ਪਉੜੀ ॥

ਰਾਜੇ ਰਯਤਿ ਸਿਕਦਾਰ ਕੋਇ ਨ ਰਹਸੀਓ ॥
ਹਟ ਪਟਣ ਬਾਜਾਰ ਹੁਕਮੀ ਢਹਸੀਓ ॥
ਪਕੇ ਬੰਕ ਦੁਆਰ ਮੂਰਖੁ ਜਾਣੈ ਆਪਣੇ ॥
ਦਰਬਿ ਭਰੇ ਭੰਡਾਰ ਰੀਤੇ ਇਕਿ ਖਣੇ ॥
ਤਾਜੀ ਰਥ ਤੁਖਾਰ ਹਾਥੀ ਪਾਖਰੇ ॥
ਬਾਗ ਮਿਲਖ ਘਰ ਬਾਰ ਕਿਥੈ ਸਿ ਆਪਣੇ ॥
ਤੰਬੂ ਪਲੰਘ ਨਿਵਾਰ ਸਰਾਇਚੇ ਲਾਲਤੀ ॥
ਨਾਨਕ ਸਚ ਦਾਤਾਰੁ ਸਿਨਾਖਤੁ ਕੁਦਰਤੀ ॥

 ਮਹਲਾ ੪ – ਗੁਰੂ ਰਾਮਦਾਸ ਜੀ
 ਰਾਗ ਮਾਝ  ਅੰਗ ੧੪੧ (141)

ਰਾਜੇ-ਮਹਾਰਾਜੇ, ਪਰਜਾ, ਚੌਧਰੀ, ਕੋਈ ਭੀ ਸਦਾ ਨਹੀਂ ਰਹੇਗਾ । ਇਹ ਸੱਭ ਹੱਟੀਆਂ, ਦੁਕਾਨਾਂ, ਸ਼ਹਿਰ, ਬਾਜ਼ਾਰ, ਕੁਦਰਤਿ ਦੇ ਨਿਯਮ, ਹੁਕਮ ਵਿਚ ਅੰਤ ਨੂੰ ਢਹਿ ਹੀ ਜਾਣਗੇ ।

ਆਪਣੀ ਮਲਕੀਅਤ ਦੇ ਸੋਹਣੇ ਪੱਕੇ ਦੇ ਦਰਵਾਜ਼ਿਆਂ ਨੂੰ ਮੂਰਖ ਮਨੁੱਖ ਆਪਣੇ ਸਮਝਦਾ ਹੈ, ਪਰ ਇਹ ਨਹੀਂ ਜਾਣਦਾ ਕਿ ਧਨ ਨਾਲ ਭਰੇ ਹੋਏ ਖ਼ਜ਼ਾਨੇ ਵੀ ਇਕ ਪਲਕ ਝਪਕਣ ਵਿਚ ਖ਼ਾਲੀ ਵੀ ਹੋ ਜਾਂਦੇ ਹਨ ।

ਵਧੀਆ ਘੋੜੇ, ਰਥ, ਊਠ, ਹਾਥੀ, ਬਾਗ਼, ਜ਼ਮੀਨਾਂ, ਘਰ-ਘਾਟ, ਤੰਬੂ, ਨਿਵਾਰੀ ਪਲੰਘ ਤੇ ਅਤਲਸੀ ਕਨਾਤਾਂ, ਜਿਨ੍ਹਾਂ ਨੂੰ ਮਨੁੱਖ ਆਪਣੇ ਸਮਝਦਾ ਹੈ, ਜਾਂਦੇ ਨਹੀਂ ਲੱਭਦੇ ।

ਸਦਾ ਰਹਿਣ ਵਾਲਾ ਸਿਰਫ਼ ਉਹੀ ਇੱਕੋ ਸਭਨਾਂ ਦਾ ਮਾਲਕ ਹੈ, ਜੋ ਇਹਨਾਂ ਪਦਾਰਥਾਂ ਦੇ ਦੇਣ ਵਾਲਾ ਹੈ, ਅਤੇ ਉਸ ਦੀ ਪਛਾਣ ਉਸ ਦੀ ਰਚੀ ਕੁਦਰਤਿ ਵਿਚੋਂ ਹੁੰਦੀ ਹੈ । ਉਸ ਇੱਕ ਮਾਲਕ ਨੂੰ ਸਦਾ ਹੀ ਚੇਤੇ ਰੱਖਿਆ ਜਾਵੇ।


18 ਮਈ, 1922 : ਗਦਰੀ ਬਾਬਿਆਂ ਨੂੰ ਸਜ਼ਾ

ਨਨਕਾਣਾ ਸਾਹਿਬ ਸਾਕੇ ਵਿਚ ਸ਼ਾਮਲ ਜਿੰਮੇਵਾਰ ਮਿਸਟਰ ਬੇਰਿੰਗ ਤੇ ਕਿੰਗ ਨੂੰ ਕਤਲ ਕਰਨ ਦੀ ਸਾਜ਼ਸ ਕੇਸ ਵਿਚ 18 ਮਈ, 1922 ਨੂੰ ਅਦਾਲਤ ਵਲੋਂ ਦਿਤੇ ਫੈਸਲੇ ਅਨੁਸਾਰ ਸਜ਼ਾ ਨਿਸ਼ਚਿਤ ਕੀਤੀ ਗਈ।

ਤੋਤਾ ਸਿੰਘ ਪਿਸ਼ਾਵਰ ਤੇ ਤਾਰਾ ਸਿੰਘ ਠੇਠਰ ਨੂੰ ਪੰਜ ਸਾਲ, ਬੇਲਾ ਸਿੰਘ ਘੋਲੀਆ ਨੂੰ ਚਾਰ ਸਾਲ ਤੇ ਚੈਚਲ ਸਿੰਘ ਜੰਡਿਆਲਾ ਨੂੰ ਇਕ ਸਾਲ ਦੀ ਕੈਦ ਹੋਈ।

ਮਾਸਟਰ ਮੋਤਾ ਸਿੰਘ, ਕਿਸ਼ਨ ਸਿੰਘ ਗੜਗਜ, ਵਤਨ ਸਿੰਘ ਸਹਾਰੀ, ਗੁਰਬਚਨ ਸਿੰਘ, ਅੰਬਾਲਾ ਅਮਰ ਸਿੰਘ ਦਿਲੀ ਤੇ ਬਿਜਲਾ ਸਿੰਘ ਨੂੰ ਭਗੌੜੇ ਕਰਾਰ ਦਿਤਾ ਗਿਆ।


18 ਮਈ, 1804 : ਨੈਪੋਲੀਅਨ ਬੋਨਾਪਾਰਟ ਫਰਾਂਸ ਦਾ ਬਾਦਸ਼ਾਹ ਬਣਿਆ

ਸੰਸਾਰ ਦੇ ਇਤਿਹਾਸ ਦੇ ਮਹਾਨ ਜਰਨੈਲਾਂ ਵਿਚੋਂ ਦੋ ਸਮਕਾਲੀ ਜਰਨੈਲ – ਨੈਪੋਲੀਅਨ ਬੋਨਾਪਾਰਟ ਅਤੇ ਮਹਾਰਾਜਾ ਰਣਜੀਤ ਸਿੰਘ ਦਾ ਨਾਮ ਦਰਜ਼ ਹੈ।

ਨੈਪੋਲੀਅਨ ਦਾ ਜਨਮ 15 ਅਗਸਤ 1769 ਨੂੰ ਫਰਾਂਸ ਦੇ ਕੋਰਸੀਕਾ ਟਾਪੂ ਵਿਚ ਹੋਇਆ। ਉਸਦਾ ਬਾਪ ਕਾਰਲੋ ਬੋਨਾਪਾਰਟ ਤੇ ਮਾਂ ਲੇਜੀਆ ਰਾਮੋਲੀਨਾ ਸੀ। ਉਹ ਮਹਾਨ ਸਿਆਸਤਦਾਨ ਤੇ ਸੈਨਿਕ ਨੇਤਾ ਸੀ ਜਿਸਨੇ ਫਰਾਂਸ ਨੂੰ ਯੂਰਪ ਵਿਚ ਰਾਜਨੀਤਿਕ ਸ਼ਕਤੀ ਦੀ ਟੀਸੀ ਤੇ ਪਹੁੰਚਾਇਆ। ਫਰਾਂਸ ਦੀ ਫੌਜ ਵਿਚ ਲੈਫਟੀਨੈਂਟ ਭਰਤੀ ਹੋਇਆ। ਤਰੱਕੀ ਕਰਦਾ ਹੋਇਆ 1799 ਵਿਚ ਦੇਸ ਦੀ ਕੌਂਸਲ ਤੇ ਅਜ ਦੇ ਦਿਨ 18 ਮਈ 1804 ਨੂੰ ਫਰਾਂਸ ਦਾ ਬਾਦਸ਼ਾਹ ਬਣਿਆ। ਇੰਗਲੈਂਡ, ਫਰਾਂਸ, ਆਸਟਰੀਆ ਤੇ ਰੂਸ ਦੀਆਂ ਸਾਂਝੀਆਂ ਫੌਜਾਂ ਨੂੰ ਉਸਨੇ ਵਾਰ ਵਾਰ ਹਰਾਇਆ। ਯੂਰਪ ਦੇਸਾਂ ਤੇ ਮਨਮਰਜ਼ੀ ਦੀਆਂ ਸੰਧੀਆਂ ਲਾਗੂ ਕਰਵਾਈਆਂ।

ਅੰਗਰੇਜ਼ੀ ਸਾਮਰਾਜ ਦੀ ਦੋ ਚੁਨੌਤੀਆਂ – ਰਣਜੀਤ ਸਿੰਘ ਅਤੇ ਨੈਪੋਲੀਅਨ

ਮਹਾਰਾਜਾ ਰਣਜੀਤ ਸਿੰਘ ਅਤੇ ਨੈਪੋਲੀਅਨ ਬੋਨਾਪਾਰਟ ਬਿ੍ਟਿਸ਼ ਸਾਮਰਾਜ ਲਈ ਦੋ ਬਹੁਤ ਵੱਡੀਆਂ ਸਮਕਾਲੀ ਚੁਣੌਤੀਆਂ ਸਨ। ਜਦ ਮਹਾਰਾਜਾ ਰਣਜੀਤ ਸਿੰਘ 19ਵੀਂ ਸਦੀ ਦੇ ਅਰੰਭਿਕ ਦਹਾਕਿਆਂ ਵਿਚ ਆਪਣੀ ਤਾਕਤ ਅਤੇ ਸਿੱਖ ਰਾਜ ਦੀਆਂ ਸਰਹੱਦਾਂ ਨੂੰ ਫੈਲਾਉਣ ਵਿਚ ਰੁੱਝਾ ਹੋਇਆ ਸੀ, ਉਸ ਸਮੇਂ ਬਿ੍ਟਿਸ਼ ਹਕੂਮਤ ਭਾਰਤ ਵਿਚ ਪੈਰ ਪਸਾਰਨ ਦੇ ਨਾਲ-ਨਾਲ ਪੂਰੀ ਤਰਾਂ ਤਾਕਤ ਵਿਚ ਆ ਚੁੱਕੇ ਨੈਪੋਲੀਅਨ ਨੂੰ ਵੀ ਕਾਬੂ ਕਰਨ ਵਿਚ ਲੱਗੀ ਹੋਈ ਸੀ।

ਇਤਿਹਾਸ ਗਵਾਹ ਹੈ ਇਸ ਸਮੇਂ ਤੱਕ ਅੰਗਰੇਜ਼ਾਂ ਨੇ ਭਾਰਤ ਦੇ ਵੱਡੇ ਹਿੱਸੇ ਉੱਪਰ ਕਬਜਾ ਕਰ ਲਿਆ ਸੀ ਪਰ ਪੰਜਾਬ ਉੱਪਰ ਕੋਈ ਸਿੱਧਾ ਹਮਲਾ ਕਰਨ ਦੀ ਹਿੰਮਤ ਉਨ੍ਹਾਂ ਨੇ ਮਹਾਰਾਜੇ ਦੇ ਜਿਉਦਿਆਂ ਨਹੀਂ ਕੀਤੀ। ਬਹੁਤ ਡੂੰਘੀਆਂ ਕੂਟਨੀਤਕ ਚਾਲਾਂ ਚੱਲਣ ਵਾਲੀ ਅੰਗਰੇਜ਼ ਕੌਮ ਆਪਣੀ ਵੰਡੀ ਹੋਈ ਤਾਕਤ ਨਾਲਨਸਾਰੇ ਵਿਰੋਧੀਆਂ ਦੇ ਖਿਲਾਫ਼ ਇਕੱਠੀ ਲੜਾਈ ਸ਼ੁਰੂ ਨਹੀਂ ਸੀ ਕਰਨਾ ਚਾਹੁੰਦੀ। ਨੈਪੋਲੀਅਨ ਖਿਲਾਫ ਸਾਰੀ ਤਾਕਤ ਲਾਉਣ ਲਈ ਅੰਗਰੇਜ਼ਾਂ ਨੇ 1809 ਵਿਚ ਮਹਾਰਾਜੇ ਨਾਲ ਅੰਮਿ੍ਤਸਰ ਵਿਚ ਸਤਲੁਜ ਦਰਿਆ ਤੱਕ ਦੇ ਦੁਵੱਲੇ ਇਲਾਕਿਆਂ ਨਾਲ ਸਬੰਧਤ ਸੰਧੀ ਕਰ ਲਈ ਅਤੇ ਇਸ ਪਾਸੇ ਤੋਂ ਨਿਸਚਿਤ ਹੋ ਗਏ।

ਇਹ ਇਤਿਹਾਸ ਦਾ ਇਕ ਗੁੱਝਾ ਭੇਦ ਹੈ ਕਿ ਉਸ ਸਮੇਂ ਜੇਕਰ ਨੈਪੋਲੀਅਨ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਹੱਥ ਕਿਸੇ ਨੀਤੀਬੱਧ ਢੰਗ ਨਾਲ ਆਪਸ ਵਿਚ ਮਿਲ ਜਾਂਦੇ ਤਾਂ ਅੱਜ ਯੂਰਪ ਅਤੇ ਏਸ਼ੀਆ ਦਾ ਇਤਿਹਾਸ ਕੁਝ ਹੋਰ ਹੋਣਾ ਸੀ।


18 ਮਈ, 1910 : ਪੂਛਲ ਵਾਲਾ ਤਾਰਾ ‘ਹੈਲੀ’

‘ਹੈਲੀ – ਪੂਛਲ ਵਾਲਾ ਤਾਰਾ’ ਧਰਤੀ ਦੇ ਬਹੁਤ ਨੇੜਿਉਂ, 1910 ਵਿਚ 18 ਮਈ ਨੂੰ ਲੰਘਿਆ । ਧਰਤੀ ਉਤੇ ਇਸ ਖਗੋਲ਼ੀ ਘਟਨਾ ਦਾ ਕੋਈ ਅਸਰ ਨਹੀ ਹੋਇਆ ।