ਸਲੋਕ ॥
ਰਾਜ ਕਪਟੰ ਰੂਪ ਕਪਟੰ ਧਨ ਕਪਟੰ ਕੁਲ ਗਰਬਤਹ ॥
ਸੰਚੰਤਿ ਬਿਖਿਆ ਛਲੰ ਛਿਦ੍ਰੰ ਨਾਨਕ ਬਿਨੁ ਹਰਿ ਸੰਗਿ ਨ ਚਾਲਤੇ ॥੧॥
ਪੇਖੰਦੜੋ ਕੀ ਭੁਲੁ ਤੁੰਮਾ ਦਿਸਮੁ ਸੋਹਣਾ ॥
ਅਢੁ ਨ ਲਹੰਦੜੋ ਮੁਲੁ ਨਾਨਕ ਸਾਥਿ ਨ ਜੁਲਈ ਮਾਇਆ ॥੨॥ਮਹਲਾ ੫ – ਗੁਰੂ ਅਰਜਨ ਦੇਵ ਜੀ
ਰਾਗ ਜੈਤਸਰੀ ਅੰਗ ੭੦੮ (708)
ਇਹ ਰਾਜ, ਇਹ ਰੂਪ, ਇਹ ਧਨ ਤੇ ਉੱਚੀ ਕੁਲ ਦਾ ਮਾਣ — ਸਭ ਛਲ-ਰੂਪ ਹੈ। ਲੋਕ ਛਲ ਕਰ ਕੇ ਦੂਜਿਆਂ ਤੇ ਦੂਸ਼ਣ ਲਾ ਲਾ ਕੇ ਕਈ ਢੰਗਾਂ ਨਾਲ ਮਾਇਆ ਜੋੜਦੇ ਹਨ, ਪਰ ਮਾਲਕ ਦੇ ਨਾਮ ਤੋਂ ਬਿਨਾ ਕੋਈ ਭੀ ਚੀਜ਼ ਏਥੋਂ ਨਾਲ ਨਹੀਂ ਜਾਂਦੀ ।
ਤੁੰਮਾ ਵੇਖਣ ਨੂੰ ਹੀ ਸਾਨੂੰ ਸੋਹਣਾ ਦਿਸਦਾ ਹੈ, ਕੀ ਸਾਨੂੰ ਇਹ ਉਕਾਈ/ਗਲਤੀ ਲੱਗ ਰਹੀ ਹੈ? ਕਿਉਂਕਿ ਇਸ ਦਾ ਤਾਂ ਅੱਧੀ ਕੌਡੀ ਭੀ ਮੁੱਲ ਨਹੀਂ ਮਿਲਦਾ।
ਇਹੀ ਹਾਲ ਮਾਇਆ ਦਾ ਹੈ, ਇਹ ਭੀ ਕੌਡੀ ਮੁੱਲ ਦੀ ਨਹੀਂ ਹੁੰਦੀ, ਕਿਉਂਕਿ ਏਥੋਂ ਇਸ ਜਹਾਨ ਤੋਂ ਤੁਰਨ ਵੇਲੇ ਇਹ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ ।
17 ਜੂਨ, 1923 : ਅਕਾਲੀ ਲਹਿਰ ਵਿਚ ਦਰਬਾਰ ਸਾਹਿਬ ਸਰੋਵਰ ਦੀ ਕਾਰਸੇਵਾ ਦੀ ਸ਼ੁਰੂਆਤ
ਗੁਰਦੁਆਰਿਆਂ ਦੇ ਪੰਥਰ ਪ੍ਰਬੰਧ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ 12 ਅਕਤੂਬਰ, 1920 ਨੂੰ ਆਰੰਭ ਹੋਈ। ਗੁਰਦੁਆਰਿਆਂ ਦੇ ਪ੍ਰਬੰਧ ਨੂੰ ਸੁਧਾਰਨ ਲਈ ਅਤੇ ਸਾਰੇ ਗੁਰਦੁਆਰਿਆਂ ਨੂੰ ਪੁਜਾਰੀਆਂ ਤੇ ਮਹੰਤਾਂ ਤੋਂ ਆਜ਼ਾਦ ਕਰਵਾ ਕੇ ਪੰਥਕ ਪ੍ਰਬੰਧ ਵਿਚ ਲਿਆਉਣ ਵਾਸਤੇ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ ਗਈ ਸੀ। ਗੁਰਦੁਆਰਾ ਸੁਧਾਰ ਲਹਿਰ ਦਾ ਹੀ ਦੂਜਾ ਨਾਂ ਅਕਾਲੀ ਲਹਿਰ ਹੈ।
ਪਹਿਲਾ ਮੋਰਚਾ ‘ਗੁਰੂ ਕੇ ਬਾਗ਼’ ਦਾ ਸੀ ਜੋ 1922 ਵਿਚ ਲੱਗਾ। ਇਸ ਵਿਚ ਜੱਥਿਆਂ ਉੱਤੇ ਬੜੀ ਬੇਰਹਿਮੀ ਨਾਲ ਪੁਲਿਸ ਨੇ ਮਾਰ ਕੁਟਾਈ ਕੀਤੀ। ਇਹ ਮਾਰ ਕੁਟਾਈ 17 ਦਿਨ ਜਾਰੀ ਰਹੀ ਜਿਸ ਨਾਲ 1300 ਸਿੱਖ ਫੱਟੜ ਹੋਏ ਅਤੇ ਕੁਝ ਸ਼ਹੀਦ ਹੋਏ। ਇਸ ਮੋਰਚੇ ਵਿਚ 569 ਸਿੰਘ ਗ੍ਰਿਫ਼ਤਾਰ ਹੋਏ। ਗੁਰੂ ਕੇ ਬਾਗ਼ ਦੇ ਮੋਰਚੇ ਦੀਆਂ ਧੁੰਮਾਂ ਸਾਰੀ ਦੁਨੀਆ ਵਿਚ ਪੈ ਗਈਆਂ ਸਨ। ਦੂਜੇ ਦੇਸ਼ਾਂ ਦੀਆਂ ਅਖ਼ਬਾਰਾਂ ਦੇ ਰਿਪੋਰਟਰ ਸਭ ਕੁਝ ਅੱਖੀਂ ਦੇਖ ਕੇ ਖ਼ਬਰਾਂ ਬਾਹਰ ਭੇਜਦੇ ਸਨ।
ਅਕਾਲੀ ਲਹਿਰ ਦੇ ਸਮੇਂ ਹੀ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਹੋਈ ਜੋ 17 ਜੂਨ, 1923 ਨੂੰ ਸ਼ੁਰੂ ਹੋ ਕੇ ਇਕ ਮਹੀਨਾ ਜਾਰੀ ਰਹੀ। ਇਹ ਨਜ਼ਾਰਾ ਦੇਖਣਯੋਗ ਸੀ। ਕਾਰਸੇਵਾ ਦੇ ਆਰੰਭ ਕਰਨ ਦੇ ਮੌਕੇ ਤੇ ਦੋ ਲੱਖ ਸਿੱਖਾਂ ਦਾ ਜਲੂਸ ਪਿਪਲੀ ਸਾਹਿਬ ਤੋਂ ਸ਼ੁਰੂ ਹੋ ਕੇ ਦਰਬਾਰ ਸਾਹਿਬ ਤਕ ਚਲਦਾ ਰਿਹਾ।