ਮਾਝ ਮਹਲਾ ੫ ਘਰੁ ੨ ॥
ਨਿਤ ਨਿਤ ਦਯੁ ਸਮਾਲੀਐ ॥
ਮੂਲਿ ਨ ਮਨਹੁ ਵਿਸਾਰੀਐ ॥ ਰਹਾਉ ॥
ਸੰਤਾ ਸੰਗਤਿ ਪਾਈਐ ॥
ਜਿਤੁ ਜਮ ਕੈ ਪੰਥਿ ਨ ਜਾਈਐ ॥
ਤੋਸਾ ਹਰਿ ਕਾ ਨਾਮੁ ਲੈ ਤੇਰੇ ਕੁਲਹਿ ਨ ਲਾਗੈ ਗਾਲਿ ਜੀਉ ॥
…ਮਹਲਾ ੫ – ਗੁਰੂ ਅਰਜਨ ਸਾਹਿਬ ਜੀ
ਰਾਗ ਮਾਝ ਅੰਗ ੧੩੩ (133)
ਸਾਨੂੰ ਸਦਾ ਹੀ ਉਸ, ਸੱਚੇ-ਮਾਲਕ, ਨੂੰ ਹਿਰਦੇ ਵਿਚ ਵਸਾਣਾ ਚਾਹੀਦਾ ਹੈ, ਜੋ ਸਭ ਜੀਵਾਂ ਉੱਤੇ ਤਰਸ ਕਰਦਾ ਹੈ । ਉਸ ਨੂੰ ਕਦੇ ਵੀ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ ।
ਸੰਤ ਜਨਾਂ ਦੀ ਸੰਗਤਿ ਵਿਚ ਰਿਹਾਂ ਹੀ ਸੱਚਾ ਨਾਮ ਮਿਲਦਾ ਹੈ, ਅਤੇ ਸਾਧ ਸੰਗਤਿ ਦੀ ਬਰਕਤਿ ਨਾਲ ਆਤਮਕ ਮੌਤ ਵਲ ਲੈ ਜਾਣ ਵਾਲੇ ਰਸਤੇ ਉੱਤੇ ਨਹੀਂ ਪਈਦਾ ।
ਜੇਕਰ ਆਪਣੇ ਜੀਵਨ-ਸਫ਼ਰ ਵਾਸਤੇ ਸੱਚੇ ਨਾਮ ਦਾ ਖ਼ਰਚਾ (ਤੋਸਾ) ਆਪਣੇ ਪੱਲੇ ਬੰਨ੍ਹ ਲਈਏ, ਤਾਂ ਇਸ ਤਰ੍ਹਾਂ ਸਾਡੇ ਭਵਿੱਖ (ਕੁਲ) ਨੂੰ ਵੀ ਕੋਈ ਬਦਨਾਮੀ ਨਹੀਂ ਆਵੇਗੀ ।
17 ਜਨਵਰੀ, 1846 : ਸਿੱਖਾਂ ਦਾ ਬੱਦੋਵਾਲ ‘ਚ ਅੰਗਰੇਜ਼ਾਂ ਦੀ ਛਾਵਣੀ ‘ਤੇ ਕਬਜ਼ਾ
ਲਾਡਵਾ ਦੇ ਰਾਜੇ ਰਣਜੋਧ ਸਿੰਘ ਨੇ, 17 ਜਨਵਰੀ 1846 ਦੇ ਦਿਨ, ਸਤਲੁਜ ਦਰਿਆ ਪਾਰ ਬੱਦੋਵਾਲ ਵਿਚ ਅੰਗਰੇਜ਼ ਛਾਵਣੀ ’ਤੇ ਕਬਜ਼ਾ ਕਰ ਲਿਆ । ਪਰ ਰਾਜਾ ਰਣਜੋਧ ਸਿੰਘ ਕਬਜ਼ਾ ਕਰਨ ਮਗਰੋਂ ਉੱਥੇ ਹੀ ਟਿਕ ਗਿਆ ।
ਕਬਜ਼ਾ ਕਰਨ ਪਿੱਛੋਂ ਰਣਜੋਧ ਸਿੰਘ ਨਾ ਤਾਂ ਫ਼ੀਰੋਜ਼ਪੁਰ ਵੱਲ ਅੱਗੇ ਵਧਿਆ ਤੇ ਨਾ ਹੀ ਉਸ ਨੇ ਦਿੱਲੀ ਵੱਲੋਂ ਆਉਣ ਵਾਲੀ ਅੰਗਰੇਜ਼ ਫ਼ੌਜ ਬਾਰੇ ਹੀ ਸੋਚਿਆ । ਇਹ ਇਕ ਜੋਸ਼ੀਲਾ ਪਰ ਪਲਾਨ-ਰਹਿਤ ਐਕਸ਼ਨ ਸੀ । ਅੰਗਰੇਜ਼ੀ ਸਾਸ਼ਨ ਵਾਸਤੇ ਵੀ ਇਹ ਪ੍ਰੇਸ਼ਾਨੀ ਦਾ ਕਾਰਣ ਬਣਿਆ ਕਿਉਂਕਿ ਇਹ ਛਾਵਣੀ ਉਹਨਾਂ ਵਾਸਤੇ ਬਹੁਤ ਅਹਿਮ ਸੀ ।