ਮਃ ੧ ॥

ਸੂਹਾ ਰੰਗੁ ਸੁਪਨੈ ਨਿਸੀ ਬਿਨੁ ਤਾਗੇ ਗਲਿ ਹਾਰੁ ॥
ਸਚਾ ਰੰਗੁ ਮਜੀਠ ਕਾ ਗੁਰਮੁਖਿ ਬ੍ਰਹਮ ਬੀਚਾਰੁ ॥
ਨਾਨਕ ਪ੍ਰੇਮ ਮਹਾ ਰਸੀ ਸਭਿ ਬੁਰਿਆਈਆ ਛਾਰੁ ॥੨॥

 ਮਹਲਾ ੧ – ਗੁਰੂ ਨਾਨਕ ਦੇਵ ਜੀ
 ਰਾਗ ਸੂਹੀ  ਅੰਗ ੭੮੬ (786)

ਮਾਇਆ ਦਾ ਸੂਹਾ ਰੰਗ ਮਾਨੋ ਰਾਤ ਦਾ ਸੁਫ਼ਨਾ ਹੈ, ਜਿਵੇਂ ਧਾਗੇ ਤੋਂ ਬਿਨਾ ਹਾਰ ਗਲ ਵਿਚ ਪਾਇਆ ਹੋਇਆ ਹੈ; ਗੁਰੂ ਦੇ ਸਨਮੁਖ ਹੋ ਕੇ ਰੱਬ ਦੀ ਸਿਫ਼ਤਿ-ਸਾਲਾਹ ਦੀਆਂ ਗੱਲਾਂ, ਮਾਨੋ ਮਜੀਠ ਦਾ ਪੱਕਾ ਰੰਗ ਹੈ । ਜੋ ਜੀਵ ਆਪਣੇ ਮਾਲਕ ਦੇ ਪਿਆਰ ਦੇ ਉੱਤਮ ਰਸ ਵਿਚ ਭਿੱਜ ਗਿਆ ਹੈ ਉਸ ਦੇ ਸਾਰੇ ਭੈੜ, ਸਾਰੀ ਬੁਰਾਈਆਂ ਸੜ ਕੇ ਸੁਆਹ ਹੋ ਜਾਂਦੇ ਹਨ ।

ਸਾਰ : ਅਸੀਂ ਝੂਠ, ਵਿਕਾਰਾਂ ਤੇ ਅਉਗੁਣਾ ਤੋਂ ਬਚ ਕੇ ਆਪਣੇ ਜੀਵਨ ਵਿਚ ਚੰਗੇ ਗੁਣ ਧਾਰਨ ਕਰਨੇ ਹਨ ਤਾਂ ਹੀ ਜੀਵਨ ਵਿਚ ਸਚਾ ਸੁੱਖ ਪਾ ਸਕਦੇ ਹਾਂ ।


17 ਮਈ, 1762 : ਸਿੱਖਾਂ ਵਲੋਂ ਸਰਹਿੰਦ ਉੱਤੇ ਹਮਲਾ

ਕੁੱਪ-ਰਹੀੜੇ ਦੇ ਘੱਲੂਘਾਰੇ ਵਿਚ, 5 ਫ਼ਰਵਰੀ, 1762 ਦੇ ਦਿਨ, ਤਕਰੀਬਨ 25 ਹਜ਼ਾਰ ਸਿੱਖ ਸ਼ਹੀਦ ਹੋਏ। ਅੱਧੀ ਸਿੱਖ ਫ਼ੌਜ ਖ਼ਤਮ ਹੋ ਗਈ ਪਰ ਇਸ ਦੇ ਬਾਵਜੂਦ ਸਿੱਖਾਂ ਦੇ ਹੌਸਲੇ ਬੁਲੰਦ ਰਹੇ। ਦੋ ਮਹੀਨੇ ਮਗਰੋਂ ਉਹ ਖਿਦਰਾਣੇ ਦੀ ਢਾਬ (ਹੁਣ ਮੁਕਤਸਰ) ਵਿਚ ਇਕੱਠੇ ਹੋਏ ਅਤੇ ਸ਼ਹੀਦ ਹੋਏ ਸਿੱਖਾਂ ਨੂੰ ਸ਼ਰਧਾਂਜਲੀ ਵਜੋਂ ਗੁਰਮਤਾ ਪਾਸ ਕੀਤਾ: “ਸ਼ਹੀਦੀਆਂ ਨਾਲ ਸਾਡਾ (ਮਨਾਂ ਦਾ) ਖੋਟ ਝੜ ਗਿਆ ਹੈ ਅਤੇ ਅਸੀ ਕੁੰਦਨ ਹੋ ਗਏ ਹਾਂ ਤੇ ਹੁਣ ਅਸੀ ਅਹਿਮਦ ਸ਼ਾਹ ਦਾ ਆਹਮੋ-ਸਾਹਮਣੇ ਟਾਕਰਾ ਕਰਾਂਗੇ।” ਇਹ ਖ਼ਾਲਸੇ ਦੀ ਲਾਸਾਨੀ ਚੜ੍ਹਦੀ ਕਲਾ ਸੀ ਕਿ ਤਕਰੀਬਨ ਅੱਧੀ ਕੌਮ ਸ਼ਹੀਦ ਹੋਣ ਮਗਰੋਂ ਵੀ ਉਹ ਇਹੋ ਜਿਹਾ ਗੁਰਮਤਾ ਕਰ ਸਕਦੇ ਹਨ।

ਖ਼ਿਦਰਾਣੇ ਦੀ ਢਾਬ ਦੇ ਗੁਰਮਤੇ ‘ਤੇ ਅਮਲ ਵਜੋਂ ਸਿੱਖਾਂ ਨੇ 17 ਮਈ, 1762 ਦੇ ਦਿਨ (ਘੱਲੂਘਾਰੇ ਤੋਂ ਸਿਰਫ਼ ਤਿੰਨ ਮਹੀਨੇ 10 ਦਿਨ ਮਗਰੋਂ ਹੀ) ਸਰਹੰਦ ਉਤੇ ਹਮਲਾ ਕੀਤਾ। ਸਿੱਖਾਂ ਦੇ ਇਸ ਅਚਾਨਕ ਹਮਲੇ ਨੇ ਸਰਹੰਦ ਦੇ ਸੂਬੇਦਾਰ ਜ਼ੈਨ ਖ਼ਾਨ ਦੇ ਗੋਡੇ ਲੁਆ ਦਿਤੇ ਅਤੇ ਉਸ ਨੇ ਸਿੱਖਾਂ ਨੂੰ 50 ਹਜ਼ਾਰ ਰੁਪਏ ਨਜ਼ਰਾਨਾ ਦੇਣਾ ਮੰਨ ਲਿਆ।

ਜਦੋਂ ਸਿੱਖ ਇਹ ਰਕਮ ਲੈ ਕੇ ਮੁੜ ਰਹੇ ਸਨ ਤੇ ਸਰਹੰਦ ਤੋਂ ਸਿਰਫ਼ ਤੀਹ-ਕੁ ਕਿਲੋਮੀਟਰ ਦੂਰ ਪੁੱਜੇ ਸਨ ਤਾਂ ਇਸ ਸੂਬੇਦਾਰ ਨੇ ਅਪਣੇ ਇਕ ਹਿੰਦੂ ਜਰਨੈਲ ਲਾਲਾ ਲਛਮੀ ਨਾਰਾਇਣ ਦੀ ਸਲਾਹ ‘ਤੇ ਸਿੱਖਾਂ ਉਤੇ ਹਮਲਾ ਕਰ ਕੇ ਉਹ ਰਕਮ ਲੁੱਟ ਲਈ।

ਇਸ ‘ਤੇ ਸਿੱਖਾਂ ਨੇ ਦੁਬਾਰਾ ਹਮਲਾ ਕਰ ਦਿਤਾ ਅਤੇ ਜ਼ੈਨ ਖ਼ਾਨ ਤੇ ਲਛਮੀ ਨਾਰਾਇਣ ਦਾ ਬਹੁਤ ਸਾਰਾ ਸਮਾਨ ਲੁੱਟ ਲਿਆ ਤੇ ਉਨ੍ਹਾਂ ਦਾ ਸਰਹੰਦ ਤੋਂ ਵੀਹ ਕਿਲੋਮੀਟਰ ਦੂਰ ਪਿੰਡ ਹਰਨੌਲਗੜ੍ਹ ਤਕ ਪਿੱਛਾ ਕੀਤਾ। ਇਥੇ ਫਿਰ ਜ਼ਬਰਦਸਤ ਲੜਾਈ ਹੋਈ ਜਿਸ ਵਿਚ ਜ਼ੈਨ ਖ਼ਾਨ ਨੂੰ ਦੁਬਾਰਾ ਹਾਰ ਹਾਸਲ ਹੋਈ ਤੇ ਉਹ ਮੈਦਾਨ ਛੱਡ ਕੇ ਭੱਜ ਗਿਆ।

ਸਿੱਖਾਂ ਨੇ ਇਹ ਕਾਮਯਾਬੀ ਉਦੋਂ ਹਾਸਲ ਕੀਤੀ – ਜਦੋਂ ਅਹਿਮਦ ਸ਼ਾਹ ਅਜੇ ਲਾਹੌਰ ਵਿਚ ਹੀ ਸੀ। ਜਦ ਇਸ ਦੀ ਖ਼ਬਰ ਅਹਿਮਦ ਸ਼ਾਹ ਨੂੰ ਮਿਲੀ ਤਾਂ ਉਹ ਬੜਾ ਹੈਰਾਨ-ਪ੍ਰੇਸ਼ਾਨ ਹੋਇਆ।