ਮਃ ੧ ॥

ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥
ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
ਨਾਨਕ ਭੰਡੈ ਬਾਹਰਾ ਏਕੋ ਸਚਾ ਸੋਇ ॥
ਜਿਤੁ ਮੁਖਿ ਸਦਾ ਸਾਲਾਹੀਐ ਭਾਗਾ ਰਤੀ ਚਾਰਿ ॥
ਨਾਨਕ ਤੇ ਮੁਖ ਊਜਲੇ ਤਿਤੁ ਸਚੈ ਦਰਬਾਰਿ ॥੨॥

 ਮਹਲਾ ੧ – ਗੁਰੂ ਨਾਨਕ ਦੇਵ ਜੀ
 ਰਾਗ ਆਸਾ  ਅੰਗ ੪੭੩ (473)

ਅਸੀਂ ਇਸਤ੍ਰੀ ਤੋਂ ਜਨਮ ਲਈਦਾ ਹੈ, ਇਸਤ੍ਰੀ ਦੇ ਪੇਟ ਵਿਚ ਹੀ ਹਰ ਪ੍ਰਾਣੀ ਦਾ ਸਰੀਰ ਬਣਦਾ ਹੈ । ਇਸਤ੍ਰੀ ਦੇ ਰਾਹੀਂ ਹੀ ਕੁੜਮਾਈ ਤੇ ਵਿਆਹ ਹੁੰਦਾ ਹੈ । ਇਸਤ੍ਰੀ ਦੀ ਰਾਹੀਂ ਹੋਰਨਾਂ ਲੋਕਾਂ ਨਾਲ ਸੰੰਬੰਧ ਬਣਦੇ ਹਨ ।

ਇਸਤ੍ਰੀ ਤੋਂ ਹੀ ਜਗਤ ਦੀ ਉਤਪੱਤੀ ਦਾ ਮਾਰਗ ਚੱਲਦਾ ਹੈ । ਜੇ ਕਿਸੇ ਦੀ ਇਸਤ੍ਰੀ ਮਰ ਜਾਏ ਤਾਂ ਹੋਰ ਇਸਤ੍ਰੀ ਦੀ ਭਾਲ ਕਰੀਦੀ ਹੈ, ਇਸਤ੍ਰੀ ਤੋਂ ਹੀ ਹੋਰਨਾਂ ਨਾਲ ਰਿਸ਼ਤੇਦਾਰੀ ਬਣਦੀ ਹੈ ।

ਸੋ ਜਿਸ ਇਸਤ੍ਰੀ ਜਾਤਿ ਤੋਂ ਰਾਜੇ ਭੀ ਜੰਮਦੇ ਹਨ, ਉਸ ਨੂੰ ਮੰਦਾ ਆਖਣਾ ਬਿਲਕੁਲ ਗਲਤ ਹੈ । ਇਸਤ੍ਰੀ ਤੋਂ ਹੀ ਇਸਤ੍ਰੀ ਵੀ ਪੈਦਾ ਹੁੰਦੀ ਹੈ, ਜਗਤ ਵਿਚ ਕੋਈ ਜੀਵ ਇਸਤ੍ਰੀ ਤੋਂ ਬਿਨਾ ਪੈਦਾ ਨਹੀਂ ਹੋ ਸਕਦਾ ।

ਕੇਵਲ ਇਕੋ ਸੱਚਾ ਮਾਲਕ ਹੀ ਹੈ, ਜੋ ਇਸਤ੍ਰੀ ਤੋਂ ਨਹੀਂ ਜੰਮਿਆ । ਜੋ ਭੀ ਆਪਣੇ ਮੂੰਹ ਨਾਲ ਸਦਾ ਉਸ ਇੱਕ ਮਾਲਕ ਦੇ ਗੁਣ ਗਾਉਂਦਾ ਹੈ, ਸਮਝੋ ਕਿ ਉਸ ਦੇ ਮੱਥੇ ਉੱੱਤੇ ਭਾਗਾਂ-ਦੀ-ਮਣੀ ਹੈ, ਭਾਵ ਉਹਦਾ ਮੱਥਾ ਭਾਗਾਂ ਵਾਲਾ ਹੈ । ਉਹੀ ਮੁਖ ਉਸੇ ਸੱਚੇ ਮਾਲਕ ਦੇ ਦਰਬਾਰ ਵਿਚ ਸੋਹਣੇ ਲੱਗਦੇ ਹਨ ।

ਇਸ ਸ਼ਬਦ ਰਾਹੀਂ ਗੁਰੂ ਨਾਨਕ ਦੇਵ ਜੀ ਨੇ ਇਕ ਬਿਹਤਰ ਇਨਸਾਨੀ ਸਮਾਜ ਨੂੰ ਉਸਾਰਨ ਵਿਚ ਇਸਤਰੀ ਜਾਤਿ ਦੇ ਰੋਲ ਨੂੰ ਵਡਿਆਇਆ ਹੈ, ਅਤੇ ਸਮਾਜ ਦੇ ਸ਼੍ਰੋਮਣੀ ਅਸਥਾਨ ਉੱਤੇ ਸਥਾਪਿਤ ਕੀਤਾ ਹੈ ।


19 ਜੂਨ, 1925 : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੂੰ 19 ਜੂਨ, 1925 ਵਾਲੇ ਦਿਨ, ਵਿਧਾਨਕ ਤੌਰ ਉਪਰ ਪ੍ਰਵਾਨਗੀ ਮਿਲੀ ਕਿ ਔਰਤਾਂ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਵਿਚ ਵੋਟ ਪਾ ਸਕਦੀਆਂ ਹਨ।

ਇਹ ਭਾਰਤ ਵਰਗੇ ਪੱਛੜੇ ਸਮਾਜ ਵਿਚ ਪਹਿਲੀ ਵਾਰ ਹੋਇਆ ਸੀ ਕਿ ਭਾਰਤ ਦੇ ਕਿਸੇ ਵੀ ਧਰਮ ਜਾਂ ਮਜ਼ਹਬ ਦੀ ਕਿਸੇ ਧਾਰਮਿਕ ਸੰਸਥਾ ਦੇ ਮੈਂਬਰਾਂ ਦੀ ਚੋਣ ਵਿੱਚ ਔਰਤਾਂ ਨੂੰ ਵੋਟ ਪਾਉਣ ਦਾ ਅਧਿਕਾਰ ਦਿੱਤਾ ਗਿਆ।

ਅੰਗਰੇਜ਼ੀ ਹਕੂਮਤ ਵੱਲੋਂ ਸਿੱਖ ਸਮਾਜ ਦੀ ਬਿਹਤਰੀ ਲਈ ਇਹ ਇੱਕ ਐਸੀ ਵਡੀ ਪ੍ਰਾਪਤੀ ਸੀ, ਜਿਸ ਨੇ ਭਾਰਤ ਦੀਆਂ ਸਾਰੀਆਂ ਔਰਤਾਂ ਦੇ ਲਈ ਅੱਗੋਂ ਧਾਰਮਿਕ ਤੇ ਸਿਆਸੀ ਮਾਮਲਿਆਂ ਵਿਚ ਹਿੱਸਾ ਲੈਣ ਅਤੇ ਵੋਟ ਪਾਉਣ ਦਾ ਅਧਿਕਾਰ ਹਾਸਲ ਕਰਨ ਦਾ ਰਾਹ ਖੋਲ੍ਹ ਦਿੱਤਾ।