.


ਸਲੋਕੁ ਮਃ ੨ ||

ਦੀਖਿਆ ਆਖਿ ਬੁਝਾਇਆ ਸਿਫਤੀ ਸਚਿ ਸਮੇਉ ||
ਤਿਨ ਕਉ ਕਿਆ ਉਪਦੇਸੀਐ ਜਿਨ ਗੁਰੁ ਨਾਨਕ ਦੇਉ ||

ਮਹਲਾ ੨ ਗੁਰੂ ਅੰਗਦ ਸਾਹਿਬ ਜੀ
ਮਾਝ, ੧੫੦

ਜਿਨ੍ਹਾਂ ਨੂੰ ਗੁਰੂ ਨੇ ਦੀਖਿਆ ਦੇ ਕੇ ਐਸਾ ਗਿਆਨ ਦਿਤਾ ਹੈ ਤੇ ਸਿਫਤਿ-ਸਾਲਾਹ ਦੀ ਰਾਹੀ ਸਚ ਵਿਚ ਜੋੜਿਆ ਹੈ | ਉਹਨਾ ਨੂੰ ਕਿਸੇ ਹੋਰ ਉਪਦੇਸ ਦੀ ਲੋੜ ਨਹੀ ਰਹਿੰਦੀ ਜਿਸ ਨੂੰ ਗੁਰੂ ਨਾਨਕ ਸਾਹਿਬ ਮਿਲ ਪੈਣ |



18 ਅਪ੍ਰੈਲ – ‌‌ ਸ਼੍ਰੀ ਗੁਰੂ ਅੰਗਦ ਦੇਵ ਜੀ ਅਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਦਿਹਾੜਾ


ਸ੍ਰੀ ਗੁਰੂ ਅੰਗਦ ਦੇਵ ਜੀ (ਪ੍ਰਕਾਸ਼: ੧੫੦੪)

ਸ੍ਰੀ ਗੁਰੂ ਅੰਗਦ ਦੇਵ ਜੀ ਸਿੱਖਾਂ ਦੇ ਦੂਜੇ ਗੁਰੂ ਸਨ। ਉਨ੍ਹਾਂ ਦਾ ਜੀਵਨ ਸੇਵਾ ਅਤੇ ਸਮਰਪਣ ਦੀ ਸਭ ਤੋਂ ਉੱਚੀ ਮਿਸਾਲ ਹੈ।ਗੁਰੂ ਜੀ ਦਾ ਪ੍ਰਕਾਸ਼ ੧੮ ਅਪ੍ਰੈਲ ੧੫੦੪ ਨੂੰ ਪਿੰਡ ਮੱਤੇ ਦੀ ਸਰਾਏ (ਸ੍ਰੀ ਮੁਕਤਸਰ ਸਾਹਿਬ) ਵਿਖੇ ਹੋਇਆ। ਪਿਤਾ ਬਾਬਾ ਫੇਰੂ ਮੱਲ ਜੀ ਅਤੇ ਮਾਤਾ ਰਾਮੋ ਜੀ ਦੇ ਘਰ ਜਨਮੇ ਬਾਲਕ ਦਾ ਨਾਮ ਭਾਈ ਲਹਿਣਾ ਜੀ ਰੱਖਿਆ ਗਿਆ।ਭਾਈ ਲਹਿਣਾ ਜੀ ਪਹਿਲਾਂ ਦੇਵੀ ਮਾਤਾ ਦੇ ਭਗਤ ਸਨ। ਇੱਕ ਦਿਨ ਉਨ੍ਹਾਂ ਨੇ ਭਾਈ ਜੋਧਾ ਜੀ ਦੇ ਮੁੱਖ ਤੋਂ ਗੁਰੂ ਨਾਨਕ ਦੇਵ ਜੀ ਦੀ ਬਾਣੀ ਸੁਣੀ, ਜਿਸ ਨੇ ਉਨ੍ਹਾਂ ਦਾ ਜੀਵਨ ਬਦਲ ਦਿੱਤਾ। ਉਹ ਕਰਤਾਰਪੁਰ ਸਾਹਿਬ ਗਏ ਅਤੇ ਉੱਥੇ ਹੀ ਗੁਰੂ ਜੀ ਦੇ ਹੋ ਕੇ ਰਹਿ ਗਏ। ਉਨ੍ਹਾਂ ਨੇ ਗੁਰੂ ਨਾਨਕ ਦੇਵ ਜੀ ਦੀ ਅਜਿਹੀ ਨਿਸ਼ਕਾਮ ਸੇਵਾ ਕੀਤੀ ਕਿ ਗੁਰੂ ਸਾਹਿਬ ਨੇ ਉਨ੍ਹਾਂ ਨੂੰ ਆਪਣਾ ਅੰਗ (ਹਿੱਸਾ) ਦੱਸਦਿਆਂ ‘ਅੰਗਦ’ ਦਾ ਨਾਮ ਦਿੱਤਾ।ਗੁਰੂ ਸਾਹਿਬ ਨੇ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿਪੀ ਨੂੰ ਮੌਜੂਦਾ ਸਰੂਪ ਦਿੱਤਾ। ਉਨ੍ਹਾਂ ਨੇ ਬਾਲ ਪੋਥੀਆਂ ਤਿਆਰ ਕੀਤੀਆਂ ਤਾਂ ਜੋ ਗਰੀਬ ਅਤੇ ਆਮ ਲੋਕ ਪੜ੍ਹ-ਲਿਖ ਸਕਣ। ਇਹ ਵਿੱਦਿਆ ਦੇ ਖੇਤਰ ਵਿੱਚ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਕਦਮ ਸੀ। ਉਨ੍ਹਾਂ ਨੇ ਖਡੂਰ ਸਾਹਿਬ ਵਿਖੇ ਮੱਲ ਅਖਾੜੇ ਸ਼ੁਰੂ ਕੀਤੇ ਤਾਂ ਜੋ ਸਿੱਖ ਸਰੀਰਕ ਤੌਰ ‘ਤੇ ਤੰਦਰੁਸਤ ਰਹਿਣ। ਇਹ ਦਿਨ ਬਹੁਤ ਹੀ ਉਤਸ਼ਾਹਜਨਕ ਹੁੰਦਾ ਸੀ ਜਦੋਂ ਸਿੱਖ ਕਸਰਤ ਅਤੇ ਭਗਤੀ ਦੋਵੇਂ ਇਕੱਠੇ ਕਰਦੇ ਸਨ।


. ਸ੍ਰੀ ਗੁਰੂ ਤੇਗ ਬਹਾਦਰ ਜੀ (ਪ੍ਰਕਾਸ਼: ੧੬੨੧)

ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹ ਸਨ, ਜਿਨ੍ਹਾਂ ਨੇ ਧਰਮ ਦੀ ਰੱਖਿਆ ਲਈ ਆਪਣਾ ਸੀਸ ਵਾਰ ਕੇ ‘ਹਿੰਦ ਦੀ ਚਾਦਰ’ ਦਾ ਖ਼ਿਤਾਬ ਪਾਇਆ। ਆਪ ਜੀ ਦਾ ਪ੍ਰਕਾਸ਼ ੧੮ ਅਪ੍ਰੈਲ ੧੬੨੧ ਨੂੰ ਅੰਮ੍ਰਿਤਸਰ (ਗੁਰੂ ਕੇ ਮਹਿਲ) ਵਿਖੇ ਹੋਇਆ। ਆਪ ਜੀ ਛੇਵੇਂ ਗੁਰੂ, ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸਭ ਤੋਂ ਛੋਟੇ ਸਪੁੱਤਰ ਸਨ। ਆਪ ਜੀ ਦੀ ਮਾਤਾ ਜੀ ਦਾ ਨਾਮ ਮਾਤਾ ਨਾਨਕੀ ਜੀ ਸੀ। ਬਚਪਨ ਵਿੱਚ ਆਪ ਜੀ ਦਾ ਨਾਮ ਤਿਆਗ ਮੱਲ ਸੀ। ਪਰ ੧੪ ਸਾਲ ਦੀ ਉਮਰ ਵਿੱਚ ਕਰਤਾਰਪੁਰ ਦੀ ਜੰਗ ਵਿੱਚ ਦਿਖਾਈ ਬਹਾਦਰੀ ਕਾਰਨ ਪਿਤਾ ਗੁਰੂ ਜੀ ਨੇ ਆਪ ਜੀ ਦਾ ਨਾਮ ‘ਤੇਗ ਬਹਾਦਰ’ (ਤਲਵਾਰ ਦੇ ਧਨੀ) ਰੱਖ ਦਿੱਤਾ। ਗੁਰੂ ਜੀ ਨੇ ਲਗਭਗ ੨੦ ਸਾਲ ਬਾਬਾ ਬਕਾਲਾ ਵਿਖੇ ਭੋਰੇ ਵਿੱਚ ਬੈਠ ਕੇ ਡੂੰਘੀ ਤਪੱਸਿਆ ਕੀਤੀ। ਉਹ ਬਹੁਤ ਸ਼ਾਂਤ ਅਤੇ ਗੰਭੀਰ ਸੁਭਾਅ ਦੇ ਮਾਲਕ ਸਨ।ਉਨ੍ਹਾਂ ਨੇ ਦੁਨੀਆ ਨੂੰ ਨਾ ਡਰਨ ਅਤੇ ਨਾ ਡਰਾਉਣ ਦਾ ਉਪਦੇਸ਼ ਦਿੱਤਾ:

ਭੈ ਕਾਹੂ ਕਉ ਦੇਤ ਨਹਿ ਨਹਿ ਭੈ ਮਾਨਤ ਆਨ”

ਜਦੋਂ ਕਸ਼ਮੀਰੀ ਪੰਡਿਤਾਂ ‘ਤੇ ਜ਼ੁਲਮ ਹੋਇਆ, ਤਾਂ ਉਨ੍ਹਾਂ ਨੇ ਦਿੱਲੀ ਦੇ ਚਾਂਦਨੀ ਚੌਕ ਵਿੱਚ ਆਪਣੀ ਸ਼ਹਾਦਤ ਦਿੱਤੀ। ਇਹ ਇਤਿਹਾਸ ਦੀ ਅਜਿਹੀ ਮਿਸਾਲ ਹੈ ਜਿੱਥੇ ਕਿਸੇ ਨੇ ਦੂਜੇ ਦੇ ਧਰਮ ਨੂੰ ਬਚਾਉਣ ਲਈ ਆਪਣੀ ਜਾਨ ਦਿੱਤੀ ਹੋਵੇ।