ਸਲੋਕੁ ॥
ਜਾ ਕਉ ਭਏ ਕ੍ਰਿਪਾਲ ਪ੍ਰਭ ਹਰਿ ਹਰਿ ਸੇਈ ਜਪਾਤ ॥
ਨਾਨਕ ਪ੍ਰੀਤਿ ਲਗੀ ਤਿਨ੍ਹ ਰਾਮ ਸਿਉ ਭੇਟਤ ਸਾਧ ਸੰਗਾਤ ॥ਮਹਲਾ ੫ – ਗੁਰੂ ਅਰਜਨ ਸਾਹਿਬ ਜੀ
ਰਾਗ ਆਸਾ ਅੰਗ ੪੫੪ (454)
ਇਸ ਸਲੋਕ ਵਿਚ ਗੁਰੂ ਅਰਜਨ ਸਾਹਿਬ ਜੀ ਫਰਮਾਉਂਦੇ ਹਨ ਕਿ – ਜਿਨ੍ਹਾਂ ਮਨੁੱਖਾਂ ਉਤੇ ਪ੍ਰਭੂ-ਜੀ ਦਇਆਵਾਨ ਹੁੰਦੇ ਹਨ ਉਹ ਸਦਾ ਹੀ ਸੱਚਾ ਨਾਮ ਜਪਦੇ ਹਨ । ਗੁਰੂ ਦੀ ਸੰਗਤਿ ਵਿਚ ਰਹਿ ਕੇ ਹੀ ਉਹਨਾਂ ਦੀ ਪ੍ਰੀਤਿ ਮਾਲਕ ਨਾਲ ਬਣਦੀ ਹੈ ।
18 ਜਨਵਰੀ, 1661 : ਪੰਜ ਪਿਆਰਿਆਂ ਵਿਚੋਂ ਇੱਕ – ਭਾਈ ਹਿੰਮਤ ਸਿੰਘ ਦਾ ਜਨਮ
ਭਾਈ ਹਿੰਮਤ ਸਿੰਘ ਪੰਜਾਂ ਪਿਆਰਿਆਂ ਵਿਚੋਂ ਤੀਸਰੇ ਸਥਾਨ ਤੇ ਸਨ। ਆਪ ਦੇ ਪਿਤਾ ਦਾ ਨਾਮ ਮਾਲ ਦੇਵ ਜੀ ਅਤੇ ਮਾਤਾ ਲਾਲ ਦੇਵੀ ਜੀ ਸਨ। ਆਪ ਜਗਨਨਾਥ-ਪੁਰੀ ਦੇ ਵਾਸੀ ਸਨ ਅਤੇ ਪੁਜਾਰੀ ਜਾਤੀ ਦੇ ਝਿਉਰ ਸਨ।
ਭਾਈ ਸਾਹਿਬ ਦੇ ਮਾਤਾ-ਪਿਤਾ ਨੌਵੀ ਪਾਤਸ਼ਾਹੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਕੋਲ ਰਹਿੰਦੇ ਸਨ। ਭਾਈ ਸਾਹਿਬ ਦਾ ਜਨਮ 18 ਜਨਵਰੀ, 1661 ਵਾਲੇ ਦਿਨ ਬਾਬਾ ਬਕਾਲਾ ਵਿਖੇ ਹੋਇਆ।
ਭਾਈ ਹਿੰਮਤ ਸਿੰਘ ਜੀ ਚਮਕੌਰ ਸਾਹਿਬ ਦੀ ਜੰਗ ਵਿੱਚ ਬੜੀ ਬਹਾਦਰੀ ਨਾਲ ਲੜਦੇ ਹੋਏ ਸ਼ਹੀਦ ਹੋਏ।