ਐਸਾ ਗਿਆਨੁ ਬਿਚਾਰੁ ਮਨਾ ॥
ਹਰਿ ਕੀ ਨ ਸਿਮਰਹੁ ਦੁਖ ਭੰਜਨਾ ॥ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਭੈਰਉ ਅੰਗ ੧੧੬੧ (1161)
ਹੇ ਮੇਰੇ ਮਨ! ਕੋਈ ਅਜਿਹੀ ਗੁਰਬਾਣੀ ਗਿਆਨ ਭਰਪੂਰ ਗੱਲ ਸੋਚ, ਕੋਈ ਐਸਾ ਗੁਰਮਤਿ ਵਾਲਾ ਵੀਚਾਰ ਕਰ ਜਿਸ ਨਾਲ ਤੂੰ ਸਿਮਰਨ ਵਲ ਮੁੜ ਪਰਤ ਸਕੇਂ । ਤੂੰ ਐਸੇ ਮਾਲਕ ਸਤਿਗੁਰੂ ਨੂੰ ਕਿਉਂ ਨਹੀਂ ਸਿਮਰਦਾ-ਵੀਚਾਰਦਾ ਜਦੋਂ ਕਿ ਉਹੀ ਤਾਂ ਤੇਰੇ ਸਭ ਆਤਮਿਕ ਦੁੱਖਾਂ-ਪ੍ਰੇਸ਼ਾਨੀਆਂ ਦਾ ਨਾਸ ਕਰਨ ਵਾਲਾ ਹੈ ।
17 ਨਵੰਬਰ, 1904 : ਖ਼ਾਲਸਾ ਕਾਲਜ, ਅੰਮ੍ਰਿਤਸਰ ਦਾ ਨੀਂਹ ਪੱਥਰ ਰੱਖਿਆ ਗਿਆ
ਖ਼ਾਲਸਾ ਕਾਲਜ, ਅੰਮ੍ਰਿਤਸਰ ਦਾ ਨੀਂਹ ਪੱਥਰ ਸਰ ਚਾਰਲਸ ਕੇ.ਸੀ.ਐਸ.ਆਈ. ਲੈਫ਼ਟੀਨੈਂਟ ਗਵਰਨਰ ਪੰਜਾਬ ਨੇ 17 ਨਵੰਬਰ, 1904 ਨੂੰ ਰੱਖਿਆ। ਇਹ ਸੰਸਥਾਨ ਅੱਜਕਲ੍ਹ ਵਿਗਿਆਨ, ਕਲਾ, ਕੌਮਰਸ, ਕੰਪਿਊਟਰ, ਭਾਸ਼ਾਵਾਂ, ਸਿੱਖਿਆ, ਖੇਤੀ, ਅਤੇ ਫ਼ਿਜ਼ਿਓਥੈਰਪੀ ਦੇ ਖੇਤਰਾਂ ਵਿੱਚ ਉੱਚ ਸਿੱਖਿਆ ਪ੍ਰਦਾਨ ਕਰਦਾ ਹੈ।
ਖ਼ਾਲਸਾ ਕਾਲਜ ਨੇ ਆਪਣੇ ਇਤਿਹਾਸ ਵਿੱਚ ਬਹੁਤ ਸਾਰੇ ਆਈ.ਏ.ਐਸ., ਆਈ.ਪੀ.ਐਸ., ਫੋਜੀ, ਖਿਡਾਰੀ ਅਤੇ ਨਾਮਵਰ ਹਸਤੀਆਂ ਪੈਦਾ ਕੀਤੀਆਂ ਜਿਹਨਾਂ ਵਿੱਚ ਭਾਈ ਜੋਧ ਸਿੰਘ, ਬਿਸ਼ਨ ਸਿੰਘ ਸਮੁੰਦਰੀ, ਮਹਿੰਦਰ ਸਿੰਘ ਰੰਧਾਵਾ, ਮਾਸਟਰ ਹਰੀ ਸਿੰਘ, ਅਮਰੀਕ ਸਿੰਘ, ਸ੍ਰੀ ਸਦਾਨੰਦ ਆਈ.ਏ.ਐਸ., ਡਾ. ਖੇਮ ਸਿੰਘ ਗਿੱਲ, ਮਨੋਹਰ ਸਿੰਘ ਗਿੱਲ, ਪਦਮਸ੍ਰੀ ਕਰਤਾਰ ਸਿੰਘ ਪਹਿਲਵਾਨ, ਬਿਸ਼ਨ ਸਿੰਘ ਬੇਦੀ, ਪ੍ਰਵੀਨ ਕੁਮਾਰ, ਏਅਰ ਮਾਰਸ਼ਲ ਅਰਜਨ ਸਿੰਘ, ਜਨਰਲ ਰਜਿੰਦਰ ਸਿੰਘ ਸਪੈਰੋ, ਬ੍ਰਿਗੇਡੀਅਰ ਐਨ.ਐਸ. ਸੰਧੂ, ਮੇਜਰ ਜਨਰਲ ਗੁਰਬਖ਼ਸ ਸਿੰਘ ਅਤੇ ਜਨਰਲ ਜਗਜੀਤ ਸਿੰਘ ਅਰੋੜਾ ਸ਼ਾਮਲ ਹਨ।