18 ਦਸੰਬਰ, 1845 : ਮੁਦਕੀ ਦੀ ਲੜਾਈ ਸਿੱਖਾਂ ਅਤੇ ਅੰਗਰੇਜ਼ਾਂ ਵਿਚਕਾਰ

ਮੁਦਕੀ ਦੀ ਲੜਾਈ ਈਸਟ ਇੰਡੀਆ ਕੰਪਨੀ ਅਤੇ ਸਿੱਖ ਸਲਤਨਤ ਵਿਚਕਾਰ 18 ਦਸੰਬਰ 1845 ਈ. ਵਿੱਚ ਹੋਈ ਸੀ। ਬ੍ਰਿਟਿਸ਼ ਫੌਜ ਨੂੰ ਇਸ ਲੜਾਈ ਵਿੱਚ ਬਹੁਤ ਭਾਰੀ ਨੁਕਸਾਨ ਹੋਇਆ ਸੀ ।

ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਗਵਾਂਢੀ ਰਾਜਾਂ ਨਾਲ ਮਿੱਤਰਤਾ ਦੀ ਨੀਤੀ ਅਪਣਾਈ। ਉਹਨਾਂ ਨੇ ਅੰਗਰੇਜਾਂ ਨਾਲ ਵੀ ਇਸੇ ਤਰ੍ਹਾਂ ਕੀਤਾ ਅਤੇ ਉਹਨਾਂ ਨਾਲ ਅੰਮ੍ਰਿਤਸਰ ਦੀ ਸੰਧੀ ਕੀਤੀ ਅਤੇ ਦੂਜੇ ਪਾਸੇ ਆਪਣੇ ਰਾਜ ਨੂੰ ਵਧਾਉਂਦੇ ਰਹੇ। 1839 ਈ. ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਸਲਤਨਤ ਵਿੱਚ ਬਹੁਤ ਗੜਬੜ ਅਤੇ ਕਤਲੋਗਾਰਤ ਸ਼ੁਰੂ ਹੋ ਗਈ। ਇਸ ਦੇ ਮੁੱਖ ਲੀਡਰ ਆਪ ਸੱਤਾ ਪ੍ਰਾਪਤ ਕਰਨਾ ਚਾਹੁੰਦੇ ਸਨ ਅਤੇ ਖਾਲਸਾ ਫੌਜ ਨੂੰ ਕਮਜੋਰ ਕਰਨ ਲਈ ਉਹਨਾਂ ਨੇ ਫੌਜ ਨੂੰ ਅੰਗਰੇਜਾਂ ਨਾਲ ਜੰਗ ਸ਼ੁਰੂ ਕਰ ਦਿੱਤੀ।

ਅੰਗਰੇਜਾਂ ਨੇ ਵੀ ਮਹਾਰਾਜੇ ਦੇ ਮੌਤ ਤੋਂ ਬਾਅਦ ਆਪਣੀ ਸੀਮਾ ਨੇੜੇ ਫੌਜ ਦੀ ਗਿਣਤੀ ਵਧਾਉਣੀ ਸ਼ੁਰੂ ਕਰ ਦਿੱਤੀ ਸੀ। ਉਹ ਆਪਣੀ ਕੂਟਨੀਤੀ ਅਨੁਸਾਰ ਬਾਰ ਬਾਰ ਸਿੱਖਾਂ ਦੇ ਮਾਮਲਿਆਂ ਵਿੱਚ ਦਖ਼ਲ ਵੀ ਦੇਣ ਲੱਗੇ। ਇੱਧਰ ਧਿਆਨ ਸਿੰਘ ਡੋਗਰੇ ਨੇ ਵੀ ਖਾਲਸਾ ਫੌਜ ਨੂੰ ਇਹ ਕਹਿ ਕੇ ਭੜਕਾਇਆ ਕਿ ਉਹਨਾਂ ਦੇ ਸ਼ਾਸ਼ਕ ਅੰਗਰੇਜਾਂ ਨਾਲ ਮਿਲੇ ਹੋਏ ਹਨ ਅਤੇ ਉਹ ਪੰਜਾਬ ਨੂੰ ਅੰਗਰੇਜਾਂ ਹੱਥੀ ਵੇਚਣ ਲਈ ਤਿਆਰ ਹਨ। ਉਹਨਾਂ ਨੇ ਮਹਾਰਾਜਾ ਖੜਕ ਸਿੰਘ ਤੇ ਇਹ ਇਲਜ਼ਾਮ ਲਾਇਆ ਅਤੇ ਖਾਲਸਾ ਫੌਜ ਨੂੰ ਅੰਗਰੇਜਾਂ ਖਿਲਾਫ਼ ਭੜਕਾਇਆ। ਇਸ ਤਰ੍ਹਾਂ ਉਹਨਾਂ ਨੇ ਵੀ ਇਸ ਲੜਾਈ ਲਈ ਰਸਤਾ ਤਿਆਰ ਕੀਤਾ।

1845 ਦੇ ਸ਼ੁਰੂ ਵਿਚ ਲਾਰਡ ਹਾਰਡਿੰਗ ਅਤੇ ਜਨਰਲ ਗਫ਼ ਨੇ ਦਰਿਆ ਸਤਲੁਜ ‘ਤੇ ਪੁਲ ਬਣਾਉਣ ਦੀ ਨੀਅਤ ਨਾਲ ਨਵੀਆਂ ਬੇੜੀਆਂ ਬਣਵਾਉਣੀਆਂ ਸ਼ੁਰੂ ਕਰ ਦਿਤੀਆਂ ਸਨ। ਅੰਗਰੇਜ਼ਾਂ ਨੇ ਅਪਣੇ ਏਜੰਟ ਜਰਨੈਲ ਤੇਜਾ ਸਿੰਘ ਰਾਹੀਂ ਸਿੱਖ ਫ਼ੌਜਾਂ ਨੂੰ ਵੀ ਭੜਕਾਉਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਲਾਹੌਰ ਵਿਚ ਇਹ ਪ੍ਰਾਪੇਗੰਡਾ ਸ਼ੁਰੂ ਕਰ ਦਿਤਾ ਕਿ ਅੰਗਰੇਜ਼, ਲਾਹੌਰ ਉਤੇ ਕਬਜਾ ਕਰਨ ਦੀਆਂ ਤਿਆਰੀਆਂ ਕਰੀ ਬੈਠੇ ਹਨ ਅਤੇ ਉਹਨਾਂ ਦੇ ਹਮਲੇ ਤੋਂ ਪਹਿਲਾਂ ਹੀ ਸਾਨੂੰ ਹਮਲਾ ਕਰ ਦੇਣਾ ਚਾਹੀਦਾ ਹੈ।

ਨਵੰਬਰ 1845 ਵਿਚ ਸਿੱਖ ਫ਼ੌਜ ਦੇ ਮੁਖੀ ਆਗੂ ਰਣਜੀਤ ਸਿੰਘ ਦੀ ਸਮਾਧ ‘ਤੇ ਇਕੱਠੇ ਹੋਏ। ਇਸ ਮੀਟਿੰਗ ਵਿਚ ਜੰਗ ਬਾਰੇ ਚਰਚਾ ਕੀਤੀ ਗਈ। ਇਸ ਮੀਟਿੰਗ ਵਿਚ ਰਾਣੀ ਜਿੰਦਾਂ ਅਤੇ ਸ਼ਾਮ ਸਿੰਘ ਅਟਾਰੀਵਾਲਾ ਨੇ ਅੰਗਰੇਜ਼ਾਂ ਨਾਲ ਲੜਾਈ ਨਾ ਕਰਨ ਦੀ ਸਲਾਹ ਦਿਤੀ। ਪਰ ਦੂਜੇ ਪਾਸੇ ਸਾਜ਼ਸ਼ੀ ਬ੍ਰਾਹਮਣ ਅਤੇ ਡੋਗਰੇ ਹਮਲੇ ਦੇ ਹੱਕ ਵਿਚ ਸਨ। ਰਾਣੀ ਜਿੰਦਾਂ ਅਤੇ ਸ਼ਾਮ ਸਿੰਘ ਅਟਾਰੀ ਦੀਆਂ ਸਲਾਹਾਂ ਨੂੰ ਨਜ਼ਰ-ਅੰਦਾਜ਼ ਕਰਵਾ ਕੇ, ਲਾਲ ਸਿੰਘ ਤੇ ਤੇਜਾ ਸਿੰਘ ਨੇ, ਅੰਗਰੇਜ਼ਾਂ ਨਾਲ ਜੰਗ ਸਬੰਧੀ ਸਾਰੇ ਹੱਕ ਆਪ ਹਾਸਲ ਕਰ ਲਏ।

ਉਧਰ ਅਗੰਰੇਜ਼ਾਂ ਨੇ ਵੀ 20 ਨਵੰਬਰ, 1845 ਦੇ ਦਿਨ ਅੰਬਾਲਾ ਤੇ ਮੇਰਠ ਛਾਉਣੀਆਂ ਵਿਚ ਬੈਠੀ ਫ਼ੌਜ ਨੂੰ ਤਿਆਰ ਰਹਿਣ ਦਾ ਹੁਕਮ ਦੇ ਦਿਤਾ ਸੀ। 10 ਦਸੰਬਰ, 1845 ਨੂੰ ਇਹ ਫ਼ੌਜਾਂ ਫ਼ਿਰੋਜ਼ਪੁਰ ਵਲ ਚਲ ਵੀ ਚੁਕੀਆਂ ਸਨ। ਇਸ ਦੇ ਨਾਲ ਹੀ ਲੁਧਿਆਣਾ ਵਿਚ ਅੰਗਰੇਜ਼ੀ ਫ਼ੌਜ ਦਾ ਬਰੀਗੇਡੀਅਰ ਵ੍ਹੀਲਰ ਵੀ ਇੱਕ ਵੱਡੀ ਫ਼ੌਜ ਲੈ ਕੇ ਫ਼ਿਰੋਜ਼ਪੁਰ ਵਲ ਚਲ ਪਿਆ ਸੀ। 17 ਦਸੰਬਰ, 1845 ਦੀ ਸ਼ਾਮ ਨੂੰ ਅੰਗਰੇਜ਼ੀ ਫ਼ੌਜ ਮੁੱਦਕੀ ਵਿਚ ਪਹੁੰਚ ਚੁੱਕੀ ਸੀ। ਅੰਗਰੇਜ਼ਾਂ ਦੀ ਅੰਬਾਲਾ, ਲੁਧਿਆਣਾ ਤੇ ਫ਼ਿਰੋਜ਼ਪੁਰ ਵਿਚਲੀਆਂ ਫ਼ੌਜਾਂ ਦੀ ਕੁਲ ਗਿਣਤੀ ਸਤਾਰਾਂ ਹਜ਼ਾਰ ਸੀ ਤੇ ਉਹਨਾਂ ਕੋਲ 69 ਤੋਪਾਂ ਸਨ।

ਲਾਹੌਰ ਵਿਚ ਲਾਲ ਸਿੰਘ ਤੇ ਤੇਜਾ ਸਿੰਘ ਨੇ 24 ਨਵੰਬਰ, 1845 ਨੂੰ ਫ਼ੌਜਾਂ ਨੂੰ ਕੂਚ ਕਰਨ ਦਾ ਹੁਕਮ ਦੇ ਦਿਤਾ ਸੀ। 12 ਦਸੰਬਰ ਨੂੰ ਇਹ ਫ਼ੌਜਾਂ ਦਰਿਆ ਪਾਰ ਕਰ ਕੇ ਲਾਹੌਰ ਦਰਬਾਰ ਦੇ ਸਤਲੁਜ ਦਰਿਆ ਦੇ ਦੂਜੇ ਪਾਸੇ ਪਹੁੰਚ ਗਈਆਂ। ਇਨ੍ਹਾਂ ਸਿੱਖ ਫ਼ੌਜਾਂ ਵਿਚ ਗ਼ੱਦਾਰਾਂ ਨੇ ਇਹ ਅਫ਼ਵਾਹ ਫੈਲਾਈ ਹੋਈ ਸੀ ਕਿ ਅੰਗਰੇਜ਼ਾਂ ਨੂੰ ਹਰਾ ਕੇ ਦਿੱਲੀ ‘ਤੇ ਕਬਜ਼ਾ ਕਰ ਲਿਆ ਜਾਵੇਗਾ ਅਤੇ ਇਸ ਮਗਰੋਂ ਕਲਕੱਤਾ ਕਾਬੂ ਕਰ ਕੇ ਲੰਡਨ ਵਲ ਮਾਰਚ ਕੀਤਾ ਜਾਵੇਗਾ ਤੇ ਉਥੇ ਹਕੂਮਤ ਕਾਇਮ ਕੀਤੀ ਜਾਵੇਗੀ।

ਅੰਗਰੇਜ਼ਾਂ ਨਾਲ ਬਣਾਈ ਯੋਜਨਾ ਮੁਤਾਬਕ ਲਾਲ ਸਿੰਘ ਨੇ ਮੁਦਕੀ ਵਲ ਹਮਲਾ ਕਰਵਾਇਆ। 18 ਦਸੰਬਰ, 1845 ਦੇ ਦਿਨ ਮੁਦਕੀ ਵਿਚ ਹੋਈ ਇਸ ਲੜਾਈ ਵਿਚ ਸਿੱਖ ਫ਼ੌਜਾਂ ਨੇ ਅੰਗਰੇਜ਼ਾਂ ਨੂੰ ਬੁਰੀ ਤਰ੍ਹਾਂ ਹਰਾਇਆ। ਇਸ ਲੜਾਈ ਵਿਚ ਗਵਰਨਰ ਜਨਰਲ ਦੇ ਦੋ ਏਅਡੀਜ਼, ਸਰ ਰਾਬਰਟ ਸੇਲ ਤੇ ਸਰ ਜੌਸਫ਼ ਮੈਕਗੈਸਕਿਲ, ਤੋਂ ਇਲਾਵਾ 215 ਅੰਗਰੇਜ਼ ਫ਼ੌਜੀ ਮਾਰੇ ਗਏ ਸਨ ਤੇ 657 ਜ਼ਖ਼ਮੀ ਹੋਏ ਸਨ।

ਸਿੱਖ ਬੜੇ ਆਰਾਮ ਨਾਲ ਅੰਗਰੇਜ਼ਾਂ ਨੂੰ ਹਰਾ ਕੇ ਦਿੱਲੀ ਪੁੱਜ ਸਕਦੇ ਸਨ ਪਰ ਲਾਲ ਸਿੰਘ ਡੋਗਰੇ ਨੇ ਸਿੱਖ ਫ਼ੌਜਾਂ ਨੂੰ ਬੱਦੋਵਾਲ ਤੋਂ ਅੱਗੇ ਨਹੀਂ ਜਾਣ ਦਿਤਾ ਤੇ ਫਿਰ ਸਤਲੁੁਜ ਦਰਿਆ ਦੇ ਕੰਢੇ ਤਕ ਹੀ ਰੁਕਣ ਦਾ ਹੁਕਮ ਦੇ ਦਿਤਾ ਸੀ ।

Quick contact info

Global Sikh Council (GSC) is the voice of the Sikhs worldwide, registered as tax exempt charitable not for profit organization registered in the state of Georgia US. GSC represents the Sikh Community across the globe to various Governmental and non-Governmental entities worldwide.