ਕਬੀਰ ਪਰਦੇਸੀ ਕੈ ਘਾਘਰੈ ਚਹੁ ਦਿਸਿ ਲਾਗੀ ਆਗਿ ॥
ਖਿੰਥਾ ਜਲਿ ਕੋਇਲਾ ਭਈ ਤਾਗੇ ਆਂਚ ਨ ਲਾਗ ॥ਭਗਤ ਕਬੀਰ ਜੀ
ਸਲੋਕ ਅੰਗ ੧੩੬੬ (1366)
ਇਸ ਪਰਦੇਸੀ ਜੀਵ ਦੇ ਗਿਆਨ-ਇੰਦ੍ਰਿਆਂ ਨੂੰ ਹਰ ਪਾਸੇ ਵਲੋਂ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ।
ਭਾਵੇਂ ਸਰੀਰ ਵਿਕਾਰਾਂ ਦੀ ਅੱਗ ਵਿਚ ਸੜ ਕੇ ਕੋਲੇ ਹੋ ਗਿਆ, ਪਰ ਬੁਧਿ-ਬਿਬੇਕ ਧਾਰਨ ਕਰਨ ਵਾਲੀ ਗੁਰਮੁਖਿ ਆਤਮਾ ਨੂੰ ਇਹਨਾਂ ਵਿਕਾਰਾਂ ਦੀ ਅੱਗ ਦਾ ਸੇਕ ਭੀ ਨਾਹ ਲੱਗੇ ਭਾਵ, ਉਹ ਇਸ ਬਲਦੀ ਅੱਗ ਵਿਚੋਂ ਬਚ ਜਾਵੇਗੀ।
19 ਅਪ੍ਰੈਲ, 1854 : ਮਹਾਰਾਜਾ ਦਲੀਪ ਸਿੰਘ ਨੂੰ ਅੰਗਰੇਜ਼ ਹਕੂਮਤ ਨੇ ਜਿਲਾਵਤਨ ਕਰਕੇ ਇੰਗਲੈਂਡ ਭੇਜਿਆ
ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦਾ ਸੱਭ ਤੋ ਛੋਟਾ ਪੁੱਤਰ ਮਹਾਰਾਣੀ ਜਿੰਦ ਕੌਰ ਦਾ ਇੱਕੋ ਇੱਕ ਬੱਚਾ ਸੀ।
ਅੱਜ ਦੇ ਦਿਨ 19 ਅਪ੍ਰੈਲ 1854 ਨੂੰ ਗੋਰਿਆਂ ਨੇ ਮਹਾਰਾਜਾ ਦਲੀਪ ਸਿੰਘ ਨੂੰ ਕਲਕੱਤੇ ਤੋਂ ਜ਼ਹਾਜ਼ ਵਿਚ ਬਿਠਾ ਕੇ ਉਸਨੂੰ ਉਸਦੀ ਪਿਤਰੀ ਜ਼ਮੀਨ ਤੋਂ ਹਜ਼ਾਰਾਂ ਮੀਲ ਦੂਰ ਵਲੈਤ ਵੱਲ ਤੋਰਿਆ ਸੀ। ਦੁਨੀਆਂ ਤੇ ਸ਼ਾਇਦ ਗੋਰਿਆਂ ਜਿੰਨਾਂ ਕੋਈ ਵੀ ਬੇਈਮਾਨ ਨਹੀਂ ਹੋ ਸਕਦਾ, ਜਿਨ੍ਹਾਂ ਨੇ ਇਕ ਮਾਸੂਮ ਨਿਆਣੇ ਦੇ ਰਾਖੇ ਬਣ ਕੇ, ਪਹਿਲਾਂ ਉਸਦੇ ਘਰ ਤੇ ਕਬਜਾ ਕੀਤਾ, ਫਿਰ ਉਸ ਨਿਆਣੇ ਨੂੰ ਉਸਦੇ ਪਿੱਤਾ ਪੁਰਖੀ ਧਰਮ ਤੋਂ ਪਤਿਤ ਕੀਤਾ ਤੇ ਅਖੀਰ ਉਸ ਨਿਆਣੇ ਨੂੰ ਬੇਗਾਨੇ ਬੂਹਿਆਂ ਤੇ ਲਿਜਾ ਬੈਠਾਇਆ।