੁਰੂ ਦੇ ਸ਼ਬਦ ਦੀ ਰਾਹੀਂ ਆਪ ਜੀਵਾਂ ਨੂੰ ਆਪਣੇ ਚਰਨਾਂ ਵਿਚ ਮਿਲਾਇਆ ਹੈ ।


19 ਮਾਰਚ, 1644 : ਗੁਰੂ ਹਰਗੋਬਿੰਦ ਸਾਹਿਬ ਜੀ ਜੋਤੀ-ਜੋਤ ਸਮਾਏ; ਗੁਰਗੱਦੀ ਹਰਿਰਾਇ ਜੀ ਨੂੰ ਸੌਂਪੀ

ਮੀਰੀ ਪੀਰੀ ਦੇ ਮਾਲਕ, ਛੇਵੀਂ ਪਾਤਸ਼ਾਹੀ, ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਅੰਤ-ਵੇਲਾ ਨੇੜੇ ਜਾਣਕੇ, 19 ਮਾਰਚ, 1644 ਨੂੰ, ਗੁਰਗੱਦੀ ਆਪਣੇ ਪੋਤਰੇ ਹਰਿਰਾਇ ਜੀ ਨੂੰ ਸੌਂਪ ਦਿੱਤੀ। ਗੁਰੂ ਹਰਰਾਇ ਜੀ ਬਾਬਾ ਗੁਰਦਿਤਾ ਜੀ ਦੇ ਸਪੁੱਤਰ ਸਨ।

ਗੁਰਗੱਦੀ ਸੌਂਪਣ ਉਪਰੰਤ ਉਸੇ ਦਿਨ ਗੁਰੂ ਹਰਗੋਬਿੰਦ ਸਾਹਿਬ ਜੀ, 49 ਸਾਲ ਦੀ ਉਮਰ ਵਿੱਚ ਜੋਤੀ-ਜੋਤ ਸਮਾ ਗਏ।


.