ਆਸਾ ॥
…
ਕਰਿ ਬਿਚਾਰੁ ਬਿਕਾਰ ਪਰਹਰਿ ਤਰਨ ਤਾਰਨ ਸੋਇ ॥
ਕਹਿ ਕਬੀਰ ਜਗਜੀਵਨੁ ਐਸਾ ਦੁਤੀਅ ਨਾਹੀ ਕੋਇ ॥
…ਭਗਤ ਕਬੀਰ ਜੀ
ਰਾਗ ਆਸਾ ਅੰਗ ੪੮੨ (482)
ਜੇਕਰ ਅਸੀਂ ਆਪਣੇ ਵਿਕਾਰ ਛੱਡ ਦਈਏ ਅਤੇ ਸਤਿਗੁਰੂ ਦੇ ਗਿਆਨ ਨੂੰ ਚੇਤੇ ਰੱਖ ਕੇ ਗੁਰਮਤਿ ਵਿਚਾਰ ਕਰਿਆ ਕਰੀਏ, ਤਾਂ ਐਸਾ ਕਰਨਾ ਹੀ ਇਸ ਸਮੁੰਦਰ ਰੂਪੀ ਸੰਸਾਰ ਵਿਚੋਂ ਸਾਨੂੰ ਤਾਰਨ ਲਈ ਜਹਾਜ਼ ਸਿੱਧ ਹੋਵੇਗਾ ।
ਇਸ ਜਗਤ ਵਿਚ ਇਹ ਗਿਆਨ ਹੀ ਸਾਡੇ ਜੀਵਨ ਦਾ ਐਸਾ ਆਸਰਾ ਬਣੇਗਾ ਕਿ ਕੋਈ ਹੋਰ ਦੂਜਾ ਇਸ ਵਰਗਾ ਹੋ ਹੀ ਨਹੀਂ ਸਕਦਾ ।
19 ਅਗਸਤ, 1590 : ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਸਰੋਵਰ ਦੀ ਕਾਰਸੇਵਾ ਆਰੰਭ ਕਰਵਾਈ
ਪੰਜਵੇਂ ਗੁਰੂ ਅਰਜਨ ਦੇਵ ਜੀ ਨੇ ਤਰਨਤਾਰਨ ਵਿੱਖੇ ਸਰੋਵਰ ਦੀ ਕਾਰ ਸੇਵਾ 19 ਅਗਸਤ, 1590 ਵਾਲੇ ਦਿਨ ਆਰੰਭ ਕਰਵਾਈ। ਇਸ ਸਰੋਵਰ ਦੀ ਲਿੰਬਾਈ ਅਤੇ ਚੌੜਾਈ 990 ਫੁਟ ਹੈ। ਇਸ ਦੀਆਂ ਕੁਲ 20 ਪੌੜੀਆਂ ਹਨ।
ਤਰਨਤਾਰਨ ਸ਼ਹਿਰ ਦੀ ਨੀਂਹ ਵੀ ਗੁਰੂ ਅਰਜਨ ਦੇਵ ਜੀ ਨੇ ਰੱਖੀ ਸੀ। ਪਹਿਲੋਂ ਇਹ ਇੱਕ ਜੰਗਲੀ ਇਲਾਕਾ ਹੁੰਦਾ ਸੀ। ਉਦੋਂ ਸਰੋਵਰ ਵਾਲੀ ਜਗ੍ਹਾ ਉੱਤੇ ਇੱਕ ਛੰਭ ਹੋਇਆ ਕਰਦਾ ਸੀ।
19 ਅਗਸਤ, 1847 : ਮਹਾਰਾਣੀ ਜਿੰਦ ਕੌਰ ਨੂੰ ਸ਼ੇਖੂਪੁਰੇ ਦੇ ਕਿਲ੍ਹੇ ਦੀ ਕੈਦ ਵਿੱਚ ਭੇਜਿਆ ਗਿਆ
ਮਹਾਰਾਣੀ ਜਿੰਦ ਕੌਰ ਉੱਪਰ ਸਾਜ਼ਿਸ਼ ਘੜਨ ਦੇ ਦੋਸ਼ ਲਗਾ ਕੇ, ਉਨ੍ਹਾਂ ਨੂੰ 19 ਅਗਸਤ, 1847 ਵਾਲੇ ਦਿਨ ਸ਼ੇਖੂਪੁਰੇ ਦੇ ਕਿਲ੍ਹੇ ਵਿੱਚ ਭੇਜਿਆ ਗਿਆ।
ਮਹਾਰਾਣੀ ਜਿੰਦ ਕੌਰ ਸਿੱਖ ਰਾਜ ਦੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਸੁਪਤਨੀ ਅਤੇ ਦੇਸ਼ ਪੰਜਾਬ ਦੇ ਆਖ਼ਰੀ ਮਹਾਰਾਜਾ ਕੁੰਵਰ ਦਲੀਪ ਸਿੰਘ ਦੀ ਮਾਤਾ ਸੀ।