ਮਹਲਾ ੧ ॥
ਹੇਕੋ ਪਾਧਰੁ ਹੇਕੁ ਦਰੁ ਗੁਰ ਪਉੜੀ ਨਿਜ ਥਾਨੁ ॥
ਰੂੜਉ ਠਾਕੁਰੁ ਨਾਨਕਾ ਸਭਿ ਸੁਖ ਸਾਚਉ ਨਾਮੁ ॥ਮਹਲਾ ੧ – ਗੁਰੂ ਨਾਨਕ ਸਾਹਿਬ ਜੀ
ਰਾਗ ਮਲਾਰ ਅੰਗ ੧੨੭੯ (1279)
ਉਸ ਮਾਲਕ ਦਾ ਦਰ ਹੀ ਇਕ ਜੀਵ ਦਾ ਨਿਰੋਲ ਆਪਣਾ ਥਾਂ ਹੈ ਜਿੱਥੋਂ ਕਦੇ ਕਿਸੇ ਨੇ ਦੁਰਕਾਰਨਾ ਨਹੀਂ, ਇਸ ਦਰ ਤਕ ਅੱਪੜਨ ਲਈ ‘ਗੁਰੂ ਦੀ ਪਉੜੀ’ ਭਾਵ, ਸਿਮਰਨ ਹੀ ਇਕੋ ਸਿੱਧਾ ਰਸਤਾ ਹੈ । ਇਕ ਓਹੀ ਸਾਡਾ ਸੋਹਣਾ ਪਾਲਣਹਾਰ ਹੈ, ਜਿਸਦਾ ਸੱਚਾ ਨਾਮ ਸਿਮਰਨਾ ਹੀ ਸਾਰੇ ਸੁਖਾਂ ਦਾ ਮੂਲ ਹੈ ।
19 ਜਨਵਰੀ, 1922 : ਚਾਬੀਆਂ ਦਾ ਮੋਰਚਾ ਫਤਿਹ ਹੋਇਆ
ਅੰਗਰਜ਼ਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਪਿੱਛੋਂ ਜਦੋਂ ਪੰਜਾਬ ਨੂੰ ਕਬਜ਼ੇ ਵਿੱਚ ਲਿਆ ਸੀ ਤਾਂ ਉਹਨਾਂ ਨੇ ਗੁਰਦੁਆਰਿਆਂ ਦਾ ਪ੍ਰਬੰਧ ਵੀ ਆਪਣੇ ਕਬਜ਼ੇ ਹੇਠ ਲੈ ਲਿਆ ਸੀ । ਸਾਰਾ ਪ੍ਰਬੰਧ ਮਹੰਤਾਂ ਦੇ ਰਾਹੀਂ ਚਲਾਇਆ ਜਾਂਦਾ ਸੀ । ਦਰਬਾਰ ਸਾਹਿਬ ਦਾ ਪੂਰਾ ਕੰਟਰੋਲ ਵੀ ਇਹੀ ਮਹੰਤ ਆਪਣੀ ਮਨਮਰਜ਼ੀ ਅਨੁਸਾਰ ਚਲਾਉਂਦੇ ਸਨ।
7 ਨਵੰਬਰ, 1921 ਨੂੰ ਅੰਗਰੇਜ਼ ਹਕੂਮਤ ਨੇ ਦਰਬਾਰ ਸਾਹਿਬ ਦੀ ਚਾਬੀਆਂ ਜ਼ਬਤ ਕਰ ਲਈਆਂ ਜਿਸ ਵਿਰੁੱਧ ਸਿੱਖਾਂ ਨੇ ਚਾਬੀਆਂ ਦਾ ਮੋਰਚਾ ਲਾ ਦਿੱਤਾ। ਆਖਿਰ ਅੰਗਰੇਜ਼ ਹਕੂਮਤ ਨੂੰ ਝੁਕਣਾ ਪਿਆ।
19 ਜਨਵਰੀ, 1922 ਨੂੰ ਅੰਗਰੇਜ਼ ਸਰਕਾਰ ਦੇ ਡਿਸਟ੍ਰਿਕਟ ਜੱਜ ਦੇ ਨੁਮਾਇੰਦੇ ਨੇ ਬਾਬਾ ਖੜਕ ਸਿੰਘ ਨੂੰ ਦਰਬਾਰ ਸਾਹਿਬ ਦੀ ਚਾਬੀਆਂ ਸੌਂਪ ਦਿਤੀਆਂ। ਬਾਬਾ ਖੜਕ ਸਿੰਘ ਨੇ ਸੰਗਤਾਂ ਤੋਂ ਇਜਾਜ਼ਤ ਲੈ ਕੇ ਚਾਬੀਆਂ ਦੀ ਥੈਲੀ ਲੈ ਲਈ ਤੇ ਚਾਬੀਆਂ ਦਾ ਮੋਰਚਾ ਫਤਿਹ ਹੋ ਗਿਆ।