17 ਦਸੰਬਰ, 1848 : ਮੁਲਤਾਨ ਦੇ ਦੀਵਾਨ ਮੂਲ ਚੰਦ ਨੇ ਅੰਗਰੇਜ਼ਾਂ ਅੱਗੇ ਹਥਿਆਰ ਸੁੱਟੇ
ਸਤੰਬਰ 1844 ਵਿਚ ਆਪਣੇ ਪਿਤਾ ਦੀ ਮੌਤ ਮਗਰੋਂ ਦੀਵਾਨ ਮੂਲ ਰਾਜ ਨੂੰ ਮੁਲਤਾਨ ਦਾ ਗਵਰਨਰ ਬਣਾਇਆ ਗਿਆ ਸੀ। 1846 ਵਿਚ ਅੰਗਰੇਜ਼ਾਂ ਦੇ ਲਾਹੌਰ ਦਰਬਾਰ ‘ਤੇ ਕਬਜ਼ੇ ਮਗਰੋਂ, ਲਾਲ ਸਿੰਹ ਦੀਆਂ ਸਾਜ਼ਿਸ਼ਾਂ ਹੇਠ, ਉਸ ਦਾ ਮਾਮਲਾ 25% ਵਧਾ ਦਿਤਾ ਗਿਆ। ਉਸ ਨੇ ਬਿਨਾਂ ਕਿਸੇ ਸ਼ਿਕਾਇਤ ਤੋਂ ਇਸ ਨੂੰ ਮਨਜ਼ੂਰ ਕਰ ਲਿਆ। ਇਹ ਗਲ 29 ਅਕਤੂਬਰ 1846 ਦੀ ਹੈ। ਲਾਲ ਸਿੰਹ ਨੇ ਏਥੇ ਹੀ ਬਸ ਨਹੀਂ ਕੀਤੀ। ਹੁਣ ਉਸ ਨੇ ਮੂਲ ਰਾਜ ਦੇ ਕਈ ਹੱਕ ਖੋਹ ਲਏ ਪਰ ਉਸ ਦਾ ਇਜਾਰਾ ਨਾ ਘਟਾਇਆ। ਮੂਲ ਰਾਜ ਦੀਆਂ ਅਦਾਲਤੀ ਤਾਕਤਾਂ ਵੀ ਘਟਾ ਦਿਤੀਆਂ ਗਈਆਂ। ਇਸ ਦਾ ਨਤੀਜਾ ਇਹ ਨਿਕਲਿਆ ਕਿ ਉਹ ਮਾਮਲਾ ਨਾ ਦੇਣ ਵਾਲਿਆਂ ਦੇ ਖ਼ਿਲਾਫ਼ ਕੋਈ ਐਕਸ਼ਨ ਨਹੀਂ ਸੀ ਲੈ ਸਕਦਾ। ਅਖ਼ੀਰ ਤੰਗ ਆ ਕੇ ਉਸ ਨੇ ਦਸੰਬਰ 1847 ਵਿਚ ਅਸਤੀਫ਼ਾ ਦੇ ਦਿਤਾ। ਰੈਜ਼ੀਡੈਂਟ ਨੇ ਉਸ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਅਤੇ ਨਵੇਂ ਸੂਬੇਦਾਰ ਦੇ ਆਉਣ ਤਕ ਸੇਵਾ ਨਿਭਾਉਣ ਅਤੇ ਮਾਰਚ 1848 ਤਕ ਮੁਲਤਾਨ ਰੁਕਣ ਵਾਸਤੇ ਆਖ ਦਿਤਾ। ਹੁਣ ਫ਼ਰੈਡਰਿਕ ਕੱਰੀ ਲਾਹੌਰ ਵਿਚ ਨਵਾਂ ਰੈਜ਼ੀਡੈਂਟ ਬਣ ਕੇ ਆ ਗਿਆ ਸੀ। ਉਸ ਨੇ ਕਾਹਨ ਸਿੰਘ ਮਾਨ ਨੂੰ ਮੁਲਤਾਨ ਦਾ ਨਵਾਂ ਸੂਬੇਦਾਰ ਲਾ ਦਿਤਾ ਅਤੇ ਵੈਨਸ ਐਗਨਿਊ ਨੂੰ ਉਸ ਦਾ ਸਿਆਸੀ ਸਲਾਹਕਾਰ ਤੇ ਲੈਫ਼ਟੀਨੈਂਟ ਐਂਡਰਸਨ ਨੂੰ ਉਸ ਦਾ ਅਸਿਸਟੈਂਟ ਬਣਾ ਦਿਤਾ। 19 ਅਪਰੈਲ 1848 ਦੇ ਦਿਨ ਕਾਹਨ ਸਿੰਘ ਮਾਨ ਮੁਲਤਾਨ ਪੁੱਜਾ। ਦੀਵਾਨ ਮੂਲਰਾਜ ਨੇ ਸੂਬੇਦਾਰੀ ਦਾ ਚਾਰਜ ਉਸ ਨੂੰ ਸੰਭਾਲ ਦਿਤਾ।ਜਦੋਂ ਚਾਰਜ ਲੈ ਕੇ ਕਾਹਨ ਸਿੰਘ ਤੇ ਦੋਵੇਂ ਅੰਗਰੇਜ਼ ਬਾਹਰ ਨਿਕਲ ਰਹੇ ਸਨ ਤਾਂ ਇਕ ਫ਼ੌਜੀ ਅਫ਼ਸਰ ਗੋਦੜ ਸਿੰਘ ਮਜ਼ਹਬੀ ਨੇ ਐਂਡਰਸਨ ਅਤੇ ਐਗਨਿਊ ‘ਤੇ ਹਮਲਾ ਕਰ ਕੇ ਉਨ੍ਹਾਂ ਨੂੰ ਕਤਲ ਕਰ ਦਿਤਾ। ਇਹ ਕੋਈ ਅਚਾਨਕ ਘਟੀ ਘਟਨਾ ਨਹੀਂ ਸੀ।
ਸਿੱਖ ਫ਼ੌਜਾਂ ਵਿਚ ਅੰਗਰੇਜ਼ਾਂ ਵੱਲੋਂ ਪੰਜਾਬ ‘ਤੇ ਕਬਜ਼ਾ, ਰਾਣੀ ਜਿੰਦਾਂ ਦੀ ਬੇਇਜ਼ਤੀ ਅਤੇ ਕੈਦ, ਸਿੱਖ ਜਰਨੈਲਾਂ ਤੇ ਅਫ਼ਸਰਾਂ ਦੀਆਂ ਤਾਕਤਾਂ ਖੋਹਣਾ, ਗ਼ਦਾਰਾਂ ਨੂੰ ਅਹੁਦੇ ਅਤੇ ਸਨਮਾਨ ਬਖ਼ਸ਼ਣਾ ਬਾਰੇ ਖ਼ਬਰਾਂ ਪੁਜਦੀਆਂ ਰਹਿੰਦੀਆਂ ਸਨ ਤੇ ਉਹ ਅੰਦਰੋਂ-ਅੰਦਰੀ ਗੁੱਸੇ ਨਾਲ ਭਰੇ ਪੀਤੇ ਬੈਠੇ ਸਨ। ਦੀਵਾਨ ਮੂਲ ਰਾਜ ਦੀ ਥਾਂ ਕਾਹਨ ਸਿੰਘ ਮਾਨ, ਤੇ ਉਹ ਵੀ ਦੋ ਅੰਗਰੇਜ਼ ਅਫਸਰਾਂ ਦੀ ਨਿਗਰਾਨੀ ਹੇਠ, ਲਾਇਆ ਜਾਣਾ ਵਕਤੀ ਐਕਸ਼ਨ ਦਾ ਕਾਰਨ ਬਣਿਆ। ਜਦੋਂ ਦੋ ਅੰਗਰੇਜ਼ ਅਫ਼ਸਰਾਂ ਦੇ ਮਰਨ ਦੀ ਖ਼ਬਰ ਫ਼ਰੈਡਰਿਕ ਕੱਰੀ ਰੈਜ਼ੀਡੈਂਟ ਕੋਲ ਪੁੱਜੀ ਤਾਂ ਪਹਿਲਾਂ ਤਾਂ ਉਸ ਨੇ ਫ਼ੌਜ ਨੂੰ ਮੁਲਤਾਨ ਜਾਣ ਦਾ ਹੁਕਮ ਦੇ ਦਿਤਾ ਪਰ ਮਗਰੋਂ ਉਸ ਨੇ ਇਰਾਦਾ ਬਦਲ ਲਿਆ ਤੇ ਇਸ ਨੂੰ ਸਿੱਖਾਂ ਤੇ ਥੋਪਣ ਦੀ ਤਰਕੀਬ ਘੜਨੀ ਸ਼ੁਰੂ ਕਰ ਦਿਤੀ। ਇਹ ਸੋਚ ਕੇ ਉਸ ਨੇ ਹਰਬਰਟ ਐਡਵਾਰਡੇਜ਼ ਨੂੰ ਬੰਨੂ ਵਿਚ ਖ਼ਤ ਭੇਜ ਕੇ ਆਖਿਆ ਕਿ ਉਹ ਕਾਹਨ ਸਿੰਘ ਮਾਨ ਨੂੰ ਕਹੇ ਕਿ ਉਹ ਦੀਵਾਨ ਮੂਲ ਰਾਜ ਨੂੰ ਹੀ ਸੂਬੇਦਾਰ ਰਹਿਣ ਦੇਵੇ। ਮਈ 1848 ਵਿਚ ਰੈਜ਼ੀਡੈਂਟ ਨੇ ਐਡਵਾਰਡੇਜ਼ ਨੂੰ ਫ਼ੌਜ ਲੈ ਕੇ ਮੁਲਤਾਨ ਜਾਣ ਵਾਸਤੇ ਆਖ ਦਿਤਾ। ਇਸ ਵੇਲੇ ਤਕ (ਹੀਰਾ ਸਿੰਹ ਡੋਗਰਾ ਵੱਲੋਂ 1845 ਵਿਚ ਸ਼ਹੀਦ ਕੀਤੇ ਬਾਬਾ ਬੀਰ ਸਿੰਘ ਨੌਰੰਗਾਬਾਦ ਦੇ ਵਾਰਿਸ) ਭਾਈ ਮਹਾਰਾਜ ਸਿੰਘ ਵੀ ਮੁਲਤਾਨ ਪੁਜ ਚੁਕੇ ਸਨ। ਉਨ੍ਹਾਂ ਨੇ ਉਥੇ ਪਹੁੰਚ ਕੇ ਸਿੱਖ ਫ਼ੌਜਾਂ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿਤਾ।
ਜਦ ਮੂਲ ਰਾਜ ਨੂੰ ਐਡਵਾਰਡੇਜ਼ ਦੇ ਆਉਣ ਦਾ ਪਤਾ ਲਗਾ ਤਾਂ ਉਸ ਨੇ ਅਮਨ ਸਮਝੌਤੇ ਦੀ ਪੇਸ਼ਕਸ਼ ਕੀਤੀ। ਐਡਵਾਰਡੇਜ਼ ਨੇ ਇਹ ਪੇਸ਼ਕਸ਼ ਠੁਕਰਾ ਦਿਤੀ ਤੇ ਮੁਲਤਾਨ ‘ਤੇ ਹਮਲਾ ਕਰ ਦਿਤਾ। ਪਹਿਲਾਂ ਤਾਂ ਨਿੱਕੀਆਂ ਮੋਟੀਆਂ ਝੜਪਾਂ ਹੋਈਆਂ ਪਰ 18 ਜੂਨ 1848 ਨੂੰ ਇਕ ਵੱਡੀ ਲੜਾਈ ਹੋਈ ਜਿਸ ਵਿਚ ਐਡਵਾਰਡੇਜ਼ ਨੂੰ ਜਿੱਤ ਹਾਸਿਲ ਹੋਈ। ਆਖ਼ਰੀ ਲੜਾਈ ਪਹਿਲੀ ਜੁਲਾਈ ਦੇ ਦਿਨ ਹੋਈ ਜਿਸ ਵਿਚ ਦੀਵਾਨ ਮੂਲ ਰਾਜ ਦਾ ਹਾਥੀ ਮਾਰਿਆ ਗਿਆ ਤੇ ਇਸ ਦੇ ਨਾਲ ਹੀ ਉਸ ਦੀ ਮੌਤ ਦੀ ਅਫ਼ਵਾਹ ਵੀ ਫ਼ੈਲ ਗਈ। ਇਸ ਨਾਲ ਉਸ ਦੇ ਸਾਥੀਆਂ ਦੇ ਹੌਸਲੇ ਡਿਗ ਪਏ। ਉਸ ਨੇ ਆਪਣੇ ਆਪ ਨੂੰ ਕਿਲ੍ਹੇ ਵਿਚ ਬੰਦ ਕਰ ਲਿਆ। ਅੰਗਰੇਜ਼ੀ ਫ਼ੌਜਾਂ ਨੇ ਕਿਲ੍ਹੇ ਨੂੰ ਸਾਰੇ ਪਾਸਿਓਂ ਘੇਰ ਲਿਆ। ਇਹ ਘੇਰਾ ਚਾਰ ਹਫ਼ਤੇ ਜਾਰੀ ਰਿਹਾ। ਦੀਵਾਨ ਮੂਲ ਰਾਜ ਕਾਬਲ ਤੋਂ ਦੋਸਤ ਮੁਹੰਮਦ ਖ਼ਾਨ ਦੀ ਮਦਦ ਦੀ ਆਸ ਵੀ ਰਖ ਰਿਹਾ ਸੀ। ਪਰ ਨਾ ਤਾਂ ਕਾਬਲ ਤੋਂ ਅਤੇ ਨਾ ਅਟਾਰੀ ਵਾਲਿਆਂ ਤੋਂ ਕੋਈ ਮਦਦ ਪੁੱਜ ਸਕੀ।
17 ਦਸੰਬਰ 1848 ਨੂੰ ਅੰਗਰੇਜ਼ ਫ਼ੌਜਾਂ ਨੇ ਕਿਲ੍ਹੇ ‘ਤੇ ਇਕ ਜ਼ਬਰਦਸਤ ਹਮਲਾ ਕੀਤਾ ਤੇ ਅੰਦਰ ਦਾਖ਼ਿਲ ਹੋ ਗਈਆਂ। ਅਖੀਰ ਮੂਲ ਰਾਜ ਨੇ ਹਥਿਆਰ ਸੁੱਟ ਦਿਤੇ। ਦੀਵਾਨ ਮੂਲ ਰਾਜ ‘ਤੇ ਅੰਗਰੇਜ਼ਾਂ ਦੇ ਕਤਲ, ਜੰਗ ਕਰਨ ਅਤੇ ਗ਼ਦਾਰੀ ਦਾ ਮੁਕਦਮਾ ਚਲਾ ਕੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ (ਜੋ ਗਵਰਨਰ ਜਨਰਲ ਨੇ ਉਮਰ ਕੈਦ ਵਿਚ ਬਦਲ ਦਿਤੀ)। ਜਨਵਰੀ 1850 ਤੱਕ ਉਸ ਨੂੰ ਲਾਹੌਰ ਕਿਲੇ ਵਿਚ ਰਖ ਕੇ ਮਗਰੋਂ ਫ਼ੋਰਟ ਵਿਲੀਅਮਜ਼ (ਕਲਕਤਾ) ਭੇਜ ਦਿਤਾ ਗਿਆ। ਪਰ ਖ਼ਰਾਬ ਸਿਹਤ ਕਾਰਨ ਉਸ ਨੂੰ ਬਨਾਰਸ ਲੈ ਆਂਦਾ ਗਿਆ ਅਤੇ ਖਾਣੇ ਵਿਚ ਹਲਕੀ ਜ਼ਹਿਰ ਦੇ ਕੇ ਉਸ ਨੂੰ ਮੌਤ ਦੇ ਮੂੰਹ ਵਿਚ ਧੱਕ ਦਿਤਾ ਗਿਆ। ਅਖ਼ੀਰ 11 ਅਗਸਤ 1851 ਦੇ ਦਿਨ, 36 ਸਾਲ ਦੀ ਉਮਰ ਵਿਚ ਉਹ ਚੜ੍ਹਾਈ ਕਰ ਗਿਆ।
ਦੀਵਾਨ ਮੂਲ ਰਾਜ ਬਾਰੇ ਲਾਰਡ ਡਲਹੌਜ਼ੀ ਦਾ ਵਿਚਾਰ ਸੀ ਕਿ “ਮੂਲ ਰਾਜ ਕੋਲ ਬਗ਼ਾਵਤ ਦੀ ਅਗਵਾਈ ਕਰਨ ਵਾਸਤੇ ਨਾ ਤਾਂ ਜਿਗਰਾ ਸੀ ਤੇ ਨਾ ਹੀ ਖ਼ਾਹਿਸ਼। ਇਹ ਤਾਂ ਐਡਵਾਰਡੇਜ਼ ਦੀਆਂ ਜ਼ਿਆਦਤੀਆਂ ਸਨ ਜਿਸ ਨੇ ਸਿੱਖਾਂ ਦੇ ਕੌਮੀ ਜਜ਼ਬਾਤ ਉਸ ਦੇ ਹੱਕ ਵਿਚ ਕਰ ਦਿੱਤੇ ਸਨ।”