ਸਲੋਕ ਮਃ ੫ ॥

ਰਾਮੁ ਜਪਹੁ ਵਡਭਾਗੀਹੋ ਜਲਿ ਥਲਿ ਪੂਰਨੁ ਸੋਇ ॥
ਨਾਨਕ ਨਾਮਿ ਧਿਆਇਐ ਬਿਘਨੁ ਨ ਲਾਗੈ ਕੋਇ ॥੧॥

 ਮਹਲਾ ੫ – ਗੁਰੂ ਅਰਜਨ ਦੇਵ ਜੀ
 ਸਲੋਕ, ਰਾਗ ਗੂਜਰੀ  ਅੰਗ ੫੨੪ (524)

ਹੇ ਵੱਡੇ ਭਾਗਾਂ ਵਾਲਿਓ! ਉਸ ਸੰਸਾਰ ਦੇ ਮਾਲਕ, ਇਸ ਕੁਦਰਤਿ ਨੂੰ ਸਦਾ ਚੇਤੇ ਰੱਖੋ – ਜੋ ਕਿ ਜਲ ਵਿਚ, ਧਰਤੀ ਉੱਤੇ, ਹਰ ਥਾਂ ਹੀ ਮੌਜੂਦ ਹੈ।

ਜੇ ਇਸ ਕੁਦਰਤਿ ਦੇ ਵਿਧਾਨ ਨੂੰ ਚੇਤੇ ਰੱਖੀਏ ਅਤੇ ਸਿਮਰੀਏ ਤਾਂ ਸਾਡੇ ਜੀਵਨ ਦੇ ਰਾਹ ਵਿਚ ਕੋਈ ਰੁਕਾਵਟ ਨਹੀਂ ਟਿਕ ਪਏਗੀ।


18 ਜੁਲਾਈ, 1635 : ਗੁਰੂ ਹਰਗੋਬਿੰਦ ਸਾਹਿਬ ਨਵਾਬ ਦੇ ਸੱਦੇ ‘ਤੇ ਰੋਪੜ ਪੁੱਜੇ

ਗੁਰੂ ਹਰਗੋਬਿੰਦ ਸਾਹਿਬ 3 ਮਈ, 1635 ਤੋਂ ਕੀਰਤਪੁਰ ਰਹਿਣ ਲਗ ਪਏ ਸਨ। ਕੀਰਤਪੁਰ ਰਹਿੰਦਿਆਂ ਗੁਰੂ ਸਾਹਿਬ ਕੋਲ ਬਿਲਾਸਪੁਰ, ਹੰਡੂਰ (ਨਾਲਾਗੜ੍ਹ) ਅਤੇ ਕਈ ਹੋਰ ਰਿਆਸਤਾਂ ਦੇ ਰਾਜੇ ਆਉਣ ਲਗ ਪਏ।

ਇਨ੍ਹਾਂ ਦਿਨਾਂ ਵਿਚ ਹੀ ਰੂਪੜ (ਹੁਣ ਰੋਪੜ) ਦੇ ਨਵਾਬ ਨੇ ਹੰਡੂਰ ਦੇ ਰਾਜੇ ’ਤੇ ਹਮਲਾ ਕਰਨ ਦੀ ਧਮਕੀ ਦਿਤੀ ਤਾਂ ਉਹ ਗੁਰੂ ਸਾਹਿਬ ਕੋਲ ਅਰਜ਼ ਕਰਨ ਆ ਪੁੱਜਾ। ਗੁਰੂ ਸਾਹਿਬ ਨੇ ਉਸ ਦੀ ਮਦਦ ਕਰਨ ਵਾਸਤੇ ਆਪਣੇ ਬੇਟੇ ਗੁਰਦਿੱਤਾ ਜੀ ਦੀ ਅਗਵਾਈ ਵਿਚ 100 ਸਿੱਖਾਂ ਦਾ ਜੱਥਾ ਭੇਜ ਦਿਤਾ।

1 ਜੁਲਾਈ, 1635 ਦੇ ਦਿਨ ਨੰਗਲ ਗੁਜਰਾਂ (ਹੁਣ ਨੰਗਲ ਸਰਸਾ) ਪਿੰਡ ਵਿਚ ਹੋਈ ਲੜਾਈ ਵਿਚ ਰੋਪੜ ਦੀਆਂ ਫ਼ੌਜਾਂ ਦਾ ਬੜਾ ਨੁਕਸਾਨ ਹੋਇਆ। ਇਸ ’ਤੇ ਰੋਪੜ ਦੇ ਨਵਾਬ ਨੇ ਕੋਟਲਾ ਸ਼ਮਸ ਖ਼ਾਨ (ਹੁਣ ਕੋਟਲਾ ਨਿਹੰਗ ਖ਼ਾਨ) ਦੇ ਮਾਲਿਕ ਸ਼ਮਸ ਖ਼ਾਨ ਰਾਹੀਂ ਗੁਰੂ ਸਾਹਿਬ ਦੀ ਸਰਦਾਰੀ ਕਬੂਲ ਕਰ ਲਈ ’ਤੇ ਉਸ ਨੇ ਗੁਰੂ ਸਾਹਿਬ ਨੂੰ ਆਪਣੇ ਮਹਿਲ ਵਿਚ ਦਾਅਵਤ ’ਤੇ ਬੁਲਾਇਆ।

ਗੁਰੂ ਸਾਹਿਬ 18 ਜੁਲਾਈ, 1635 ਦੇ ਦਿਨ ਰੂਪੜ ਪੁੱਜੇ ਤੇ ਇਕ ਰਾਤ ਉਹ ਨਵਾਬ ਦੇ ਮਹਿਲ ਵਿਚ ਮਹਿਮਾਨ ਬਣ ਕੇ ਰਹੇ। ਜਿਸ ਥਾਂ ਉਹ ਮਹਿਲ ਅਤੇ ਕਿਲ੍ਹਾ ਸੀ ਹੁਣ ਉਹ ਥੇਹ ਬਣ ਚੁਕਾ ਹੈ ਅਤੇ ਕੁਝ ਸਾਲ ਪਹਿਲਾਂ ਆਰਕੀਆਲੋਜੀਕਲ ਮਹਿਕਮੇ ਨੇ ਉੱਥੇ ਇਕ ਛੋਟਾ ਜਿਹੀ ਕਿਲ੍ਹਾ-ਨੁਮਾ ਇਮਾਰਤ ਬਣਾਈ ਹੈ। 19 ਤੇ 20 ਤਾਰੀਖ਼ ਨੂੰ ਗੁਰੂ ਸਾਹਿਬ ਕੋਟਲਾ ਸ਼ਮਸ ਖ਼ਾਨ ਦੇ ਘਰ ਵਿਚ ਰਹੇ।

ਇਸ ਮਗਰੋਂ ਜਦੋਂ ਤਕ ਗੁਰੂ ਸਾਹਿਬ ਕੀਰਤਪੁਰ ਵਿਚ ਰਹੇ ਕਿਸੇ ਵੀ ਮੁਗ਼ਲ ਨੇ ਕਿਸੇ ਰਿਆਸਤ ’ਤੇ ਹਮਲਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ।