ਗਉੜੀ ਮਹਲਾ ੫ ॥
ਅਪਨੇ ਸੇਵਕ ਕਉ ਆਪਿ ਸਹਾਈ ॥
ਨਿਤ ਪ੍ਰਤਿਪਾਰੈ ਬਾਪ ਜੈਸੇ ਮਾਈ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਗਉੜੀ ਅੰਗ ੨੦੨ (202)
ਮੇਰਾ ਸਤਿਗੁਰੂ ਆਪਣੇ ਸੇਵਕ ਦੇ ਵਾਸਤੇ ਸਦਾ ਹੀ ਸਹਾਈ ਹੁੰਦਾ ਹੈ, ਅਰਥਾਤ ਮਦਦਗਾਰ ਬਣਿਆ ਰਹਿੰਦਾ ਹੈ । ਉਹ ਮਾਲਕ ਸਦਾ ਹੀ ਆਪਣੇ ਸੇਵਕ ਦੀ ਇਉਂ ਸਾਂਭ-ਸੰਭਾਲ ਕਰਦਾ ਹੈ, ਜਿਵੇਂ ਚੰਗੇ ਮਾਂ-ਪਿਉ ਆਪਣੇ ਬੱਚੇ ਦੀ ਦੇਖਭਾਲ ਕਰਦੇ ਹਨ ।
19 ਜੁਲਾਈ, 1960 : ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਲਿਖਵਾਉਣ ਦੇ ਖ਼ਿਲਾਫ਼ ਆਰਡੀਨੈਂਸ ਜਾਰੀ
ਸਿੱਖਾਂ ਵੱਲੋਂ ਆਪਣੇ ਪਿਤਾ ਦਾ ਨਾਮ ਗੁਰੂ ਗੋਬਿੰਦ ਸਿੰਘ ਲਿਖਵਾਉਣ ਦੇ ਖ਼ਿਲਾਫ਼ ਸਰਕਾਰ ਨੇ ਆਰਡੀਨੈਂਸ 19 ਜੁਲਾਈ, 1960 ਨੂੰ ਜਾਰੀ ਕੀਤਾ। ਇਸ ਆਰਡੀਨੈਂਸ ਨੇ ਸਿੱਖਾਂ ਵਿਚ ਬੜਾ ਰੋਸ ਪੈਦਾ ਕੀਤਾ। ਅਗਲੇ ਦਿਨ, 20 ਜੁਲਾਈ ਨੂੰ, ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਕਿ :
“ਇਸ ਆਰਡੀਨੈਂਸ ਦਾ ਮਤਲਬ ਸਿੱਖਾਂ ਵਿਚ ਡਰ ਭਰਨਾ ਹੈ। ਇਸ ਕਰ ਕੇ ਗ੍ਰਿਫ਼ਤਾਰ ਹੋਣ ਵਾਲੇ ਸਾਰੇ ਸਿੱਖ ਆਪਣੇ ਪਿਤਾ ਦਾ ਨਾਂ ਗੁਰੂ ਗੋਬਿੰਦ ਸਿੰਘ ਸਾਹਿਬ, ਮਾਤਾ ਦਾ ਨਾਂ ਸਾਹਿਬ ਕੌਰ ਤੇ ਵਾਸੀ ਅਨੰਦਪੁਰ ਸਾਹਿਬ ਲਿਖਵਾਉਣ ਕਿਉਂਕਿ ਸਿੱਖ ਧਰਮ ਦੇ ਅਸੂਲਾਂ ਮੁਤਾਬਿਕ ਖੰਡੇ ਦੀ ਪਾਹੁਲ ਲੈਣ ਵਾਲਾ ਹਰ ਇਕ ਸਿੱਖ ਨਾਦੀ ਤੌਰ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਪੁੱਤਰ ਅਤੇ ਵਾਸੀ ਅਨੰਦਪੁਰ ਸਾਹਿਬ ਬਣ ਜਾਂਦਾ ਹੈ।”
ਇਸੇ ਦਿਨ ਸ਼੍ਰੋਮਣੀ ਅਕਾਲੀ ਦਲ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਮੋਰਚੇ ਦੀ ਮਦਦ ਵਾਸਤੇ ਹਰ ਇਕ ਸਿਖ 5-5 ਪੈਸੇ ਮੋਰਚਾ ਫ਼ੰਡ ਵਿਚ ਦੇਵੇ। ਇਸ ਅਪੀਲ ’ਤੇ ਸਿੱਖ ਸੰਗਤਾਂ ਨੇ ਪੂਰੀ ਤਰ੍ਹਾਂ ਫੁੱਲ ਚੜਾਏ ਅਤੇ ਦੋ ਕੁ ਦਿਨਾਂ ਦੇ ਅੰਦਰ ਹੀ ਹਜ਼ਾਰਾਂ ਰੁਪਏ ਦਾ ਫ਼ੰਡ ਇਕੱਠਾ ਹੋ ਗਿਆ।
ਮੋਰਚੇ ਵਾਸਤੇ ਸਿੱਖਾਂ ਵਿਚ ਏਨਾ ਜੋਸ਼ ਸੀ ਕਿ ਜਦੋਂ ਮੰਜੀ ਸਾਹਿਬ ਤੋਂ ਮੋਰਚਾ ਫ਼ੰਡ ਵਾਸਤੇ ਅਪੀਲ ਕੀਤੀ ਜਾਂਦੀ ਸੀ ਤਾਂ ਸਿੱਖ ਬੀਬੀਆਂ ਆਪਣੇ ਸੋਨੇ ਦੇ ਗਹਿਣੇ ਤਕ ਲਾਹ ਕੇ ਮੋਰਚਾ ਫ਼ੰਡ ਵਿਚ ਦੇ ਦਿਆ ਕਰਦੀਆਂ ਸਨ। ਇਹ ਦੁਖਦਾਈ ਗੱਲ ਹੈ ਕਿ ਇਹ ਸੋਨਾ ਅਤੇ ਬੇਹਿਸਾਬ ਰਕਮ ਮੋਰਚਾ ਕਮੇਟੀ ਦੇ ਲੀਡਰ ਅਤੇ ਮੈਂਬਰ ਹੀ ਹੜਪ ਕਰ ਗਏ।