ਸਲੋਕੁ ਮਃ ੨ ॥
ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ॥
ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ॥ਮਹਲਾ ੨ : ਗੁਰੂ ਅੰਗਦ ਦੇਵ ਜੀ
ਰਾਗ ਮਾਝ ਅੰਗ ੧੫੦ (150)
ਜਿਨ੍ਹਾਂ ਦੇ ਸਿਰ ਤੇ ਗੁਰੂ ਹੈ, ਜਿਨ੍ਹਾਂ ਨੂੰ ਗੁਰੂ ਨੇ ਸਿੱਖਿਆ ਦੇ ਕੇ ਗੁਰਮਤਿ ਦਾ ਗਿਆਨ ਦਿੱਤਾ ਹੈ ਤੇ ਸਿਫ਼ਤਿ-ਸਾਲਾਹ ਦੀ ਰਾਹੀਂ ਸੱਚ ਨਾਲ ਜੋੜਿਆ ਹੈ, ਉਹਨਾਂ ਨੂੰ ਕਿਸੇ ਹੋਰ ਓਪਰੇ ਉਪਦੇਸ਼ ਦੀ ਲੋੜ ਨਹੀਂ ਰਹਿੰਦੀ ਭਾਵ, ਕੁਦਰਤਿ ਦੇ ਸੱਚੇ ਵਿਧਾਨ ਦੇ ਗਿਆਨ ਦੀ ਸਿੱਖਿਆ ਤੋਂ ਉੱਚੀ ਹੋਰ ਕੋਈ ਸਿੱਖਿਆ ਨਹੀਂ ਹੈ।
18 ਅਪ੍ਰੈਲ, 1754 : ਜੱਸਾ ਸਿੰਘ ਆਹਲੂਵਾਲੀਆ ਜਥੇਦਾਰ ਥਾਪੇ ਗਏ
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਖਾਲਸੇ ਦਾ ਜੱਥੇਦਾਰ 18 ਅਪ੍ਰੈਲ, 1754 ਦੇ ਦਿਨ ਥਾਪਿਆ ਗਿਆ।
ਨਵਾਬ ਕਪੂਰ ਸਿੰਘ ਦੇ ਚਲਾਣੇ ਤੋਂ ਬਾਅਦ ਗੁਰੂ ਪੰਥ ਖਾਲਸਾ ਦੇ ੪ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਜੱਸਾ ਸਿੰਘ ਆਹਲੂਵਾਲੀਆ ਨੇ ਖਾਲਸਾ ਫੌਜ ਦੀ ਕਮਾਨ ਸੰਭਾਲ ਲਈ ਸੀ ਪਰ ਬਤੌਰ ਜਥੇਦਾਰ, ਰਸਮੀ ਚੋਣ (ਪੰਥਕ ਮਨਜ਼ੂਰੀ) 18 ਅਪ੍ਰੈਲ, 1754 ਦੇ ਦਿਨ ਸਰਬੱਤ ਖ਼ਾਲਸਾ ਦੇ ਇਕੱਠ ਵਿੱਚ ਹੋਈ।
18 ਅਪ੍ਰੈਲ : ਵਿਸ਼ਵ ਵਿਰਾਸਤ ਦਿਹਾੜਾ (World Heritage Day)
ਵਿਸ਼ਵ ਦੀ ਇਤਿਹਾਸਕ ਧਰੋਹਰ ਅਤੇ ਪੁਰਾਣੇ ਸਮਿਆਂ ਦੀਆਂ ਯਾਦਾਂ ਨੂੰ ਸੰਭਾਲਣ ਵਾਲੀਆਂ ਥਾਵਾਂ ਦੀ ਇਤਿਹਾਸ ਮਹੱਤਤਾ ਨੂੰ ਮੁੱਖ ਰੱਖਦਿਆਂ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੈਸਕੋ ਨੇ 1983 ਤੋਂ ਹਰ ਸਾਲ 18 ਅਪ੍ਰੈਲ ਨੂੰ ਵਿਸ਼ਵ ਵਿਰਾਸਤ ਦਿਹਾੜਾ/ਦਿਵਸ ਮਨਾਉਣਾ ਸ਼ੁਰੂ ਕੀਤਾ।
ਸੰਨ 1983 ਵਿੱਚ ਪਹਿਲੀ ਵਾਰ ਭਾਰਤ ਦੀਆਂ ਚਾਰ ਇਤਿਹਾਸਕ ਥਾਵਾਂ ਨੂੰ ਯੂਨੈਸਕੋ ਵੱਲੋਂ ‘ਵਿਸ਼ਵ ਵਿਰਾਸਤੀ ਸਥਾਨ’ ਵਜੋਂ ਮੰਨਿਆ ਗਿਆ। ਇਹ ਚਾਰ ਸਥਾਨ ਸਨ – ਤਾਜ ਮਹਿਲ, ਆਗਰਾ ਦਾ ਕਿਲਾ, ਅਜੰਤਾ ਅਤੇ ਏਲੋਰਾ ਗੁਫਾਵਾਂ। ਉਸ ਸਮੇਂ ਤੋਂ ਯੂਨੈਸਕੋ ਨੇ ਭਾਰਤ ਦੀਆਂ ਕਈ ਇਤਿਹਾਸਕ ਥਾਵਾਂ ਨੂੰ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਕੀਤਾ ਹੈ। ਵਰਤਮਾਨ ਵਿੱਚ ਭਾਰਤ ਵਿੱਚ ਕੁੱਲ 35 ਸਾਈਟਾਂ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਹਨ। ਜਿਨ੍ਹਾਂ ਵਿੱਚੋਂ 27 ਨੂੰ ਸੱਭਿਆਚਾਰਕ ਸ਼੍ਰੇਣੀ ਵਿੱਚ, 7 ਨੂੰ ਕੁਦਰਤੀ ਅਤੇ 1 ਨੂੰ ਮਿਸ਼ਰਤ ਵਰਗ ਵਿੱਚ ਸਥਾਨ ਦਿੱਤਾ ਗਿਆ ਹੈ।